ਖਾਦ ਪਦਾਰਥ ਖਰੀਦਣ ਤੋਂ ਪਹਿਲਾਂ ਮਿਆਦ ਸਮਾਪਤੀ ਤਾਰੀਖ ਜ਼ਰੂਰ ਜਾਂਚੋ: ਡਾ. ਭਾਟੀਆ
ਖਾਦ ਪਦਾਰਥ ਖਰੀਦਣ ਤੋਂ ਪਹਿਲਾਂ ਮਿਆਦ ਸਮਾਪਤੀ ਤਾਰੀਖ ਜ਼ਰੂਰ ਜਾਂਚੋ: ਡਾ. ਜਤਿੰਦਰ ਭਾਟੀਆ
Publish Date: Tue, 10 Feb 2026 06:54 PM (IST)
Updated Date: Wed, 11 Feb 2026 04:09 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਖਪਤਕਾਰਾਂ ਨੂੰ ਸੁਰੱਖਿਅਤ ਅਤੇ ਮਿਆਰੀ ਖਾਣ-ਪੀਣ ਦੇ ਪਦਾਰਥ ਉਪਲੱਬਧ ਕਰਵਾਉਣ ਲਈ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਮਿਆਦ ਪੁੱਗੇ ਖਾਦ ਪਦਾਰਥਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਦੇ ਹੁਕਮਾਂ ਹੇਠ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਬੀਰ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਜਤਿੰਦਰ ਭਾਟੀਆ ਦੀ ਅਗਵਾਈ ਵਿੱਚ ਫੂਡ ਸੇਫਟੀ ਅਫ਼ਸਰ ਇਸ਼ਾਨ ਬੰਸਲ ਅਤੇ ਟੀਮ ਵੱਲੋਂ ਮਾਲ ਰੋਡ ਹੁਸ਼ਿਆਰਪੁਰ ਨੇੜੇ ਸਥਿਤ ਇੱਕ ਆਊਟਲੈਟ ਦੀ ਜਾਂਚ ਕੀਤੀ ਗਈ। ਇਹ ਜਾਂਚ ਮਿਆਦ ਪੁੱਗੇ ਭੋਜਨ ਪਦਾਰਥਾਂ ਦੀ ਵਿਕਰੀ ਸਬੰਧੀ ਮਿਲੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਉਕਤ ਆਊਟਲੈਟ ’ਤੇ ਮਿਆਦ ਪੁੱਗੇ ਪੈਕ ਕੀਤੇ ਹੋਏ ਖਾਦ ਪਦਾਰਥ ਵਿਕਰੀ ਲਈ ਪ੍ਰਦਰਸ਼ਿਤ ਕੀਤੇ ਗਏ ਸਨ। ਡਾ. ਜਤਿੰਦਰ ਭਾਟੀਆ ਨੇ ਦੱਸਿਆ ਕਿ ਭੋਜਨ ਸੁਰੱਖਿਆ ਅਤੇ ਮਿਆਰ ਕਾਨੂੰਨ 2006 ਦੀਆਂ ਧਰਾਵਾਂ ਅਨੁਸਾਰ ਇਹ ਪਦਾਰਥ ਤੁਰੰਤ ਜ਼ਬਤ ਕਰ ਲਏ ਗਏ ਹਨ ਅਤੇ ਮਾਮਲੇ ਵਿੱਚ ਅੱਗੇ ਦੀ ਕਾਰਵਾਈ ਕਾਨੂੰਨ ਮੁਤਾਬਕ ਕੀਤੀ ਜਾਵੇਗੀ। ਉਨ੍ਹਾਂ ਨੇ ਜਨਤਾ ਨੂੰ ਅਪੀਲ ਕੀਤੀ ਕਿ ਭੋਜਨ ਪਦਾਰਥ ਖਰੀਦਣ ਤੋਂ ਪਹਿਲਾਂ ਉਸ ਦੀ ਬਣਾਉਣ ਦੀ ਤਾਰੀਖ ਅਤੇ ਮਿਆਦ ਸਮਾਪਤੀ ਦੀ ਤਾਰੀਖ ਜ਼ਰੂਰ ਜਾਂਚੀ ਜਾਵੇ ਤਾਂ ਜੋ ਸਿਹਤ ਨਾਲ ਕੋਈ ਸਮਝੌਤਾ ਨਾ ਹੋਵੇ।