ਦੋ ਵਿਅਕਤੀ ਗ੍ਰਿਫਤਾਰ, ਗੈਰ-ਕਾਨੂੰਨੀ ਸ਼ਰਾਬ ਦੀਆਂ ਬੋਤਲਾਂ ਬਰਾਮਦ
ਆਬਕਾਰੀ ਐਕਟ ਤਹਿਤ ਵੱਖ-ਵੱਖ ਮਾਮਲਿਆਂ ਵਿੱਚ ਦੋ ਵਿਅਕਤੀ ਗ੍ਰਿਫਤਾਰ, ਗੈਰਕਾਨੂੰਨੀ ਸ਼ਰਾਬ ਦੀਆਂ ਬੋਤਲਾਂ ਬਰਾਮਦ
Publish Date: Tue, 10 Feb 2026 06:52 PM (IST)
Updated Date: Wed, 11 Feb 2026 04:09 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਗੈਰ-ਕਾਨੂੰਨੀ ਸ਼ਰਾਬ ਦੀ ਤਸਕਰੀ ਅਤੇ ਵਿਕਰੀ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਆਬਕਾਰੀ ਐਕਟ ਦੀਆਂ ਸਬੰਧਤ ਧਾਰਾਵਾਂ ਅਧੀਨ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੋਵਾਂ ਮਾਮਲਿਆਂ ਵਿੱਚ ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਣ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਥਾਣਾ ਤਲਵਾੜਾ ਦੀ ਟੀਮ ਏਐੱਸਆਈ ਜੱਗਾ ਰਾਮ ਦੀ ਅਗਵਾਈ ਹੇਠ ਗਸ਼ਤ ਅਤੇ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਮੁਖ਼ਬਰ ਦੀ ਸੂਚਨਾ ਦੇ ਆਧਾਰ ‘ਤੇ ਸ਼ਾਹ ਨਹਿਰ ਪੁੱਲ ਪਿੰਡ ਚੰਗੜਵਾਂ ਨੇੜੇ ਨਾਕਾਬੰਦੀ ਕੀਤੀ ਗਈ। ਪੁਲਿਸ ਨੇ ਦੱਸਿਆ ਕਿ ਚੈਕਿੰਗ ਦੌਰਾਨ ਇੱਕ ਵਿਅਕਤੀ ਪਲਾਸਟਿਕ ਦਾ ਬੋਰਾ ਚੁੱਕੀ ਆਉਂਦਾ ਦਿਖਾਈ ਦਿੱਤਾ, ਜੋ ਪੁਲਿਸ ਨੂੰ ਦੇਖ ਕੇ ਮੁੜਨ ਲੱਗਾ। ਉਸ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਗਿਆ ਤਾਂ ਉਸ ਨੇ ਆਪਣਾ ਨਾਂ ਵਿਸ਼ਾਲ ਉਰਫ ਬਾਬਲਾ, ਵਾਸੀ ਪਿੰਡ ਸ੍ਰੀ ਪੰਡਾਇਣ ਦੱਸਿਆ। ਤਲਾਸ਼ੀ ਦੌਰਾਨ ਪੁਲਿਸ ਨੇ ਉਸਦੇ ਕਬਜ਼ੇ ’ਚੋਂ 23 ਬੋਤਲਾਂ (17250 ਮਿ.ਲੀ.) ਸ਼ਰਾਬ ਬਰਾਮਦ ਹੋਣ ਦਾ ਦਾਅਵਾ ਕੀਤਾ ਹੈ। ਥਾਣਾ ਮਾਹਿਲਪੁਰ ਪੁਲਿਸ ਨੇ ਏਐੱਸਆਈ ਗੁਲਸ਼ਨ ਮੁਹੰਮਦ ਦੀ ਅਗਵਾਈ ਹੇਠ ਨਵਾ ਬੱਸ ਅੱਡਾ ਮਾਹਿਲਪੁਰ ਨੇੜੇ ਚੈਕਿੰਗ ਦੌਰਾਨ ਇੱਕ ਨੌਜਵਾਨ ਨੂੰ ਕਾਬੂ ਕੀਤਾ। ਪੁਲਿਸ ਨੇ ਦੱਸਿਆ ਕਿ ਅਲਜ਼ਾਮੀ ਦੀ ਪਛਾਣ ਦਵਿੰਦਰ ਸੁਮਨ, ਵਾਸੀ ਸੈਲਾ ਖੁਰਦ ਵਜੋਂ ਹੋਈ ਹੈ। ਪੁਲਿਸ ਮੁਤਾਬਕ ਉਸ ਕੋਲੋਂ 11 ਬੋਤਲਾਂ ਪੰਜਾਬ ਕਲੱਬ ਕਿੰਗ ਵਿਸਕੀ (8250 ਮਿ.ਲੀ.) ਬਰਾਮਦ ਹੋਣ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਦੋਵਾਂ ਮਾਮਲਿਆਂ ਵਿੱਚ ਅੱਗੇ ਦੀ ਜਾਂਚ ਜਾਰੀ ਹੈ ਅਤੇ ਗੈਰਕਾਨੂੰਨੀ ਸ਼ਰਾਬ ਖ਼ਿਲਾਫ਼ ਕਾਰਵਾਈ ਹੋਰ ਤੇਜ਼ ਕੀਤੀ ਜਾ ਰਹੀ ਹੈ।