ਲੰਗਰ ਸੇਵਾ ਵਾਹਨਾਂ ਦੇ ਸਰਕਾਰੀ ਟੈਕਸ ਮੁਆਫ ਕਰਨ ਦੀ ਮੰਗ
ਲੰਗਰ ਸੇਵਾ ਵਾਹਨਾਂ ਦੇ ਸਰਕਾਰੀ ਟੈਕਸ ਮੁਆਫ ਕਰਨ ਦੀ ਮੰਗ, ਵਧੀਕ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ-ਪੱਤਰ
Publish Date: Tue, 10 Feb 2026 06:48 PM (IST)
Updated Date: Wed, 11 Feb 2026 04:09 AM (IST)

ਵਧੀਕ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ-ਪੱਤਰ ਸਟਾਫ ਰਿਪੋਰਟਰਕ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਧੰਨ ਗੁਰੂ ਰਾਮਦਾਸ ਲੰਗਰ ਸੇਵਾ ਸੰਸਥਾ, ਹੁਸ਼ਿਆਰਪੁਰ ਵੱਲੋਂ ਲੰਗਰ ਸੇਵਾ ਲਈ ਵਰਤੇ ਜਾਂਦੇ ਵਾਹਨਾਂ ਦੇ ਸਰਕਾਰੀ ਟੈਕਸ ਮੁਆਫ ਕਰਨ ਦੀ ਮੰਗ ਕੀਤੀ ਗਈ ਹੈ। ਸੰਸਥਾ ਦੇ ਮੁੱਖ ਸੇਵਾਦਾਰ ਗੁਰਲਿਆਕਤ ਸਿੰਘ ਬਰਾੜ ਨੇ ਕੁਲਵੰਤ ਸਿੰਘ ਸੈਣੀ ਜੱਲੋਵਾਲ ਅਤੇ ਬਲਵੀਰ ਸਿੰਘ ਸ਼ੇਰਗੜ੍ਹ ਦੇ ਨਾਲ ਮਿਲ ਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਹੁਸ਼ਿਆਰਪੁਰ ਅਮਰਬੀਰ ਕੌਰ ਭੁੱਲਰ ਨੂੰ ਮੰਗ-ਪੱਤਰ ਸੌਂਪਿਆ। ਉਨ੍ਹਾਂ ਬੇਨਤੀ ਕੀਤੀ ਕਿ ਸੰਸਥਾ ਵੱਲੋਂ ਪੰਜਾਬ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿੱਚ ਨਿਰੰਤਰ ਮੁਫ਼ਤ ਲੰਗਰ ਸੇਵਾ ਦਿੱਤੀ ਜਾ ਰਹੀ ਹੈ। ਇਸ ਸੇਵਾ ਲਈ ਲਗਭਗ 29 ਮਹਿੰਦਰਾ ਬਲੈਰੋ ਗੱਡੀਆਂ ਅਤੇ ਇੱਕ ਟਰੱਕ ਲਗਾਤਾਰ ਵਰਤੇ ਜਾ ਰਹੇ ਹਨ। ਸੇਵਾਦਾਰਾਂ ਨੇ ਦੱਸਿਆ ਕਿ ਇਹ ਵਾਹਨ ਸਿਰਫ਼ ਲੋਕ-ਸੇਵਾ ਲਈ ਹੀ ਵਰਤੇ ਜਾਂਦੇ ਹਨ ਅਤੇ ਇਨ੍ਹਾਂ ਤੋਂ ਸੰਸਥਾ ਨੂੰ ਕੋਈ ਆਮਦਨ ਨਹੀਂ ਹੁੰਦੀ। ਉਨ੍ਹਾਂ ਮੰਗ ਕੀਤੀ ਕਿ ਲੰਗਰ ਸੇਵਾ ਲਈ ਵਰਤੇ ਜਾ ਰਹੇ ਇਨ੍ਹਾਂ ਵਾਹਨਾਂ ਉੱਤੇ ਲੱਗਣ ਵਾਲੇ ਸਾਰੇ ਸਰਕਾਰੀ ਟੈਕਸ ਮੁਆਫ ਕੀਤੇ ਜਾਣ, ਤਾਂ ਜੋ ਬਚੀ ਰਕਮ ਨਾਲ ਸੇਵਾ ਕਾਰਜ ਨੂੰ ਹੋਰ ਵਧਾਇਆ ਜਾ ਸਕੇ। ਇਸ ਮੌਕੇ ਇਹ ਵੀ ਫੈਸਲਾ ਕੀਤਾ ਗਿਆ ਕਿ ਇਹ ਮੰਗ-ਪੱਤਰ ਹੁਸ਼ਿਆਰਪੁਰ ਨਾਲ ਸਬੰਧਤ ਸਾਰੇ ਵਿਧਾਇਕਾਂ ਨੂੰ ਵੀ ਸੌਂਪਿਆ ਜਾਵੇਗਾ। ਸੰਸਥਾ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਲੋਕ-ਸੇਵਾ ਦੇ ਮਹੱਤਵ ਨੂੰ ਦੇਖਦਿਆਂ ਲੰਗਰ ਵਾਹਨਾਂ ਦੇ ਟੈਕਸ ਮੁਆਫ ਕੀਤੇ ਜਾਣ।