‘ਘੂਸਖੋਰ ਪੰਡਿਤ’ ਫਿਲਮ ਦੇ ਸਿਰਲੇਖ ਤੇ ਟ੍ਰੇਲਰ ਖ਼ਿਲਾਫ਼ ਸ਼ਿਕਾਇਤ
“ਘੁਸਖੋਰ ਪੰਡਿਤ” ਫਿਲਮ ਦੇ ਸਿਰਲੇਖ ਤੇ ਟ੍ਰੇਲਰ ਖ਼ਿਲਾਫ਼ ਸਿਟੀ ਥਾਣੇ ਵਿੱਚ ਸ਼ਿਕਾਇਤ, ਐਫ.ਆਈ.ਆਰ. ਦਰਜ ਕਰਨ ਦੀ ਮੰਗ
Publish Date: Tue, 10 Feb 2026 06:45 PM (IST)
Updated Date: Wed, 11 Feb 2026 04:09 AM (IST)

ਐੱਫਆਈਆਰ ਦਰਜ ਕਰਨ ਦੀ ਮੰਗ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਨੈੱਟਫਲਿਕਸ ਪਲੇਟਫਾਰਮ ’ਤੇ ਪ੍ਰਸਾਰਿਤ ਫਿਲਮ ‘ਘੂਸਖੋਰ ਪੰਡਿਤ’ ਦੇ ਕਥਿਤ ਇਤਰਾਜ਼ਯੋਗ ਸਿਰਲੇਖ ਤੇ ਟ੍ਰੇਲਰ ਰਾਹੀਂ ਬ੍ਰਾਹਮਣ ਭਾਈਚਾਰੇ ਦੇ ਅਕਸ ਨੂੰ ਜਾਣਬੁੱਝ ਕੇ ਖਰਾਬ ਕਰਨ ਦੇ ਦੋਸ਼ਾਂ ਹੇਠ ਸ਼੍ਰੀ ਭਗਵਾਨ ਪਰਸ਼ੂਰਾਮ ਸੈਨਾ ਵੱਲੋਂ ਸਿਟੀ ਥਾਣੇ ਦੇ ਐੱਸਐੱਚਓ ਗੁਰਸਾਹਿਬ ਸਿੰਘ ਨੂੰ ਇਕ ਲਿਖਤੀ ਸ਼ਿਕਾਇਤ ਸੌਂਪੀ ਗਈ। ਸੰਗਠਨ ਦੇ ਸੂਬਾ ਪ੍ਰਧਾਨ ਆਸ਼ੂਤੋਸ਼ ਸ਼ਰਮਾ ਨੇ ਦੱਸਿਆ ਕਿ ਟ੍ਰੇਲਰ ’ਚ ਅਦਾਕਾਰ ਮਨੋਜ ਬਾਜਪਾਈ ਨੂੰ ਪੁਲਿਸ ਵਰਦੀ ’ਚ ‘ਘੂਸਖੋਰ ਪੰਡਿਤ’ ਵਜੋਂ ਦਰਸਾਇਆ ਗਿਆ ਹੈ, ਜਿਸ ਨਾਲ ਪੰਡਿਤ/ਬ੍ਰਾਹਮਣ ਸ਼ਬਦ ਨੂੰ ਸਿੱਧੇ ਤੌਰ ’ਤੇ ਭ੍ਰਿਸ਼ਟਾਚਾਰ ਨਾਲ ਜੋੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ਼ ਬ੍ਰਾਹਮਣ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਸਗੋਂ ਪੁਲਿਸ ਤੇ ਹੋਰ ਜਨਤਕ ਸੇਵਾਵਾਂ ’ਚ ਕੰਮ ਕਰ ਰਹੇ ਇਮਾਨਦਾਰ ਬ੍ਰਾਹਮਣ ਅਧਿਕਾਰੀਆਂ ਨੂੰ ਵੀ ਸਮੂਹਿਕ ਤੌਰ ’ਤੇ ਬਦਨਾਮ ਕੀਤਾ ਗਿਆ ਹੈ। ਸ਼੍ਰੀ ਭਗਵਾਨ ਪਰਸ਼ੂਰਾਮ ਸੈਨਾ ਦੇ ਅਹੁਦੇਦਾਰਾਂ ਵੱਲੋਂ ਇਸ ਮਾਮਲੇ ’ਚ ਅਦਾਕਾਰ ਮਨੋਜ ਬਾਜਪਾਈ, ਨਿਰਮਾਤਾ/ਨਿਰਦੇਸ਼ਕ ਨੀਰਜ ਪਾਂਡੇ, ਨੈੱਟਫਲਿਕਸ ਇੰਡੀਆ ਦੀ ਸੀਨੀਅਰ ਅਧਿਕਾਰੀ ਮੋਨਿਕਾ ਸ਼ੇਰਗਿੱਲ ਤੇ ਪਟਕਥਾ ਲੇਖਕ ਰਿਤੇਸ਼ ਸ਼ਾਹ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ ਤੇ ਸੂਚਨਾ ਤਕਨਾਲੋਜੀ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਤੁਰੰਤ ਐੱਫਆਈਆਰ ਦਰਜ ਕੀਤੀ ਜਾਣ ਦੀ ਮੰਗ ਕੀਤੀ ਗਈ ਹੈ ਤੇ ਨਾਲ ਹੀ ਨੈੱਟਫਲਿਕਸ ਇੰਡੀਆ ਦੀ ਭੂਮਿਕਾ ਦੀ ਡੂੰਘਾਈ ਨਾਲ ਜਾਂਚ ਦੀ ਮੰਗ ਵੀ ਕੀਤੀ ਗਈ ਹੈ। ਇਸ ਮੌਕੇ ਸ਼੍ਰੀ ਭਗਵਾਨ ਪਰਸ਼ੂਰਾਮ ਸੈਨਾ ਦੇ ਕਾਨੂੰਨੀ ਸੈੱਲ ਤੋਂ ਅਕਸ਼ੈ ਕੁਮਾਰ, ਅਨਮੋਲ ਹਾਂਡਾ ਤੇ ਸ਼ਿਵ ਸੈਨਾ ਹਿੰਦੁਸਤਾਨ ਦੇ ਸੂਬਾ ਪ੍ਰਧਾਨ ਰਾਜਿੰਦਰ ਰਾਣਾ ਵੀ ਮੌਜੂਦ ਸਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਤੁਰੰਤ ਐੱਫਆਈਆਰ ਦਰਜ ਨਾ ਹੋਈ ਤਾਂ ਮਾਮਲਾ ਸੀਨੀਅਰ ਪੁਲਿਸ ਅਧਿਕਾਰੀਆਂ, ਸੂਚਨਾ ਤੇ ਪ੍ਰਸਾਰਣ ਮੰਤਰਾਲੇ ਅਤੇ ਅਦਾਲਤ ਤੱਕ ਲਿਜਾਇਆ ਜਾਵੇਗਾ।