ਆਪਰੇਸ਼ਨ ‘ਪ੍ਰਹਾਰ-2’ : ਪੁਲਿਸ ਵੱਲੋਂ ਕਰੀਬ 300 ਛਾਪੇ, 125 ਦੇ ਕਰੀਬ ਅਪਰਾਧੀ ਗ੍ਰਿਫ਼ਤਾਰ
ਆਪਰੇਸ਼ਨ ‘ਪ੍ਰਹਾਰ-2’ ਤਹਿਤ ਪੁਲਿਸ ਵੱਲੋਂ ਕਰੀਬ 300 ਛਾਪੇ, 125 ਦੇ ਕਰੀਬ ਅਪਰਾਧੀ ਗ੍ਰਿਫ਼ਤਾਰ: ਏਡੀਜੀਪੀ ਸ਼ਿਵੇ ਕੁਮਾਰ ਵਰਮਾ
Publish Date: Tue, 10 Feb 2026 06:35 PM (IST)
Updated Date: Wed, 11 Feb 2026 04:08 AM (IST)

72 ਘੰਟਿਆਂ ਲਈ ਚਲਾਇਆ ਗਿਆ ਆਪ੍ਰੇਸ਼ਨ, 11 ਫਰਵਰੀ ਤੱਕ ਰਹੇਗਾ ਜਾਰੀ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਪੰਜਾਬ ’ਚ ਅਪਰਾਧੀਆਂ ਖ਼ਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ’ਚ ਆਪ੍ਰੇਸ਼ਨ ‘ਪ੍ਰਹਾਰ-2’ ਤਹਿਤ ਵਿਸ਼ੇਸ਼ ਮੁਹਿੰਮ ਜਾਰੀ ਹੈ। ਪੰਜਾਬ ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ), ਇੰਟਰਨਲ ਸਕਿਓਰਿਟੀ, ਸ਼ਿਵੇ ਕੁਮਾਰ ਵਰਮਾ ਨੇ ਮੰਗਲਵਾਰ ਨੂੰ ਦੱਸਿਆ ਕਿ ਇਹ ਆਪ੍ਰੇਸ਼ਨ 72 ਘੰਟਿਆਂ ਲਈ ਚਲਾਇਆ ਗਿਆ ਹੈ, ਜੋ 9 ਫਰਵਰੀ ਸਵੇਰੇ 7 ਵਜੇ ਸ਼ੁਰੂ ਹੋਇਆ ਸੀ ਤੇ 11 ਫਰਵਰੀ ਤੱਕ ਜਾਰੀ ਰਹੇਗਾ। ਹੁਸ਼ਿਆਰਪੁਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਏਡੀਜੀਪੀ ਨੇ ਕਿਹਾ ਕਿ ਇਸ ਤੋਂ ਪਹਿਲਾਂ 20, 21 ਤੇ 22 ਜਨਵਰੀ ਨੂੰ ਚਲਾਏ ਗਏ ‘ਆਪ੍ਰੇਸ਼ਨ ਪ੍ਰਹਾਰ-1’ ਦੌਰਾਨ ਵੀ ਪੁਲਿਸ ਨੂੰ ਬਹੁਤ ਵਧੀਆ ਨਤੀਜੇ ਮਿਲੇ ਸਨ। ਉਨ੍ਹਾਂ ਦੱਸਿਆ ਕਿ ‘ਪ੍ਰਹਾਰ-2’ ਤਹਿਤ ਪੂਰੀ ਯੋਜਨਾਬੱਧ ਤਰੀਕੇ ਨਾਲ ਗੈਂਗਸਟਰਾਂ, ਜ਼ਮਾਨਤ ‘ਤੇ ਬਾਹਰ ਆਏ ਅਪਰਾਧੀਆਂ, ਘੋਸ਼ਿਤ ਭਗੌੜਿਆਂ, ਮਰਡਰ, ਅਟੈਂਪਟ ਟੂ ਮਰਡਰ, ਬਲਾਤਕਾਰ ਤੇ ਆਰਮਜ਼ ਐਕਟ ਦੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਏਡੀਜੀਪੀ ਨੇ ਕਿਹਾ ਕਿ ਇਸ ਵਿਸ਼ੇਸ਼ ਮੁਹਿੰਮ ’ਚ ਲਗਭਗ 450 ਪੁਲਿਸ ਜਵਾਨ ਤਾਇਨਾਤ ਕੀਤੇ ਗਏ ਹਨ ਤੇ 60 ਟੀਮਾਂ ਬਣਾ ਕੇ ਜ਼ਿਲ੍ਹੇ ਦੇ ਵੱਖ-ਵੱਖ ਸਬ-ਡਵੀਜ਼ਨਾਂ ਤੇ ਥਾਣਾ ਪੱਧਰ ’ਤੇ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਮੁਤਾਬਕ ਪੁਲਿਸ ਵੱਲੋਂ ਹੋਟਲਾਂ, ਬੱਸ ਸਟੈਂਡਾਂ ਤੇ ਹੋਰ ਜਨਤਕ ਥਾਵਾਂ ‘ਤੇ ਵੀ ਚੈਕਿੰਗ ਮੁਹਿੰਮ ਤੇਜ਼ ਕੀਤੀ ਗਈ ਹੈ। ਬਾਕਸ-- ਕਾਰਵਾਈ ਦੌਰਾਨ 3 ਪਿਸਤੌਲਾਂ, ਨਸ਼ੇ ਵਾਲੇ ਪਦਾਰਥ, ਸ਼ਰਾਬ ਤੇ ਚੋਰੀ ਦੇ ਮੋਟਰਸਾਈਕਲ ਵੀ ਬਰਾਮਦ ਏਡੀਜੀਪੀ ਨੇ ਖੁਲਾਸਾ ਕੀਤਾ ਕਿ ਆਪ੍ਰੇਸ਼ਨ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਪੁਲਿਸ ਵੱਲੋਂ ਕਰੀਬ 300 ਛਾਪੇਮਾਰੀਆਂ ਕੀਤੀਆਂ ਗਈਆਂ ਹਨ ਤੇ 125 ਦੇ ਕਰੀਬ ਅਪਰਾਧੀਆਂ ਨੂੰ ਪ੍ਰੀਵੈਂਟਿਵ ਕਾਰਵਾਈ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ’ਚ ਘੋਸ਼ਿਤ ਅਪਰਾਧੀ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪੁਲਿਸ ਨੇ ਕਾਰਵਾਈ ਦੌਰਾਨ ਤਿੰਨ ਪਿਸਤੌਲਾਂ, ਨਸ਼ੇ ਵਾਲੇ ਪਦਾਰਥ, ਸ਼ਰਾਬ ਤੇ ਚੋਰੀ ਦੇ ਮੋਟਰਸਾਈਕਲ ਵੀ ਬਰਾਮਦ ਕੀਤੇ ਹਨ। ਏਡੀਜੀਪੀ ਨੇ ਦੱਸਿਆ ਕਿ ਆਪ੍ਰੇਸ਼ਨ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਜ਼ਿਲ੍ਹੇ ਨੂੰ ਬਾਹਰੋਂ ਵੀ ਲੱਗਭਗ 150 ਵਾਧੂ ਪੁਲਿਸ ਮੁਲਾਜ਼ਮ ਮੁਹੱਈਆ ਕਰਵਾਏ ਗਏ ਹਨ ਤਾਂ ਜੋ ਮੈਨਪਾਵਰ ਦੀ ਕੋਈ ਕਮੀ ਨਾ ਰਹੇ। ਉਨ੍ਹਾਂ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ’ਤੇ ਨਜ਼ਰ ਰੱਖਣ ਤੇ ਯਕੀਨੀ ਬਣਾਉਣ ਕਿ ਉਹ ਗਲਤ ਰਾਹ ’ਤੇ ਨਾ ਪੈਣ। ਨਾਲ ਹੀ ਸਮਾਜ ਤੇ ਪਿੰਡਾਂ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇ ਕੋਈ ਨੌਜਵਾਨ ਗਲਤ ਗਤੀਵਿਧੀਆਂ ਵੱਲ ਵੱਧ ਰਿਹਾ ਹੋਵੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਏਡੀਜੀਪੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਅਸਲਾ ਲਾਇਸੈਂਸ ਜਾਰੀ ਕਰਨ ਤੇ ਰੱਦ ਕਰਨ ਦੀ ਪ੍ਰਕਿਰਿਆ ਨੂੰ ਹੋਰ ਸਖ਼ਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਤੋਂ ਰਿਹਾਅ ਹੋ ਕੇ ਆਉਣ ਵਾਲੇ ਅਪਰਾਧੀ ਪੁਲਿਸ ਦੇ ਰਾਡਾਰ ’ਤੇ ਰਹਿੰਦੇ ਹਨ ਤੇ ਉਨ੍ਹਾਂ ਦੀਆਂ ਗਤੀਵਿਧੀਆਂ ’ਤੇ ਨਿਰੰਤਰ ਨਿਗਰਾਨੀ ਕੀਤੀ ਜਾਂਦੀ ਹੈ।