ਸਰਕਾਰੀ ਹਾਈ ਸਕੂਲ ਫਤਿਹਗੜ੍ਹ ’ਚ ਜਾਗਰੂਕਤਾ ਪ੍ਰੋਗਰਾਮ
ਸੇਫਰ ਇੰਟਰਨੈਟ ਡੇਅ ‘ਤੇ ਸਰਕਾਰੀ ਹਾਈ ਸਕੂਲ ਫਤਿਹਗੜ੍ਹ ‘ਚ ਕਰਵਾਇਆ ਗਿਆ ਜਾਗਰੂਕਤਾ ਪ੍ਰੋਗਰਾਮ
Publish Date: Tue, 10 Feb 2026 06:01 PM (IST)
Updated Date: Wed, 11 Feb 2026 04:06 AM (IST)

ਐੱਨਆਈਸੀ ਵੱਲੋਂ ਵਿਦਿਆਰਥੀਆਂ ਨੂੰ ਇੰਟਰਨੈਟ ਦੀ ਸੁਰੱਖਿਅਤ ਤੇ ਜ਼ਿੰਮੇਵਾਰ ਵਰਤੋਂ ਬਾਰੇ ਦਿੱਤੀ ਜਾਣਕਾਰੀ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸਰਕਾਰੀ ਹਾਈ ਸਕੂਲ ਫਤਿਹਗੜ੍ਹ ਵਿਚ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ (ਐੱਨਆਈਸੀ) ਵੱਲੋਂ ਸੇਫਰ ਇੰਟਰਨੈਟ ਡੇਅ ‘ਤੇ ਇਕ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਇੰਟਰਨੈਟ ਦੇ ਸੁਰੱਖਿਅਤ ਅਤੇ ਜ਼ਿੰਮੇਵਾਰ ਵਰਤੋਂ ਪ੍ਰਤੀ ਜਾਗਰੂਕ ਕਰਨਾ ਸੀ। ਇਸ ਮੌਕੇ ਡੀਆਈਓ ਰਿੰਕੀ ਅਤੇ ਜ਼ਿਲ੍ਹਾ ਰੋਲਆਊਟ ਮੈਨੇਜਰ ਜਸਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਸਾਈਬਰ ਸੁਰੱਖਿਆ ਦੇ ਮਹੱਤਵ, ਸਾਈਬਰ ਹਾਈਜੀਨ ਅਤੇ ਸੁਰੱਖਿਅਤ ਇੰਟਰਨੈੱਟ ਵਰਤੋਂ ਦੇ ਤਰੀਕਿਆਂ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸਕੂਲ ਦੇ ਪ੍ਰਿੰਸੀਪਲ ਮਨੋਜ ਕੁਮਾਰ ਨੇ ਵੀ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਅਤੇ ਬੱਚਿਆਂ ਨੂੰ ਡਿਜੀਟਲ ਦੁਨੀਆ ਵਿੱਚ ਸਾਵਧਾਨ ਰਹਿਣ ਲਈ ਪ੍ਰੇਰਿਤ ਕੀਤਾ। ਡੀਆਈਓ ਰਿੰਕੀ ਨੇ ਵਿਦਿਆਰਥੀਆਂ ਨਾਲ ਇੰਟਰਨੈਟ ਸੁਰੱਖਿਆ ਦੇ ਵੱਖ-ਵੱਖ ਪਹਿਲੂਆਂ ਜਿਵੇਂ ਕਿ ਮਜ਼ਬੂਤ ਪਾਸਵਰਡ ਦੀ ਵਰਤੋਂ, ਡਾਟਾ ਪ੍ਰਾਈਵੇਸੀ, ਆਨਲਾਈਨ ਫਰਾਡ ਤੋਂ ਬਚਾਅ ਅਤੇ ਹੋਰ ਡਿਜੀਟਲ ਪਲੇਟਫਾਰਮਜ਼ ‘ਤੇ ਚੌਕਸ ਰਹਿਣ ਦੇ ਉਪਾਵਾਂ ‘ਤੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਭਾਰਤ ਵਿਚ ਇੰਟਰਨੈਟ ਉਪਭੋਗਤਾਵਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ, ਵਿਸ਼ੇਸ਼ ਕਰਕੇ ਟਿਅਰ-1,ਟਿਅਰ-2 ਅਤੇ ਟਿਅਰ-3 ਸ਼ਹਿਰਾਂ ਅਤੇ ਪੇਂਡੂ ਹਲਕਿਆਂ ਵਿਚ ਇਸ ਡਿਜੀਟਲ ਵਿਕਾਸ ਨਾਲ ਹੀ ਸਾਈਬਰ ਖਤਰਿਆਂ ਵਿਚ ਵੀ ਕਾਫੀ ਵਾਧਾ ਹੋਇਆ ਹੈ। ਇਸ ਲਈ ਇੰਟਰਨੈਟ ਦੀ ਸੁਰੱਖਿਅਤ ਵਰਤੋ ਅਤੇ ਸਾਈਬਰ ਸੁਰੱਖਿਆ ਉਪਾਵਾਂ ਨੂੰ ਅਪਣਾਉਣਾ ਜ਼ਰੂਰੀ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਸੇਫਰ ਇੰਟਰਨੈਟ ਡੇਅ ਦੀ ਥੀਮ ਹੈ- ‘ਸਟੇਅ ਅਲਰਟ ਇਨ ਦਾ ਏਜ ਆਫ਼ ਏਆਈ: ਸੇਫ ਐਂਡ ਰਿਸਪੋਂਸੀਬਲ ਯੂਜ ਆਫ਼ ਏਆਈ’ ਜਿਸ ਨੂੰ ਵਿਸ਼ਵ ਪੱਧਰ ‘ਤੇ ਹਰ ਸਾਲ ਫਰਵਰੀ ਦੇ ਦੂਸਰੇ ਮੰਗਲਵਾਰ ਨੂੰ ਮਨਾਇਆ ਜਾਂਦ ਹੈ। ਇਸ ਪਹਿਲ ਤਹਿਤ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ ਵੱਲੋਂ ਸੂਚਨਾ ਸੁਰੱਖਿਆ ਸਿੱਖਿਆ ਅਤੇ ਜਾਗਰੂਕਤਾ (ਆਈਐੱਸਈਏ) ਪ੍ਰੋਜੈਕਟ ਦੇ ਤਹਿਤ ਦੇਸ਼ ਭਰ ਵਿਚ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਪ੍ਰੋਗਰਾਮ ਦੇ ਅਖੀਰ ਵਿਚ ਵਿਦਿਆਰਥੀਆਂ ਨੂੰ ਏਆਈ, ਸਾਈਬਰ ਸੁਰੱਖਿਆ ਨਾਲ ਸਬੰਧਤ ਕੁਇਜ਼ ਅਤੇ ਇੰਟਰਐਕਟਿਵ ਸੈਸ਼ਨਾਂ ਰਾਹੀਂ ਭਾਗ ਲੈਣ ਦਾ ਮੌਕਾ ਪ੍ਰਦਾਨ ਕੀਤਾ ਗਿਆ। ਇਸ ਜਾਗਰੂਕਤਾ ਮੁਹਿੰਮ ਦਾ ਮੁੱਖ ਉਦੇਸ਼ ਭਵਿੱਖ ਦੇ ਡਿਜੀਟਲ ਨਾਗਰਿਕਾਂ ਨੂੰ ਸਾਈਬਰ ਖਤਰਿਆਂ ਪ੍ਰਤੀ ਜਾਗਰੂਕ ਕਰਨਾ ਅਤੇ ਜ਼ਿੰਮੇਵਾਰੀ ਨਾਲ ਇੰਟਰਨੈਟ ਦੀ ਵਰਤੋਂ ਕਰਨਾ ਸਿਖਾਉਣਾ ਹੈ। ਇਸ ਮੌਕੇ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਅਤੇ ਸਟੇਸ਼ਨਰੀ ਵੀ ਵੰਡੀ ਗਈ। ਇਸ ਮੌਕੇ ‘ਤੇ ਨੈਟਵਰਕ ਇੰਜੀਨੀਅਰ ਰਾਜਨਦੀਪ ਸੋਹਲ, ਤਜਿੰਦਰ ਸਿੰਘ ਤੋਂ ਇਲਾਵਾ ਸਕੂਲ ਅਧਿਆਪਕਾਂ ਵਿਚੋਂ ਆਰਤੀ, ਬਲਵਿੰਦਰ ਕੌਰ, ਪੂਜਾ ਰਾਣੀ, ਨਰੇਸ਼ ਕੁਮਾਰ, ਰੇਨੂੰ ਭਾਟੀਆ, ਪਰਮਿੰਦਰ ਕੌਰ, ਰੁਪਿੰਦਰ ਕੌਰ, ਗੁਰਪ੍ਰੀਤ ਕੌਰ ਅਤੇ ਵਰਿੰਦਰ ਸਿੰਘ ਵੀ ਮੌਜੂਦ ਸਨ।