‘ਘਰ-ਘਰ ਦੇ ਵਿੱਚ ਚੱਲੀ ਗੱਲ, ਚੰਨੀ ਨੇ ਲਏ ਬਿਜਲੀ ਦੇ ਖੰਭੇ ਮੱਲ’
ਘਰ ਘਰ ਦੇ ਵਿੱਚ ਚੱਲੀ ਗੱਲ, ਚੰਨੀ ਨੇ ਲਏ ਬਿਜਲੀ ਦੇ ਖੰਭੇ ਮੱਲ
Publish Date: Tue, 10 Feb 2026 05:50 PM (IST)
Updated Date: Wed, 11 Feb 2026 04:06 AM (IST)

ਦਸੂਹਾ ਵਿਧਾਨ ਸਭਾ ਹਲਕੇ ਦੀਆਂ ਸੜਕਾਂ ਸਮੇਤ ਬਿਜਲੀ ਦੇ ਖੰਭਿਆਂ ’ਤੇ ਲੱਗੇ ਸਿਆਸੀ ਹੋਰਡਿੰਗ ਦੇਸ ਰਾਜ, ਪੰਜਾਬੀ ਜਾਗਰਣ, ਦਾਤਾਰਪੁਰ : ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਸਿਰ ’ਤੇ ਦੇਖਦਿਆਂ ਸਿਆਸੀ ਆਗੂਆਂ ਨੇ ਆਪਣੀ ਮਸ਼ਹੂਰੀ ਲਈ ਸਿਆਸੀ ਹੋਰਡਿੰਗਾਂ ਦੀ ਭਰਮਾਰ ਕਰ ਦਿੱਤੀ ਹੈ। ਇਲਾਕੇ ਦੇ ਕਸਬਾ ਦਾਤਾਰਪੁਰ, ਕਮਾਹੀ ਦੇਵੀ, ਅੱਡਾ ਝੀਰ ਦਾ ਖੂਹ, ਤਲਵਾੜਾ, ਹਾਜੀਪੁਰ ਦਸੂਹਾ ਮਾਰਗ ਸਮੇਤ ਦਸੂਹਾ ਵਿਧਾਨ ਸਭਾ ਹਲਕੇ ਦੀ ਕੋਈ ਅਜਿਹੀ ਸੜਕ ਜਾਂ ਬਿਜਲੀ ਦਾ ਖੰਭਾ ਨਹੀਂ ਹੈ, ਜਿੱਥੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨੇੜਲੇ ਮੰਨੇ ਜਾਂਦੇ ਸੰਨੀ ਮਹਿਤਾ ਵੱਲੋਂ ਸਿਆਸੀ ਹੋਰਡਿੰਗ ਨਾ ਲਾਏ ਗਏ ਹੋਣ। ਹੋਰਡਿੰਗਾਂ ’ਤੇ ਲਿਖੇ ਸਲੋਗਨ ‘ਘਰ ਘਰ ਦੇ ਵਿੱਚ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ’ ਦੀ ਜਗ੍ਹਾ ਲੋਕਾਂ ਨੇ ਨਵੇਂ ਸਲੋਗਨ ਗੁਣਗੁਣਾਉਣੇ ਸ਼ੁਰੂ ਕਰ ਦਿੱਤੇ ਹਨ ਕਿ ‘ਘਰ ਘਰ ਦੇ ਵਿੱਚ ਚੱਲੀ ਗੱਲ, ਚੰਨੀ ਨੇ ਲਏ ਬਿਜਲੀ ਦੇ ਖੰਭੇ ਮੱਲ।’ ਹਾਲਾਂਕਿ ਸੜਕਾਂ ਤੇ ਬਿਜਲੀ ਦੇ ਖੰਭਿਆ ’ਤੇ ਆਗੂਆਂ ਦੀ ਮਸ਼ਹੂਰੀ ਲਈ ਸਿਆਸੀ ਹੋਰਡਿੰਗ ਲਾਉਣ ਦੀ ਮਨਾਹੀ ਹੈ। ਜਾਣਕਾਰੀ ਅਨੁਸਾਰ ਦਸੂਹਾ ਵਿਧਾਨ ਸਭਾ ਹਲਕੇ ਅਧੀਨ ਪੈਂਦੀ ਹਰ ਲਿੰਕ ਤੇ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਅਧੀਨ ਬਣੀ ਸੜਕ ਸਮੇਤ ਕੌਮੀ ਤੇ ਰਾਜ ਮਾਰਗ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਦੇ ਹੋਰਡਿੰਗਾਂ ਨਾਲ ਭਰੇ ਹੋਏ ਹਨ। ਬਿਜਲੀ ਦੇ ਖੰਭਿਆਂ ’ਤੇ ਇਸ ਦੀ ਭਰਮਾਰ ਆਮ ਹੀ ਦੇਖਣ ਨੂੰ ਮਿਲਦੀ ਹੈ। ਅੱਡਾ ਝੀਰ ਦਾ ਖੂਹ ਦੇ ਚੌਕ ਤੋਂ ਹਾਜੀਪੁਰ ਦੇ ਟੀ-ਪੁਆਇੰਟ ਤੇ ਤਲਵਾੜਾ ਤੋਂ ਦੌਲਤਪੁਰ ਤੱਕ ਇਹ ‘ਚੰਨੀ ਕਰਦਾ ਮਸਲੇ ਹੱਲ’ ਵਾਲੇ ਹੋਰਡਿੰਗ ਸੜਕਾਂ ਦੀ ਸ਼ਾਨ ਬਣੇ ਹੋਏ ਹਨ। ਅੱਡਾ ਝੀਰ ਦਾਖੂਹ ਤੋਂ ਕਮਾਹੀ ਦੇਵੀ ਤੇ ਸੰਸਾਰਪੁਰ ਮੱਕੋਵਾਲ ਆਦਿ ਰੋਡ ਵੀ ਇਨ੍ਹਾਂ ਹੋਰਡਿੰਗਾਂ ਨਾਲ ਭਰੇ ਹੋਏ ਹਨ। ਦਸੂਹਾ ਵਿਧਾਨ ਸਭਾ ਹਲਕੇ ਦੇ ਕੋਈ ਵਿਰਲਾ ਹੀ ਖੰਭਾ ਹੋਵੇਗਾ, ਜਿੱਥੇ ਇਹ ਨਾ ਟੰਗੇ ਗਏ ਹੋਣ। ਹਾਲਾਂਕਿ ਬਿਜਲੀ ਦੇ ਖੰਭਿਆਂ ’ਤੇ ਹੋਰਡਿੰਗ ਲਾਉਣ ਦੀ ਮਨਾਹੀ ਹੈ, ਕਿਉਂਕਿ ਇਹ ਹਾਦਸਿਆਂ ਦਾ ਕਾਰਨ ਬਣਦੇ ਹਨ। ਕਈ ਥਾਂਵੇ ਤਾਂ ਇਹ ਹੋਰਡਿੰਗ ਆਂਡਿਆਂ ਵਾਲੀਆਂ ਰੇਹੜੀਆਂ ਤੇ ਦਾਤਾਰਪੁਰ ਦੇ ਟੈਕਸੀ ਸਟੈਂਡ ਦਾ ਕੈਬਿਨ ਬਣਾਉਣ ਲਈ ਵਰਤੇ ਗਏ ਹਨ, ਜਿਸ ਤੋਂ ਸਪੱਸ਼ਟ ਹੈ ਕਿ ਲੋਕ ਅਜਿਹੇ ਹੋਰਡਿੰਗਾਂ ਨੂੰ ਕਿਸ ਲਹਿਜੇ ਤੋਂ ਲੈਂਦੇ ਹਨ। ਹਲਕੇ ਦੇ ਇੱਕ ਆਗੂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਜਿਹੜੇ ਲੀਡਰ ਆਪਣੇ ਆਪ ਨੂੰ ਕੇਵਲ ਹੋਰਡਿੰਗਾਂ ਵਿੱਚ ਚਮਕਾ ਕੇ ਵੱਡੇ ਆਗੂ ਬਨਣ ਦੀ ਹੋੜ ਵਿੱਚ ਹਨ, ਉਹ ਇਹ ਵੀ ਧਿਆਨ ਮਾਰ ਲੈਣ ਕਿ ਉਹ ਪਿਛਲੇ 4 ਸਾਲ ਤੋਂ ਕਿੱਥੇ ਸਨ ਅਤੇ ਕਿਹੜੇ ਸੰਘਰਸ਼ ਜਾਂ ਪਾਰਟੀ ਮੀਟਿੰਗ ਵਿੱਚ ਆਏ ਹਨ। ਉਨ੍ਹਾ ਵਲੋਂ ਕੰਢੀ ਦੇ ਸਭ ਤੋਂ ਗੰਭੀਰ ਮੁੱਦੇ ਮਾਈਨਿੰਗ ‘ਤੇ ਉਨ੍ਹਾਂ ਦੀ ਪਹੁੰਚ ਕੀ ਹੈ। ਉਨ੍ਹਾ ਤੰਜ ਕੱਸਦਿਆਂ ਕਿਹਾ ਕਿ ਭਾਵੇਂ ਕਿ ਸਾਬਕਾ ਮੁੱਖ ਮੰਤਰੀ ਚੰਨੀ ਵੱਡੇ ਆਗੂ ਹਨ, ਪਰ ਕੇਵਲ ਚੰਨੀ ਦੇ ਨਾਮ ‘ਤੇ ਤਾਂ ਅਜਿਹੇ ਨਾਮ ਚਮਕਾਉਣ ਵਾਲੇ ਆਗੂਆਂ ਦੀ ਬੇੜੀ ਪਾਰ ਨਹੀਂ ਲੱਗਣੀ। ਇਸ ਲਈ ਹੋਰਡਿੰਗਾਂ ਦੀ ਥਾਂ ਹਕੀਕੀ ਰੂਪ ਵਿੱਚ ਲੋਕਾਂ ਨਾਲ ਖੜ੍ਹਨਾ ਪਵੇਗਾ।