ਧਾਰਮਿਕ ਮਾਮਲਿਆਂ ’ਚ ਦਖਲਅੰਦਾਜ਼ੀ ਬਰਦਾਸ਼ਤ ਨਹੀਂ : ਧਾਮੀ
ਸੂਬਾ ਸਰਕਾਰ ਦੀ ਧਾਰਮਿਕ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਬਰਦਾਸ਼ਤ ਨਹੀਂ " ਐਸਜੀਪੀਸੀ ਪ੍ਰਧਾਨ ਧਾਮੀ "
Publish Date: Tue, 10 Feb 2026 05:40 PM (IST)
Updated Date: Wed, 11 Feb 2026 04:03 AM (IST)

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ: ਭਗਵੰਤ ਮਾਨ ਸਰਕਾਰ ਲੋਕਾਂ ਨੂੰ ਸਾਫ ਸੁਥਰਾ , ਡਰ ਤੇ ਭੈਅ ਰਹਿਤ ਰਾਜ ਦੇਣ ਦੀ ਬਜਾਏ ਐੱਸਜੀਪੀਸੀ ਦੇ ਧਾਰਮਿਕ ਮਾਮਲਿਆਂ ’ਚ ਦਖਲਅੰਦਾਜ਼ੀ ਕਰ ਕੇ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੀ ਹੈ ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਐਡਵੋਕੇਟ ਜਥੇਦਾਰ ਹਰਜਿੰਦਰ ਸਿੰਘ ਧਾਮੀ ਨੇ ਟਾਂਡਾ ਵਿਖੇ ਪੱਤਰਕਾਰਾਂ ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਕਰਦੇ ਹੋਏ ਕੀਤਾ। ਇਸ ਮੌਕੇ ਉਨਾਂ ਨਾਲ ਸ਼੍ਰੋਮਣੀ ਅਕਾਲੀ ਦਲ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ, ਸਾਬਕਾ ਮੰਤਰੀ ਚੌਧਰੀ ਬਲਵੀਰ ਸਿੰਘ ਮਿਆਣੀ, ਸ਼੍ਰੋਮਣੀ ਅਕਾਲੀ ਦਲ ਹਲਕਾ ਸ਼ਾਮ ਚੁਰਾਸੀ ਦੇ ਇੰਚਾਰਜ ਸੰਦੀਪ ਸਿੰਘ ਸੀਕਰੀ, ਦਲਿਤ ਯੂਥ ਆਗੂ ਸਰਬਜੀਤ ਸਿੰਘ ਮੋਮੀ, ਅਮਰੀਕ ਸਿੰਘ ਭਾਗੋਵਾਲ ਵੀ ਮੌਜੂਦ ਸਨ। ਇਸ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਰਕਾਰ ਨੇ ਕੀਤੇ ਸਮੇਂ ਦੌਰਾਨ ਵੱਖ-ਵੱਖ ਧਾਰਮਿਕ ਮਾਮਲਿਆਂ ਵਿੱਚ ਸਿੱਧੇ ਤੌਰ ’ਤੇ ਦਖਲਅੰਦਾਜ਼ੀ ਕਰਦੇ ਹੋਏ ਸਿਆਸਤ ਕਰਨੀ ਬਹੁਤ ਨਿੰਦਣਯੋਗ ਗੱਲ ਹੈ। ਸਰਕਾਰ ਨੂੰ ਸਿੱਖ ਕੌਮ ਕਦੇ ਬਰਦਾਸ਼ਤ ਨਹੀਂ ਕਰੇਗੀ ਕਿ ਪੰਜਾਬ ਸਰਕਾਰ ਸਿੱਖ ਕੌਮ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖਾਂ ਦੀ ਸਰਬ ਉੱਚ ਅਦਾਲਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਮਾਮਲਿਆਂ ਵਿੱਚ ਦਖਲ ਅੰਦਾਜੀ ਕਰੇ, ਕਿਉਂਕਿ ਸਰਕਾਰਾਂ ਦਾ ਮੁੱਖ ਕੰਮ ਲੋਕਾਂ ਦੀ ਸੁਰੱਖਿਆ ਸੂਬੇ ਦਾ ਵਿਕਾਸ ਕਰਨਾ ਹੈ ਤੇ ਲੋਕਾਂ ਨੂੰ ਸਾਫ਼ ਸੁਥਰਾ ਪੁਲਿਸ ਪ੍ਰਸ਼ਾਸਨ ਦੇਣਾ ਹੈ, ਜਿਸ ’ਚ ਭਗਵੰਤ ਮਾਨ ਸਰਕਾਰ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਸੂਬੇ ’ਚੋਂ ਨਸ਼ਾ ਵਿਕਣਾ ਖਤਮ ਕਰਨ ਵਿੱਚ ਵੀ ਪੰਜਾਬ ਸਰਕਾਰ ਅਸਫਲ ਰਹੀ। ਅੱਜ ਪੰਜਾਬ ਵਿੱਚ ਨਿਤ ਦਿਹਾੜੇ ਹੀ ਹੋ ਰਹੀਆਂ ਕਤਲੋਗਾਰਤ ਦੀਆਂ ਘਟਨਾਵਾਂ ਦੇ ਨਾਲ ਪੰਜਾਬ ਦਾ ਹਰੇਕ ਵਰਗ ਬੁਰੀ ਤਰ੍ਹਾਂ ਸਹਿਮਿਆ ਹੋਇਆ ਹੈ ਤੇ ਕੋਈ ਵੀ ਲੋਕ ਸਰਕਾਰ ਦੇ ਇਸ ਕਾਰਜਕਾਲ ਦਾ ਦੌਰਾ ਸੁਰੱਖਿਅਤ ਨਹੀਂ ਹਨ।