ਜਾਗਰੂਕਤਾ ਤੇ ਕਾਊਂਸਲਿੰਗ ਲਈ ਹੈਲਪ ਡੈਸਕ ਸਾਬਿਤ ਹੋਵੇਗਾ ਵਰਦਾਨ : ਡੀਸੀ ਜੈਨ
ਮਿਸ਼ਨ ਸਮਾਇਲ 3.0 ਤਹਿਤ ਜਨਤਕ ਥਾਵਾਂ ’ਤੇ ਹੈਲਪ ਡੈਸਕ ਦੀ ਜ਼ਿਲ੍ਹਾ ਪੱਧਰੀ ਸ਼ੁਰੂਆਤ
Publish Date: Tue, 10 Feb 2026 05:37 PM (IST)
Updated Date: Wed, 11 Feb 2026 04:03 AM (IST)

ਮਿਸ਼ਨ ਸਮਾਇਲ 3.0 ਤਹਿਤ ਜਨਤਕ ਥਾਵਾਂ ’ਤੇ ਹੈਲਪ ਡੈਸਕ ਦੀ ਜ਼ਿਲ੍ਹਾ ਪੱਧਰੀ ਸ਼ੁਰੂਆਤ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹਾ ਨਸ਼ਾ ਮੁਕਤੀ ਅਤੇ ਪੁਨਰਵਾਸ ਸੋਸਾਇਟੀ ਹੁਸ਼ਿਆਰਪੁਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਮਿਸ਼ਨ ਸਮਾਇਲ 3.0 ਦੇ ਅਧੀਨ ਜਨਤਕ ਥਾਵਾਂ ’ਤੇ ਹੈਲਪ ਡੈਸਕ ਦੀ ਜ਼ਿਲ੍ਹਾ ਪੱਧਰੀ ਰਸਮੀ ਸ਼ੁਰੂਆਤ ਕੀਤੀ ਗਈ। ਇਸ ਪ੍ਰੋਗਰਾਮ ਦਾ ਸ਼ੁਭ ਆਰੰਭ ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ਜ਼ਿਲ੍ਹਾ ਨਸ਼ਾ ਮੁਕਤੀ ਅਤੇ ਪੁਨਰਵਾਸ ਸੋਸਾਇਟੀ ਹੁਸ਼ਿਆਰਪੁਰ ਆਸ਼ਿਕਾ ਜੈਨ ਨੇ ਕੀਤਾ। ਇਸ ਮੌਕੇ ਮੈਡੀਕਲ ਅਫ਼ਸਰ ਇੰਚਾਰਜ ਜ਼ਿਲ੍ਹਾ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਹੁਸ਼ਿਆਰਪੁਰ ਡਾ. ਜਸਲੀਨ ਕੌਰ, ਕਾਉਂਸਲਰ ਪ੍ਰਸ਼ਾਂਤ ਆਦੀਆ, ਕਾਉਂਸਲਰ ਸੰਦੀਪ ਕੁਮਾਰੀ, ਸਾਈਕੈਟ੍ਰਿਕ ਸੋਸ਼ਲ ਵਰਕਰ ਸੁਖਪ੍ਰੀਤ ਕੌਰ, ਜ਼ਿਲ੍ਹਾ ਤਕਨੀਕੀ ਕੋਆਰਡੀਨੇਟਰ ਮਨਜਿੰਦਰ ਕੌਰ, ਜ਼ਿਲ੍ਹਾ ਆਈ.ਟੀ ਮੈਨੇਜਰ ਕਰਮਜੀਤ ਸਿੰਘ ਅਤੇ ਜ਼ਿਲ੍ਹਾ ਮੈਨੇਜਰ ਸੇਵਾ ਕੇਂਦਰ ਹੁਸ਼ਿਆਰਪੁਰ ਗੁਰਸੇਵਕ ਸਿੰਘ ਸਮੇਤ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਮਿਸ਼ਨ ਸਮਾਇਲ 3.0 ਤਹਿਤ ਸ਼ੁਰੂ ਕੀਤੇ ਗਏ ਇਹ ਹੈਲਪ ਡੈਸਕ ਨਸ਼ਾਖੋਰੀ ਤੋਂ ਪੀੜਤ ਵਿਅਕਤੀਆਂ ਨੂੰ ਸਮੇਂ ਸਿਰ ਇਲਾਜ ਨਾਲ ਜੋੜਨ, ਆਮ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ, ਮਾਨਸਿਕ ਸਿਹਤ ਅਤੇ ਉਪਲਬੱਧ ਇਲਾਜ ਪ੍ਰਤੀ ਜਾਗਰੂਕ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਪਿੰਡਾਂ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਅਤੇ ਸ਼ਹਿਰੀ ਖੇਤਰਾਂ ਵਿੱਚ ਵਾਰਡ ਡਿਫੈਂਸ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ, ਤਾਂ ਜੋ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਲਈ ਸਮੂਹਿਕ ਯਤਨ ਕੀਤੇ ਜਾ ਸਕਣ। ਡਿਪਟੀ ਮੈਡੀਕਲ ਕਮਿਸ਼ਨਰ ਨੇ ਦੱਸਿਆ ਕਿ ਮਿਸ਼ਨ ਸਮਾਇਲ ਪੰਜਾਬ ਸਰਕਾਰ ਦਾ ਇਕ ਮਹੱਤਵਪੂਰਨ ਪ੍ਰੋਜੈਕਟ ਹੈ, ਜਿਸ ਤਹਿਤ ਜ਼ਿਲ੍ਹਾ ਅਤੇ ਉਪ ਮੰਡਲ ਪੱਧਰ ’ਤੇ ਬੱਸ ਸਟੈਂਡ, ਅਦਾਲਤ ਪ੍ਰੀਸਦ, ਹਸਪਤਾਲਾਂ, ਓ.ਓ.ਏ.ਟੀ ਕਲੀਨਿਕਾਂ, ਥਾਣਿਆਂ ਅਤੇ ਸਰਕਾਰੀ ਕਾਲਜਾਂ ਵਿੱਚ ਹੈਲਪ ਡੈਸਕ ਸਥਾਪਤ ਕੀਤੇ ਜਾ ਰਹੇ ਹਨ। ਕਾਊਂਸਲਰਾਂ ਨੇ ਕਿਹਾ ਕਿ ਇਹ ਪਹਿਲ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਨੂੰ ਮਜ਼ਬੂਤੀ ਪ੍ਰਦਾਨ ਕਰੇਗੀ ਅਤੇ ਪੰਜਾਬ ਨੂੰ ਨਸ਼ਾ ਮੁਕਤ ਅਤੇ ਖੁਸ਼ਹਾਲ ਬਣਾਉਣ ਦੀ ਦਿਸ਼ਾ ਵਿੱਚ ਇਕ ਪ੍ਰਭਾਵੀ ਕਦਮ ਸਾਬਿਤ ਹੋਵੇਗੀ।