ਚਾਰ ਰੋਜ਼ਾ ਫੁੱਟਬਾਲ ਟੂਰਨਾਮੈਂਟ ਸਫ਼ਲਤਾਪੂਰਵਕ ਨੇਪਰੇ ਚੜ੍ਹਿਆ
ਸਿੰਘੋਵਾਲ ਵਿਖੇ ਚਾਰ ਰੋਜ਼ਾ ਫੁੱਟਬਾਲ ਟੂਰਨਾਮੈਂਟ ਸਫ਼ਲਤਾਪੂਰਵਕ ਨੇਪਰੇ ਚੜ੍ਹਿਆ
Publish Date: Tue, 10 Feb 2026 04:58 PM (IST)
Updated Date: Wed, 11 Feb 2026 04:03 AM (IST)

ਅਜੈ ਕੌਸ਼ਲ ਸੇਠੂ ਨੇ ਸਪੋਰਟਸ ਕਲੱਬ ਨੂੰ 11 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਭੇਟ ਕੀਤੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੁਕੇਰੀਆਂ : ਮਹਾਰਾਣਾ ਪ੍ਰਤਾਪ ਸਪੋਰਟਸ ਕਲੱਬ ਸਿੰਘੋਵਾਲ ਵੱਲੋਂ ਕਰਵਾਇਆ ਗਿਆ ਚਾਰ ਰੋਜ਼ਾ ਫੁੱਟਬਾਲ ਟੂਰਨਾਮੈਂਟ ਖੇਡ ਪ੍ਰੇਮੀਆਂ ਦੀ ਵੱਡੀ ਸ਼ਮੂਲੀਅਤ ਅਤੇ ਉਤਸ਼ਾਹਪੂਰਕ ਮਾਹੌਲ ਵਿੱਚ ਸਫ਼ਲਤਾਪੂਰਵਕ ਨੇਪਰੇ ਚੜ੍ਹ ਗਿਆ। ਟੂਰਨਾਮੈਂਟ ਦੌਰਾਨ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਆਈਆਂ 34 ਟੀਮਾਂ ਨੇ ਹਿੱਸਾ ਲਿਆ ਅਤੇ ਆਪਣੀ ਖੇਡ ਕਲਾ ਦੇ ਜੌਹਰ ਵਿਖਾਏ। ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਸਿੰਘੋਵਾਲ ਅਤੇ ਸੰਧਵਾਲ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ, ਜੋ ਬਹੁਤ ਹੀ ਰੋਮਾਂਚਕ ਰਿਹਾ। ਨਿਰਧਾਰਿਤ ਸਮੇਂ ਤੱਕ ਦੋਵਾਂ ਟੀਮਾਂ ਵੱਲੋਂ ਇੱਕ-ਇੱਕ ਗੋਲ ਕਰਕੇ ਮੈਚ ਬਰਾਬਰੀ ‘ਤੇ ਖ਼ਤਮ ਹੋਇਆ। ਇਸ ਤੋਂ ਬਾਅਦ ਪੈਨਲਟੀ ਸ਼ੂਟ-ਆਉਟ ਕਰਵਾਇਆ ਗਿਆ, ਜਿਸ ਵਿੱਚ ਸੰਧਵਾਲ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਹਾਸਲ ਕੀਤੀ। ਇਸ ਸਮੇਂ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੈ ਕੌਸ਼ਲ ਸੇਠੂ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਉਨ੍ਹਾਂ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਸਿਰਫ਼ ਸਰੀਰਕ ਤੰਦਰੁਸਤੀ ਲਈ ਹੀ ਨਹੀਂ, ਸਗੋਂ ਅਨੁਸ਼ਾਸਨ, ਟੀਮ ਵਰਕ ਅਤੇ ਅਗਵਾਈ ਵਾਲੇ ਗੁਣ ਵਿਕਸਿਤ ਕਰਨ ਵਿੱਚ ਵੀ ਮਹੱਤਵਪੂਰਣ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਾਉਣ ਦੀ ਅਪੀਲ ਵੀ ਕੀਤੀ। ਅਜੈ ਕੌਸ਼ਲ ਸੇਠੂ ਵੱਲੋਂ ਸਪੋਰਟਸ ਕਲੱਬ ਨੂੰ 11 ਹਜ਼ਾਰ ਰੁਪਏ ਦੀ ਸਹਿਯੋਗੀ ਰਾਸ਼ੀ ਭੇਟ ਕੀਤੀ ਗਈ ਅਤੇ ਜੇਤੂ ਅਤੇ ਉਪ-ਜੇਤੂ ਟੀਮਾਂ ਨੂੰ ਇਨਾਮ ਵੰਡ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਟੂਰਨਾਮੈਂਟ ਦੇ ਸਫ਼ਲ ਆਯੋਜਨ ਲਈ ਕਲੱਬ ਦੇ ਅਹੁੱਦੇਦਾਰਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਹਰੀਸ਼ ਮਹਾਜਨ ਕਾਲਾ, ਸੁਸ਼ੀਲ ਕੁਮਾਰ ਪਿੰਕੀ, ਪ੍ਰਧਾਨ ਰਘੁਵੀਰ ਸਿੰਘ, ਕ੍ਰਿਸ਼ਨ ਮਨਹਾਸ, ਮਨੋਜ ਮਨਹਾਸ, ਸੂਬੇਦਾਰ ਦਿਲਬਾਗ ਸਿੰਘ, ਸੁਰਜੀਤ ਸਿੰਘ ਡਡਵਾਲ, ਜੋਗਿੰਦਰ ਮਨਹਾਸ, ਨਾਮਦੇਵ, ਮੰਡਲ ਪ੍ਰਧਾਨ ਮਨੋਜ ਕੁਮਾਰ, ਕੁਲਦੀਪ ਸਿੰਘ ਮਨਹਾਸ, ਜਗਤਾਰ ਸਿੰਘ, ਗੁਰਧਿਆਨ ਸਿੰਘ ਡਡਵਾਲ, ਸੂਬੇਦਾਰ ਸੰਤ ਸਿੰਘ ਡਡਵਾਲ, ਅੰਗਰੇਜ ਸਿੰਘ ਬਿੱਟੂ ਸਮੇਤ ਕਈ ਪਤਵੰਤੇ ਅਤੇ ਵੱਡੀ ਗਿਣਤੀ ਖੇਡ ਪ੍ਰੇਮੀ ਹਾਜ਼ਰ ਸਨ।