ਪ੍ਰੋ. ਮੁਲਤਾਨੀ ਦੀ ਅਗਵਾਈ 'ਚ ਤੀਰਥ ਯਾਤਰਾ ਲਈ ਬੱਸ ਰਵਾਨਾ
ਪ੍ਰੋ. ਮੁਲਤਾਨੀ ਦੀ ਅਗਵਾਈ 'ਚ ਤੀਰਥ ਯਾਤਰਾ ਲਈ ਬੱਸ ਕੀਤੀ ਰਵਾਨਾ
Publish Date: Tue, 10 Feb 2026 04:46 PM (IST)
Updated Date: Wed, 11 Feb 2026 04:00 AM (IST)

ਕਿਹਾ- ਵੱਡੀ ਸਹੂਲਤ ਸਾਬਤ ਹੋ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੁਕੇਰੀਆਂ: ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨਿਵਾਸੀਆਂ ਨੂੰ ਦੇਸ਼ ਦੇ ਪ੍ਰਮੁੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਹਲਕਾ ਇੰਚਾਰਜ ਪ੍ਰੋ. ਜੀਐੱਸ ਮੁਲਤਾਨੀ ਦੀ ਅਗਵਾਈ ਵਿੱਚ ਹਲਕੇ ਦੇ ਸ਼ਰਧਾਲੂਆਂ ਨੂੰ ਤੀਰਥ ਯਾਤਰਾ ਲਈ ਬੱਸ ਰਾਹੀਂ ਰਵਾਨਾ ਕੀਤਾ ਗਿਆ। ਇਹ ਬੱਸ ਪਿੰਡ ਹਲੇੜ ਜਨਾਰਧਨ ਤੋਂ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਦੁਰਗਿਆਨਾ ਮੰਦਰ ਅਤੇ ਹੋਰ ਮਹੱਤਵਪੂਰਨ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ ਹੋਈ। ਬੱਸ ਨੂੰ ਰਵਾਨਾ ਕਰਨ ਸਮੇਂ ਗੱਲਬਾਤ ਕਰਦਿਆਂ ਪ੍ਰੋ. ਜੀ.ਐੱਸ. ਮੁਲਤਾਨੀ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਪੂਰਾ ਸਤਿਕਾਰ ਕਰਦਿਆਂ ਇਸ ਯੋਜਨਾ ਨੂੰ ਲਾਗੂ ਕਰ ਰਹੀ ਹੈ, ਤਾਂ ਜੋ ਹਰ ਵਰਗ ਦਾ ਨਾਗਰਿਕ ਬਿਨਾਂ ਕਿਸੇ ਆਰਥਿਕ ਭਾਰ ਦੇ ਤੀਰਥ ਅਸਥਾਨਾਂ ਦੇ ਦਰਸ਼ਨ ਕਰ ਸਕੇ। ਇਹ ਯੋਜਨਾ ਸੂਬੇ ਦੇ ਬਜ਼ੁਰਗਾਂ, ਮਹਿਲਾਵਾਂ ਅਤੇ ਆਮ ਲੋਕਾਂ ਲਈ ਇੱਕ ਵੱਡੀ ਸਹੂਲਤ ਸਾਬਤ ਹੋ ਰਹੀ ਹੈ। ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਯਾਤਰਾ ਦੌਰਾਨ ਰਹਿਣ-ਸਹਿਣ, ਖਾਣ-ਪੀਣ ਅਤੇ ਆਵਾਜਾਈ ਸਮੇਤ ਸਾਰੀਆਂ ਵਿਵਸਥਾਵਾਂ ਪੰਜਾਬ ਸਰਕਾਰ ਵੱਲੋਂ ਮੁੱਫ਼ਤ ਕੀਤੀਆਂ ਜਾਂਦੀਆਂ ਹਨ, ਤਾਂ ਜੋ ਯਾਤਰੀ ਨਿਸ਼ਚਿੰਤ ਹੋ ਕੇ ਆਪਣੀ ਯਾਤਰਾ ਪੂਰੀ ਕਰ ਸਕਣ। ਸਰਕਾਰ ਦਾ ਮਕਸਦ ਸਿਰਫ਼ ਯਾਤਰਾ ਕਰਵਾਉਣਾ ਹੀ ਨਹੀਂ, ਸਗੋਂ ਲੋਕਾਂ ਨੂੰ ਆਪਸੀ ਭਾਈਚਾਰੇ, ਸਾਂਝ ਅਤੇ ਧਾਰਮਿਕ ਸਦਭਾਵਨਾ ਨਾਲ ਜੋੜਨਾ ਵੀ ਹੈ। ਇਸ ਸਮੇਂ ਤੀਰਥ ਯਾਤਰਾ ’ਤੇ ਜਾ ਰਹੇ ਸ਼ਰਧਾਲੂਆਂ ਨੇ ਪੰਜਾਬ ਸਰਕਾਰ ਅਤੇ ਹਲਕਾ ਇੰਚਾਰਜ ਪ੍ਰੋ. ਜੀਐੱਸ ਮੁਲਤਾਨੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਯੋਜਨਾ ਨਾਲ ਉਨ੍ਹਾਂ ਦਾ ਚਿਰਾਂ ਦਾ ਸੁਪਨਾ ਸਾਕਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਬਹੁਤੇ ਲੋਕ ਆਰਥਿਕ ਕਾਰਨਾਂ ਕਰਕੇ ਤੀਰਥ ਦਰਸ਼ਨਾਂ ਤੋਂ ਵਾਂਝੇ ਰਹਿ ਜਾਂਦੇ ਸਨ, ਪਰ ਹੁਣ ਸਰਕਾਰ ਦੀ ਇਸ ਪਹਿਲ ਨਾਲ ਹਰ ਕੋਈ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰ ਸਕਦਾ ਹੈ। ਇਸ ਮੌਕੇ ਸੁਰਿੰਦਰ ਠਾਕੁਰ ਪ੍ਰਧਾਨ ਜਰਨਲ ਕੈਟਾਗਿਰੀ, ਸੁਭਾਸ਼ ਸਿੰਘ ਪ੍ਰਧਾਨ ਬੀਸੀ ਵਿੰਗ, ਅਮਿਤ ਕੁਮਾਰ ਬਲਾਕ ਪ੍ਰਧਾਨ, ਬੈਨੀ ਰਾਣਾ ਪ੍ਰਧਾਨ ਯੂਥ ਵਿੰਗ, ਸੁਲਿੰਦਰ ਠਾਕੁਰ, ਠਾਕੁਰ ਉਪਿੰਦਰ ਸਿੰਘ, ਜਨਕਾਰ ਮਸੀਹ ਸਮੇਤ ਸਥਾਨਕ ਆਗੂ, ਪੰਚਾਇਤ ਮੈਂਬਰ ਅਤੇ ਹੋਰ ਪਤਵੰਤੇ ਵੀ ਮੌਜ਼ੂਦ ਸਨ, ਜਿਨ੍ਹਾਂ ਵੱਲੋਂ ਇਸ ਯੋਜਨਾ ਦੀ ਭਰਵੀਂ ਸ਼ਲਾਘਾ ਕੀਤੀ ਗਈ।