ਬਾਹੋਵਾਲ ਵਿਖੇ ਵਿਗਿਆਨਿਕ ਸਲਾਹਕਾਰ ਕਮੇਟੀ ਮੀਟਿੰਗ
ਬਾਹੋਵਾਲ ਵਿਖੇ ਵਿਗਿਆਨਿਕ ਸਲਾਹਕਾਰ ਕਮੇਟੀ ਮੀਟਿੰਗ
Publish Date: Mon, 09 Feb 2026 03:41 PM (IST)
Updated Date: Mon, 09 Feb 2026 03:44 PM (IST)

ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ: ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਵਿਖੇ ਵਿਗਿਆਨਿਕ ਸਲਾਹਕਾਰ ਕਮੇਟੀ ਦੀ ਮੀਟਿੰਗ ਪਿਛਲੇ ਦਿਨੀਂ ਕਰਵਾਈ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਡਾ. ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਪਸਾਰ ਸਿੱਖਿਆ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਨੇ ਕੀਤੀ। ਇਸ ਮੀਟਿੰਗ ਵਿੱਚ ਉਚੇਚੇ ਤੌਰ ਤੇ ਡਾ. ਮਨਮੋਹਨਜੀਤ ਸਿੰਘ, ਡੀਨ, ਖੇਤੀਬਾੜੀ ਕਾਲਜ, ਬੱਲੋਵਾਲ ਸੌਂਖੜੀ, ਸ਼ਹੀਦ ਭਗਤ ਸਿੰਘ ਨਗਰ ਅਤੇ ਡਾ. ਗੁਰਜੀਤ ਸਿੰਘ ਮਾਂਗਟ, ਵਧੀਕ ਨਿਰਦੇਸ਼ਕ ਖੋਜ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਨੇ ਸ਼ਿਰਕਤ ਕੀਤੀ। ਇਨ੍ਹਾਂ ਤੋ ਇਲਾਵਾ ਡਾ. ਜਗਦੀਸ਼ ਸਿੰਘ, ਡਾ. ਪ੍ਰਦੀਪ ਕੁਮਾਰ, ਡਾ. ਸੁਮਨਜੀਤ ਕੌਰ, ਇੰਚਾਰਜ, ਡਾ. ਚਰਨਜੀਤ ਕੌਰ, ਡਾ. ਸੰਜੇ ਸ਼ਰਮਾ, ਡਾ. ਹਰਮਨਦੀਪ ਸਿੰਘ, ਡਾ. ਸੁਖਵਿੰਦਰ ਸਿੰਘ ਔਲਖ, ਜਿਲੇ ਦੇ ਅਗਾਂਹਵਧੂ ਕਿਸਾਨ/ਕਿਸਾਨ ਬੀਬੀਆਂ ਮੈਂਬਰ, ਲਾਂਬੜਾ ਕਾਂਗੜੀ ਬਹੁਮੰਤਵੀ ਸਹਿਕਾਰੀ ਸੇਵਾ ਸੁਸਾਇਟੀ, ਲਾਂਬੜਾ ਤੇ ਇੰਨੋਵੇਟਿਵ ਫਾਰਮਰਸਜ ਐਸੋਸੀਏਸ਼ਨ (ਰਜਿ.), ਹੁਸ਼ਿਆਰਪੁਰ ਦੇ ਅਹੁਦੇਦਾਰ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਦੇ ਵਿਗਿਆਨੀ ਵੀ ਇਸ ਮੀਟਿੰਗ ਵਿੱਚ ਮੌਜੂਦ ਸਨ। ਮੀਟਿੰਗ ਦੀ ਸ਼ੁਰੁਆਤ ਵਿੱਚ ਡਾ. ਮਨਿੰਦਰ ਸਿੰਘ ਬੌਂਸ ਨੇ ਆਏ ਹੋਏ ਮਹਿਮਾਨਾਂ ਅਤੇ ਕਿਸਾਨਾਂ ਦਾ ਸਵਾਗਤ ਕੀਤਾ। ਡਾ. ਬੌਂਸ ਵੱਲੋਂ ਪਿਛਲੀ ਵਿਗਿਆਨਿਕ ਸਲਾਹਕਾਰ ਕਮੇਟੀ ਦੀ ਕਾਰਵਾਈ ਰਿਪੋਰਟ ਪੇਸ਼ ਕੀਤੀ ਗਈ, ਪਿਛਲੇ ਸਾਲ ਦੌਰਾਨ ਕੀਤੀਆਂ ਗਤੀਵਿਧੀਆਂ ਦੀ ਰਿਪੋਰਟ ਅਤੇ ਸਾਲ 2026-27 ਦੌਰਾਨ ਲਗਾਏ ਜਾਣ ਵਾਲੇ ਸਿਖਲਾਈ ਕੋਰਸਾਂ ਤੇ ਗਤੀਵਿਧੀਆਂ ਬਾਬਤ ਵਿਚਾਰ ਵਟਾਂਦਰਾ ਕੀਤਾ ਗਿਆ। ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਡਾ. ਮੱਖਣ ਸਿੰਘ ਭੁੱਲਰ ਨੇ ਖੇਤੀ ਉਤਪਾਦਾਂ ਦੇ ਮੁੱਲ ਵਿੱਚ ਵਾਧਾ ਕਰਨ ਅਤੇ ਪ੍ਰੋਸੈਸਿੰਗ ਨੂੰ ਉਤਸ਼ਾਹਿਤ ਕਰਨ ਦੀ ਲੋੜ ਬਾਰੇ ਕਿਹਾ। ਉਨ੍ਹਾਂ ਨੇ ਵਿਗਿਆਨਿਕ ਸਲਾਹਕਾਰ ਕਮੇਟੀ ਮੀਟਿੰਗ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਕਿਸਾਨਾਂ ਨੂੰ ਫਲਾਂ ਦੀ ਸਹੀ ਢੰਗ ਨਾਲ ਕਾਂਟ-ਛਾਂਟ ਦੀ ਮਹੱਤਤਾ ਅਤੇ ਸਬਜੀਆਂ ਦੀ ਨੀਵੀਂ ਸੁਰੰਗ ਤਕਨੀਕ ਅਪਨਾਉਣ ਬਾਬਤ ਜੋਰ ਦਿੱਤਾ। ਡਾ. ਗੁਰਜੀਤ ਸਿੰਘ ਮਾਂਗਟ ਨੇ ਪਸਾਰ ਵਿਗਿਆਨੀਆਂ ਨੂੰ ਨਿਰੰਤਰ ਖੇਤਾਂ ਦਾ ਸਰਵੇਖਣ ਰੱਖਣ ਲਈ ਕਿਹਾ ਤਾਂ ਜੋ ਸਹੀ ਸਮੇਂ ਤੇ ਫਸਲਾਂ ਦੇ ਕੀੜਿਆਂ ਤੇ ਬਿਮਾਰੀਆਂ ਦੀ ਆਮਦ ਦਾ ਪਤਾ ਲੱਗ ਸਕੇ ਅਤੇ ਕਿਸਾਨਾਂ ਨੂੰ ਲੋੜੀਂਦੇ ਪ੍ਰਬੰਧਾਂ ਬਾਰੇ ਸਮਾਂਬੱਧ ਸੂਚਿਤ ਕੀਤਾ ਜਾ ਸਕੇ। ਵੱਖ-ਵੱਖ ਵਿਭਾਗਾਂ ਦੇ ਮੁਖੀਆਂ, ਨੁਮਾਇੰਦਿਆਂ ਅਤੇ ਅਗਾਂਹਵਧੂ ਕਿਸਾਨਾਂ/ਕਿਸਾਨ ਬੀਬੀਆਂ ਵੱਲੌਂ ਮੀਟਿੰਗ ਵਿੱਚ ਵਿਸਥਾਰ ਨਾਲ ਹਰ ਵਿਸ਼ੇ ਤੇ ਵਿਚਾਰ ਸਾਂਝੇ ਕੀਤੇ ਗਏ। ਮਹਿਮਾਨਾਂ ਦੁਆਰਾ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਕੁਦਰਤੀ ਖੇਤੀ ਅਤੇ ਪਰਾਲੀ ਪ੍ਰਬੰਧਨ ਪ੍ਰੋਜੈਕਟ ਦੀ ਰਿਪੋਰਟ ਸਬੰਧੀ ਪ੍ਰਕਾਸ਼ਨਾਵਾਂ ਨੂੰ ਜਾਰੀ ਕੀਤਾ ਗਿਆ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਫਾਰਮ ਤੇ ਪ੍ਰਦਰਸ਼ਨੀਆਂ ਅਤੇ ਹੋਰ ਇਕਾਈਆਂ ਦਾ ਦੌਰਾ ਵੀ ਕੀਤਾ ਗਿਆ। ਡਾ. ਮਨਮੋਹਨਜੀਤ ਸਿੰਘ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਕਿਸਾਨਾਂ ਦੀ ਬਿਹਤਰੀ ਲਈ ਕੀਤੇ ਕਾਰਜਾਂ ਨੂੰ ਸਲਾਹਿਆ। ਉਨ੍ਹਾਂ ਨੇ ਸਮੂਹ ਵਿਭਾਗਾਂ ਨੂੰ ਪੇਂਡੂ ਨੌਜਵਾਨਾਂ ਤੇ ਲੜਕੀਆਂ ਨੂੰ ਕਿੱਤਾ ਸ਼ੁਰੂ ਕਰਨ ਤੇ ਉਸ ਦੇ ਵਾਧੇ ਲਈ ਲਗਾਤਾਰ ਸਹਿਯੋਗ ਲਈ ਕਿਹਾ। ਅੰਤ ਵਿੱਚ ਡਾ. ਮਨਮੋਹਨਜੀਤ ਨੇ ਇਸ ਮੀਟਿੰਗ ਵਿੱਚ ਹਾਜ਼ਿਰ ਮਹਿਮਾਨਾਂ, ਆਏ ਹੋਏ ਕਮੇਟੀ ਮੈਂਬਰਾਂ ਅਤੇ ਅਗਾਂਹਵਧੂ ਕਿਸਾਨਾਂ/ਕਿਸਾਨ ਬੀਬੀਆਂ ਦਾ ਰਸਮੀ ਤੌਰ ਤੇ ਧੰਨਵਾਦ ਕੀਤਾ।