ਟੈੱਟ ਦੀ ਸ਼ਰਤ ਲਾਉਣ ਖ਼ਿਲਾਫ਼ ਮੋਰਚਾ ਖੋਲ੍ਹਿਆ
ਸਾਂਝਾ ਅਧਿਆਪਕ ਮੋਰਚਾ ਨੇ ਪਦਉਨੱਤੀਆਂ ’ਚ ਟੈੱਟ ਦੀ ਸ਼ਰਤ ਲਾਉਣ ਖ਼ਿਲਾਫ਼ ਮੋਰਚਾ ਖੋਲ੍ਹਿਆ
Publish Date: Mon, 09 Feb 2026 03:33 PM (IST)
Updated Date: Mon, 09 Feb 2026 03:35 PM (IST)

ਜਗਮੋਹਨ ਸ਼ਰਮਾ, ਪੰਜਾਬੀ ਜਾਗਰਣ, ਤਲਵਾੜਾ: ਸਾਂਝਾ ਅਧਿਆਪਕ ਮੋਰਚਾ ਪੰਜਾਬ ਨੇ ਪਦਉਨਤੀਆਂ ’ਚ ਟੈੱਟ ਪਾਸ ਕਰਨ ਦੀ ਸ਼ਰਤ ਲਾਉਣ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਮੋਰਚੇ ’ਚ ਸ਼ਾਮਲ ਅਧਿਆਪਕ ਜਥੇਬੰਦੀਆਂ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਸਿੱਖਿਆ ਵਿਭਾਗ ਵੱਲੋਂ ਮਿਤੀ 7 ਫਰਵਰੀ 2026 ਨੂੰ ਮਾਸਟਰ ਕਾਡਰ ਦੀਆ ਪਦਉਨਤੀਆ ਲਈ ਟੈੱਟ ਲਾਜ਼ਮੀ ਹੋਣ ਦਾ ਪੱਤਰ ਜਾਰੀ ਕਰਕੇ ਆਪਣੇ ਮਿਤੀ 14 ਸਤੰਬਰ 2017 ਨੂੰ ਟੈੱਟ ਤੋਂ ਛੋਟ ਸਬੰਧੀ ਜਾਰੀ ਪੱਤਰ ਨੂੰ ਰੱਦ ਕਰ ਦਿੱਤਾ ਹੈ। ਜਿਸ ਦੇ ਵਿਰੋਧ ’ਚ ਸਾਂਝਾ ਅਧਿਆਪਕ ਮੋਰਚਾ,ਪੰਜਾਬ ਨੇ 10 ਅਤੇ 11 ਤਾਰੀਕ ਜ਼ਿਲ੍ਹਾ ਪੱਧਰ ’ਤੇ ਨਵੇਂ ਜਾਰੀ ਕੀਤੇ ਪੱਤਰ ਦੀਆਂ ਕਾਪੀਆਂ ਸਾੜਨ ਦਾ ਸੱਦਾ ਦਿੱਤਾ ਹੈ। ਸਾਂਝਾ ਅਧਿਆਪਕ ਮੋਰਚਾ ਦੇ ਆਗੂ ਸੁਖਵਿੰਦਰ ਸਿੰਘ ਚਾਹਲ, ਸੁਰਿੰਦਰ ਕੁਮਾਰ ਪੁਆਰੀ, ਸੁਰਿੰਦਰ ਕੰਬੋਜ, ਕ੍ਰਿਸ਼ਨ ਸਿੰਘ ਦੁੱਗਾਂ, ਸਤਨਾਮ ਸਿੰਘ ਰੰਧਾਵਾ, ਹਰਵਿੰਦਰ ਸਿੰਘ ਬਿਲਗਾ, ਰਵਿੰਦਰਜੀਤ ਸਿੰਘ ਪੰਨੂ, ਹਰਜੰਟ ਸਿੰਘ ਬੋਡੇ, ਗੁਰਿੰਦਰ ਸਿਧੂ ਆਦਿ ਨੇ ਕਿਹਾ ਸਿੱਖਿਆ ਕ੍ਰਾਂਤੀ ਦੇ ਨਾਅਰੇ ਹੇਠ ਬਣੀ ‘ਆਪ’ ਸਰਕਾਰ ਸੁਪਰੀਮ ਕੋਰਟ ਦੀ ਆੜ ਹੇਠ ਪਹਿਲਾਂ ਹੀ ਅਧਿਆਪਕਾਂ ਤੋਂ ਸੱਖਣੇ ਸਰਕਾਰੀ ਸਕੂਲਾਂ ’ਚ ਸਟਾਫ ਦੀ ਹੋਰ ਗਿਣਤੀ ਘਟਾਉਣ ਦੀਆਂ ਗੋਂਦਾਂ ਗੂੰਦ ਰਹੀ ਹੈ। ਸਰਕਾਰ ਦੇ ਇਸ ਫੈਸਲੇ ਦਾ ਸੂਬੇ ਦੇ ਅਧਿਆਪਕ 22 ਫਰਵਰੀ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਹਲਕਾ ਆਨੰਦਪੁਰ ਸਾਹਿਬ ’ਚ ਵਿਸ਼ਾਲ ਮੁਜ਼ਾਹਰਾ ਕਰਕੇ ਡਟਵਾਂ ਵਿਰੋਧ ਕਰਨਗੇ। ਮੋਰਚੇ ਦੇ ਆਗੂਆਂ ਨੇ ਸਮੂਹ ਅਧਿਆਪਕ ਜਥੇਬੰਦੀਆਂ ਨੂੰ ਇਸ ਹਮਲੇ ਖਿਲਾਫ਼ ਸਾਂਝੇ ਸੰਘਰਸ਼ ’ਚ ਸ਼ਾਮਲ ਹੋਣ ਅਤੇ ਸਰਕਾਰ ਦੇ ਹੱਲੇ ਦਾ ਮੂੰਹ ਤੋੜ ਜਵਾਬ ਦੇਣ ਦੀ ਅਪੀਲ ਕੀਤੀ ਹੈ।