ਮੁਰੰਮਤ ਕਾਰਨ ਬੰਦ ਕੀਤਾ ਫਾਟਕ, ਆਵਾਜਾਈ ਪ੍ਰਭਾਵਿਤ
ਮੁਰੰਮਤ ਕਾਰਨ ਬੰਦ ਕੀਤੇ ਫਾਟਕ ਕਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਟ੍ਰੈਫਿਕ
Publish Date: Mon, 09 Feb 2026 03:30 PM (IST)
Updated Date: Mon, 09 Feb 2026 03:32 PM (IST)

ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜ੍ਹਸ਼ੰਕਰ: ਗੜਸ਼ੰਕਰ ਹੁਸ਼ਿਆਰਪੁਰ ਮੁੱਖ ਮਾਰਗ ਤੇ ਸਥਿਤ ਰੇਲਵੇ ਫਾਟਕ ਐਸਪੀਐਲ-69 ਈ-3 ਸੋਮਵਾਰ ਦੁਪਹਿਰ ਬੰਦ ਹੋਣ ਕਾਰਨ ਲੰਮਾ ਜਾਮ ਲੱਗ ਗਿਆ ਜਿਸ ਕਾਰਨ ਰਾਹਗੀਰਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਗੜਸ਼ੰਕਰ ਸ਼ਹਿਰ ਵਿੱਚ ਆਮ ਦਿਨਾਂ ਵਿੱਚ ਵੀ ਟਰੈਫਿਕ ਦਾ ਬੁਰਾ ਹਾਲ ਰਹਿੰਦਾ ਹੈ ਜਿੱਥੇ ਸ਼ਹਿਰ ਨੂੰ ਪਾਰ ਕਰਨ ਲਈ ਕਰੀਬ ਇੱਕ ਘੰਟੇ ਦਾ ਸਮਾਂ ਲੱਗ ਜਾਂਦਾ ਹੈ ਪਰ ਸੋਮਵਾਰ ਦੁਪਹਿਰ 1 ਵਜੇ ਅਚਾਨਕ ਬੰਦ ਕੀਤੇ ਗਏ ਫਾਟਕ ਕਾਰਨ ਲੋਕਾਂ ਨੂੰ ਹੋਰ ਪਰੇਸ਼ਾਨ ਹੋਣਾ ਪਿਆ ਕਿਉਂਕਿ ਇਸ ਸਬੰਧੀ ਕੋਈ ਅਗਾਊਂ ਸੂਚਨਾ ਨਹੀਂ ਦਿੱਤੀ ਗਈ ਸੀ। ਰੇਲਵੇ ਵਿਭਾਗ ਦੇ ਕਰਮਚਾਰੀਆਂ ਨੇ ਦੱਸਿਆ ਕਿ ਪਿਛਲੇ ਦਿਨੀਂ ਫਾਟਕ ਵਿੱਚ ਕੋਈ ਭੁੰਗ ਦੀ ਟਰਾਲੀ ਮਾਰ ਗਿਆ ਸੀ ਜਿਸ ਕਾਰਨ ਫਾਟਕ ਟੁੱਟ ਗਿਆ ਅਤੇ ਇਸ ਦੀ ਮੁਰੰਮਤ ਕਾਰਨ ਉਨਾਂ ਨੂੰ ਫਾਟਕ ਬੰਦ ਕਰਨਾ ਪਿਆ। ਬੇਸ਼ੱਕ ਮੌਕੇ ਤੇ ਮੌਜੂਦ ਕਰਮਚਾਰੀ ਇਸ ਸਬੰਧੀ ਪਰਮਿਟ ਤਾਂ ਨਹੀਂ ਵਿਖਾ ਸਕੇ ਪਰ ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਵੱਲੋਂ ਇਕ ਘੰਟੇ ਦਾ ਪਰਮਿਟ ਲਿਆ ਗਿਆ ਹੈ। ਦੱਸਣਯੋਗ ਹੈ ਕਿ ਗੜਸ਼ੰਕਰ ਤੋਂ ਜਲੰਧਰ ਤੱਕ ਜਾਣ ਵਾਲੀ ਰੇਲ ਗੱਡੀ ਪਿਛਲੇ ਲੰਮੇ ਸਮੇਂ ਤੋਂ ਬੰਦ ਹੈ ਅਤੇ ਜੇਕਰ ਉਹ ਗੱਡੀ ਚਾਲੂ ਹੋ ਜਾਂਦੀ ਹੈ ਤਾਂ ਦਿਨ ਵਿੱਚ ਘੱਟੋ ਘੱਟ ਛੇ ਵਾਰ ਫਾਟਕ ਬੰਦ ਹੋਵੇਗਾ ਅਤੇ ਇਸ ਨਾਲ ਰਾਹਗੀਰਾਂ ਦੀ ਖੱਜਲ ਖੁਆਰੀ ਹੋਰ ਵਧੇਗੀ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਮੁਰੰਮਤ ਦਾ ਹੀ ਕੰਮ ਕਰਨਾ ਸੀ ਤਾਂ ਵਿਭਾਗ ਨੂੰ ਰਾਤ ਸਮੇਂ ਕਰਨਾ ਚਾਹੀਦਾ ਸੀ ਤਾਂ ਜੋ ਲੋਕਾਂ ਦੀ ਖੱਜਲ ਖੁਆਰੀ ਨਾ ਹੋਵੇਵ ਵੱਡੀ ਗਿਣਤੀ ਵਿੱਚ ਟਰੈਫਿਕ ਵਿੱਚ ਫਸੇ ਲੋਕਾਂ ਅਤੇ ਸ਼ਹਿਰ ਵਾਸੀਆਂ ਨੇ ਕਿਹਾ ਕਿ ਸ਼ਹਿਰ ਦੀ ਟਰੈਫਿਕ ਵਿਵਸਥਾ ਵਿੱਚ ਸੁਧਾਰ ਲਈ ਬਾਈਪਾਸ ਬਣਨਾ ਚਾਹੀਦਾ ਹੈ ਤਾਂ ਜੋ ਆਮ ਦਿਨਾਂ ਵਿੱਚ ਵੀ ਟਰੈਫਿਕ ਵਿਵਸਥਾ ਸੁਧਰ ਸਕੇ। ਉਨ੍ਹਾਂ ਕਿਹਾ ਕਿ ਵੱਖ ਵੱਖ ਸਮਿਆਂ ਤੇ ਵੱਖ ਵੱਖ ਪਾਰਟੀਆਂ ਵੱਲੋਂ ਸ਼ਹਿਰ ਵਾਸੀਆਂ ਨਾਲ ਬਾਈਪਾਸ ਦਾ ਵਾਅਦਾ ਕੀਤਾ ਗਿਆ ਪਰ ਇਹ ਵਾਅਦਾ ਕਦੇ ਵੀ ਵਫਾ ਨਹੀਂ ਹੋਇਆ। ਇਥੋਂ ਤੱਕ ਕਿ ਦੋ ਢਾਈ ਸਾਲ ਪਹਿਲਾਂ ਗੜਸ਼ੰਕਰ ਹਲਕੇ ਦੇ ਪਿੰਡ ਸਿੰਬਲੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਾਈਪਾਸ ਬਣਾਉਣ ਦਾ ਐਲਾਨ ਕੀਤਾ ਗਿਆ ਸੀ ਪਰ ਅਜੇ ਤੱਕ ਕੋਈ ਨੀਂਹ ਪੱਥਰ ਵੀ ਨਹੀਂ ਰੱਖਿਆ ਗਿਆ ਜਦਕਿ ਸਰਕਾਰ ਦੇ ਮੌਜੂਦਾ ਕਾਰਜਕਾਲ ਵਿੱਚ ਕੁੱਝ ਮਹੀਨੇ ਹੀ ਬਚੇ ਹਨ।