ਸਵਾਮੀ ਭੁਵਨੇਸ਼ਵਰੀ ਮਹਾਰਾਜ ਨੇ ਬੱਸੀ ਗੁਲਾਮ ਹੁਸੈਨ ਵਿਖੇ ਸ਼੍ਰੀ ਸਿੱਧੇਸ਼ਵਰ ਸ਼ਿਵ ਮੰਦਰ ਦਾ ਕੀਤਾ ਦੌਰਾ
ਸਵਾਮੀ ਭੁਵਨੇਸ਼ਵਰੀ ਮਹਾਰਾਜ ਨੇ ਬੱਸੀ ਗੁਲਾਮ ਹੁਸੈਨ ਵਿਖੇ ਸ਼੍ਰੀ ਸਿੱਧੇਸ਼ਵਰ ਸ਼ਿਵ ਮੰਦਰ ਦਾ ਦੌਰਾ ਕਰਕੇ ਸ਼ਰਧਾਲੂਆਂ ਨੂੰ ਦਿੱਤਾ ਅਸ਼ੀਰਵਾਦ
Publish Date: Mon, 09 Feb 2026 03:19 PM (IST)
Updated Date: Mon, 09 Feb 2026 03:23 PM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸਤਿਗੁਰੂ ਸੇਵਾ ਟਰੱਸਟ, ਹੁਸ਼ਿਆਰਪੁਰ ਦੇ ਅਧਿਆਤਮਿਕ ਮੁਖੀ ਸਵਾਮੀ ਭੁਵਨੇਸ਼ਵਰੀ ਮਹਾਰਾਜ ਨੇ ਪਿੰਡ ਬੱਸੀ ਗੁਲਾਮ ਹੁਸੈਨ ਵਿਖੇ ਸਥਿਤ ਸ਼੍ਰੀ ਸਿੱਧੇਸ਼ਵਰ ਸ਼ਿਵ ਮੰਦਰ ਦਾ ਦੌਰਾ ਕੀਤਾ ਅਤੇ ਸ਼ਰਧਾਲੂਆਂ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਸਵਾਮੀ ਜੀ ਨੇ ਕਿਹਾ ਕਿ ਉਹ 19 ਫਰਵਰੀ ਤੋਂ 25 ਫਰਵਰੀ 2026 ਤੱਕ ਸਵਾਮੀ ਉਦੈਗਿਰੀ ਮਹਾਰਾਜ ਦੀ ਅਗਵਾਈ ਹੇਠ ਆਯੋਜਿਤ ਕੀਤੇ ਜਾ ਰਹੇ 1101 ਕੁੰਡੀਆ ਰੁਦਰ ਮਹਾਯੱਗ ਨੂੰ ਪੂਰਾ ਸਮਰਥਨ ਦੇਣਗੇ ਅਤੇ ਯੱਗ ਦੌਰਾਨ ਸ਼ਰਧਾਲੂਆਂ ਨੂੰ ਅਸ਼ੀਰਵਾਦ ਦੇਣ ਲਈ ਖੁਦ ਮੌਜੂਦ ਰਹਿਣਗੇ। ਉਨ੍ਹਾਂ ਨੇ ਸਾਰੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਯੱਗ ਵਿੱਚ ਭੇਟ ਚੜ੍ਹਾਉਣ ਲਈ ਆਪਣੇ ਨਾਮ ਦਰਜ ਕਰਵਾਉਣ ਅਤੇ ਤਨ, ਮਨ ਤੇ ਧਨ ਨਾਲ ਇਸ ਧਾਰਮਿਕ ਕਾਰਜ ਵਿੱਚ ਯੋਗਦਾਨ ਪਾਉਣ। ਸਵਾਮੀ ਜੀ ਨੇ ਕਿਹਾ ਕਿ ਇਲਾਕਾ ਨਿਵਾਸੀ ਭਾਗਾਂ ਵਾਲੇ ਹਨ ਕਿ ਉਨ੍ਹਾਂ ਨੂੰ 101 ਸਾਲਾਂ ਬਾਅਦ ਇਸ ਦੁਰਲੱਭ ਮਹਾਂ ਯੱਗ ਵਿੱਚ ਭਾਗ ਲੈਣ ਦਾ ਮੌਕਾ ਮਿਲ ਰਿਹਾ ਹੈ। ਉਨ੍ਹਾਂ ਨੇ ਵਿਸ਼ਵ ਭਲਾਈ ਅਤੇ ਵਿਸ਼ਵ ਸ਼ਾਂਤੀ ਦੇ ਸੰਕਲਪ ਨਾਲ ਹੋ ਰਹੇ ਇਸ ਯੱਗ ਦੇ ਸਕਾਰਾਤਮਕ ਪ੍ਰਭਾਵਾਂ ਬਾਰੇ ਵੀ ਗੱਲ ਕੀਤੀ। ਇਸ ਮੌਕੇ ਉਨ੍ਹਾਂ ਨੇ 1101 ਕੁੰਡੀਆ ਯੱਗਸ਼ਾਲਾ ਦਾ ਵੀ ਦੌਰਾ ਕੀਤਾ। ਇਸ ਦੌਰਾਨ ਸਵਾਮੀ ਰਾਮਸ਼ਰਨੰਦ ਦਾਸ ਮਹਾਰਾਜ, ਆਨੰਦ ਪ੍ਰਕਾਸ਼ ਗੁਪਤਾ, ਪ੍ਰੇਮ ਸਿੰਘ ਰਾਜ ਪੁਰੋਹਿਤ, ਤਿਲਕਰਾਜ ਗੁਪਤਾ, ਰਾਕੇਸ਼ ਕੁਮਾਰ, ਰਵਿੰਦਰ ਦੱਤਾ, ਰਾਕੇਸ਼ ਭਾਰਗਵ, ਹਰੀਸ਼ ਮੋਹਨ ਪਰਾਸ਼ਰ, ਸੁਰਿੰਦਰ ਸ਼ਰਮਾ ਅਤੇ ਹੋਰ ਸ਼ਰਧਾਲੂ ਮੌਜੂਦ ਰਹੇ।