ਪਾਬੰਦੀਸ਼ੁਦਾ ਗੋਲੀਆਂ ਤੇ ਭੁੱਕੀ ਬਰਾਮਦ, ਦੋ ਵਿਅਕਤੀ ਕਾਬੂ
ਐਨਡੀਪੀਐਸ ਐਕਟ ਤਹਿਤ ਦੋ ਵੱਖ-ਵੱਖ ਮਾਮਲਿਆਂ ਵਿੱਚ ਦੋ ਵਿਅਕਤੀ ਗ੍ਰਿਫਤਾਰ, ਨਸ਼ੀਲੀਆਂ ਗੋਲੀਆਂ ਤੇ ਭੁੱਕੀ ਬਰਾਮਦ
Publish Date: Mon, 09 Feb 2026 03:18 PM (IST)
Updated Date: Mon, 09 Feb 2026 03:20 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਜ਼ਿਲ੍ਹਾ ਹੁਸ਼ਿਆਰਪੁਰ ਵਿਚ ਨਸ਼ਿਆਂ ਖ਼ਿਲਾਫ਼ ਚਲ ਰਹੀ ਮੁਹਿੰਮ ਤਹਿਤ ਪੁਲਿਸ ਵੱਲੋਂ ਐਨਡੀਪੀਐਸ ਐਕਟ ਅਧੀਨ ਦੋ ਵੱਖ-ਵੱਖ ਕਾਰਵਾਈਆਂ ਕਰਦਿਆਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਉਨ੍ਹਾਂ ਕੋਲੋਂ ਨਸ਼ੀਲੀਆਂ ਗੋਲੀਆਂ ਅਤੇ ਡੋਡੇ ਚੂਰੇ ਪੋਸਤ ਦੀ ਭਾਰੀ ਮਾਤਰਾ ਬਰਾਮਦ ਕੀਤੀ ਹੈ। ਮਾਹਿਲਪੁਰ ਪੁਲਿਸ ਨੇ ਦੱਸਿਆ ਕਿ ਏਐਸਆਈ ਸਤਨਾਮ ਸਿੰਘ ਇੰਚਾਰਜ ਚੌਕੀ ਸੈਲਾ ਖੁਰਦ ਆਪਣੀ ਪੁਲਿਸ ਪਾਰਟੀ ਸਮੇਤ ਚੈਕਿੰਗ ਲਈ ਸੈਲਾ ਖੁਰਦ ਤੋਂ ਪੇਪਰ ਮਿਲ ਵੱਲ ਜਾ ਰਹੇ ਸਨ। ਜਦੋਂ ਪੁਲਿਸ ਪਾਰਟੀ ਪੇਪਰ ਮਿਲ ਫੁੱਟਬਾਲ ਗਰਾਊਂਡ ਨੇੜੇ ਪੁੱਜੀ ਤਾਂ ਇੱਕ ਨੌਜਵਾਨ ਸ਼ੱਕੀ ਹਾਲਤ ਵਿੱਚ ਖੜਾ ਦਿਖਾਈ ਦਿੱਤਾ ਜੋ ਪੁਲਿਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ। ਪੁਲਿਸ ਨੇ ਉਸਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਪਵਨ ਕੁਮਾਰ ਉਰਫ ਤੋਤਾ ਪੁੱਤਰ ਮਹਿੰਦਰ ਵਾਸੀ ਜੱਸੋਵਾਲ ਦੱਸਿਆ। ਤਲਾਸ਼ੀ ਦੌਰਾਨ ਉਸ ਦੀ ਜੇਬ ਵਿੱਚੋਂ 28 ਨਸ਼ੀਲੀਆਂ ਸੰਤਰੀ ਰੰਗ ਦੀਆਂ ਗੋਲੀਆਂ ਬਰਾਮਦ ਹੋਈਆਂ। ਇਸੇ ਤਰ੍ਹਾਂ ਟਾਂਡਾ ਪੁਲਿਸ ਵੱਲੋਂ ਲੇਡੀ ਏਐਸਆਈ ਮਨਿੰਦਰ ਕੌਰ ਦੀ ਅਗਵਾਈ ਹੇਠ ਫੋਕਲ ਪੁਆਇੰਟ ਵੱਲ ਜਾਂਦਿਆਂ ਇੱਕ ਵਿਅਕਤੀ ਸ਼ੱਕੀ ਹਾਲਤ ਵਿੱਚ ਪੈਦਲ ਆਉਂਦਾ ਦਿਖਾਈ ਦਿੱਤਾ। ਪੁਲਿਸ ਨੇ ਕਾਬੂ ਕਰਕੇ ਨਾਮ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਅਜੇ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਟਾਂਡਾ ਦੱਸਿਆ। ਤਲਾਸ਼ੀ ਦੌਰਾਨ ਉਸ ਕੋਲੋਂ 5 ਕਿਲੋ ਡੋਡੇ ਚੂਰੇ ਪੋਸਤ (ਭੁੱਕੀ) ਬਰਾਮਦ ਹੋਇਆ। ਉਪਰੋਕਤ ਦੋਵਾਂ ਮਾਮਲਿਆਂ ਵਿੱਚ ਐਨਡੀਪੀਐਸ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਨਸ਼ਾ ਤਸਕਰੀ ਖ਼ਿਲਾਫ਼ ਮੁਹਿੰਮ ਜਾਰੀ ਰਹੇਗੀ ਅਤੇ ਦੋਸ਼ੀਆਂ ਨੂੰ ਕਿਸੇ ਵੀ ਸੂਰਤ ਵਿਚ ਬਖ਼ਸ਼ਿਆ ਨਹੀਂ ਜਾਵੇਗਾ।