ਜ਼ਿਲ੍ਹੇ ਦੀਆਂ ਮਹਿਲਾ ਪੰਚਾਂ-ਸਰਪੰਚਾਂ ਨੇ ਮਹਾਰਾਸ਼ਟਰ ਦੇ ਯੇਰਗੀ-ਅੰਤਾਪੁਰ ਪਿੰਡਾਂ ਦਾ ਕੀਤਾ ਦੌਰਾ
ਜ਼ਿਲ੍ਹੇ ਦੀਆਂ ਮਹਿਲਾ ਪੰਚਾਂ-ਸਰਪੰਚਾਂ ਨੇ ਮਹਾਰਾਸ਼ਟਰ ਦੇ ਯੇਰਗੀ-ਅੰਤਾਪੁਰ ਪਿੰਡਾਂ ਦਾ ਕੀਤਾ ਦੌਰਾ
Publish Date: Sun, 08 Feb 2026 03:57 PM (IST)
Updated Date: Sun, 08 Feb 2026 03:59 PM (IST)

ਔਰਤਾਂ ਆਪਣੀ ਸ਼ਕਤੀ ਨੂੰ ਪਹਿਚਾਣ ਕੇ ਸਮਾਜ ਦੀ ਅਗਵਾਈ ਕਰਨ: ਧਾਮੀ, ਕੁਲਦੀਪ ਕੌਰ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਪੰਜਾਬ ਸਰਕਾਰ ਦੇ ਪੰਚਾਇਤ ਵਿਭਾਗ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਨਾਲ ਸੰਬੰਧਿਤ ਪੰਚਾਇਤਾਂ ਦੀਆਂ ਮਹਿਲਾ ਸਰਪੰਚਾਂ ਅਤੇ ਪੰਚਾਂ ਨੂੰ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਵਿਖੇ ਇਕ ਵਿਸ਼ੇਸ਼ ਅਧਿਐਨ ਦੌਰੇ ‘ਤੇ ਭੇਜਿਆ ਗਿਆ। ਇਸ ਦੌਰੇ ਦਾ ਮਕਸਦ ਮਹਾਰਾਸ਼ਟਰ ਦੀਆਂ ਮਹਿਲਾ ਸਰਪੰਚਾਂ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਝਲਕ ਵਿਖਾ ਕੇ ਪੰਜਾਬ ਦੀਆਂ ਮਹਿਲਾ ਨੁਮਾਇੰਦਿਆਂ ਨੂੰ ਪ੍ਰੇਰਿਤ ਕਰਨਾ ਹੈ। ਦੌਰੇ ਦੌਰਾਨ ਮਹਿਲਾ ਸਰਪੰਚਾਂ ਅਤੇ ਪੰਚਾਂ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਅਤੇ ਨਾਂਦੇੜ ਸਾਹਿਬ ਦੇ ਨੇੜਲੇ ਧਾਰਮਿਕ ਸਥਾਨਾਂ ਦੇ ਦਰਸ਼ਨ ਵੀ ਕੀਤੇ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਯੇਰਗੀ ਅਤੇ ਅੰਤਾਪੁਰ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਦਾ ਦੌਰਾ ਕੀਤਾ ਗਿਆ। ਯੇਰਗੀ ਪਿੰਡ ਦੀ ਸਰਪੰਚ ਸੰਗੀਤਾ ਮਠਵਾਲੇ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਪੰਜਾਬ ਤੋਂ ਗਏ ਪੰਚਾਂ ਅਤੇ ਸਰਪੰਚਾਂ ਦਾ ਨਿੱਘਾ ਸਵਾਗਤ ਕੀਤਾ। ਪਿੰਡ ਵਿੱਚ ਮੰਦਰਾਂ ਦੇ ਨਾਲ-ਨਾਲ 18 ਪ੍ਰਾਚੀਨ ਖੂਹ ਅਤੇ ਪੌੜੀਆਂ ਮੌਜੂਦ ਹਨ, ਜੋ ਇੰਜੀਨੀਅਰਿੰਗ ਦੀ ਬੇਹਤਰੀਨ ਮਿਸਾਲ ਹਨ। ਪਿੰਡ ਦੇ ਮੈਂਬਰਾਂ ਨੇ ਦੱਸਿਆ ਕਿ ਇਹ ਸਾਰੇ ਖੂਹ ਆਪਸ ਵਿੱਚ ਜੁੜੇ ਹੋਏ ਹਨ ਅਤੇ 1972 ਦੇ ਭਿਆਨਕ ਸੋਕੇ ਦੌਰਾਨ ਵੀ ਇਨ੍ਹਾਂ ਦਾ ਪਾਣੀ ਨਹੀਂ ਸੁੱਕਿਆ ਸੀ। ਇਸ ਮੌਕੇ ਕੁਲਦੀਪ ਕੌਰ ਸਰਪੰਚ ਸਤੌਰ, ਮੀਨਾ ਰਾਣੀ ਸਰਪੰਚ ਸ਼ੇਰਪੁਰ, ਰਾਜਵੰਤ ਕੌਰ ਧਾਮੀ ਡਗਾਣਾ ਖੁਰਦ, ਰਵਿੰਦਰ ਕੌਰ ਬੂਰੇ ਰਾਜਪੂਤਾਂ, ਹਰਮਿੰਦਰ ਕੌਰ ਪੰਡੋਰੀ ਬਾਵਾ ਦਾਸ, ਹਰਜਿੰਦਰ ਕੌਰ ਮੋਹਣੋਵਾਲ, ਨੀਲਮ ਮਿੱਠੇਵਾਲ, ਮੀਨਾਕਸ਼ੀ ਤਲਵਾੜਾ, ਊਸ਼ਾ ਰਾਣੀ ਹੁੱਕੜਾ, ਸੁਖਜਿੰਦਰ ਕੌਰ ਗੜ੍ਹੀ, ਜਸਵੀਰ ਕੌਰ ਮੋਹਣੋਵਾਲ, ਰੇਖਾ ਕਮਾਹੀਦੇਹੀ, ਮਨਜੀਤ ਕੌਰ ਦੌਲੋਵਾਲ, ਦਵਿੰਦਰ ਕੌਰ ਗੋਂਦਪੁਰ, ਸੋਮਾ ਦੇਵੀ ਸਮੇਤ ਹੋਰ ਮਹਿਲਾ ਨੁਮਾਇੰਦਿਆਂ ਨੇ ਕਿਹਾ ਕਿ ਮਹਾਰਾਸ਼ਟਰ ਵਿੱਚ ਪੰਚਾਇਤਾਂ ਦਾ ਕੰਮਕਾਜ ਤੇਜ਼ ਅਤੇ ਸਰਲ ਢੰਗ ਨਾਲ ਚੱਲ ਰਿਹਾ ਹੈ ਅਤੇ ਪੰਜਾਬ ਵਿੱਚ ਵੀ ਵਿਕਾਸ ਯੋਜਨਾਵਾਂ ਨੂੰ ਇਸੇ ਤਰਜ਼ ‘ਤੇ ਲਾਗੂ ਕਰਨ ਦੀ ਲੋੜ ਹੈ। ਰਾਜਵੰਤ ਕੌਰ ਧਾਮੀ ਅਤੇ ਕੁਲਦੀਪ ਕੌਰ ਨੇ ਕਿਹਾ ਕਿ ਜਿਸ ਤਰ੍ਹਾਂ ਮਹਾਰਾਸ਼ਟਰ ਵਿੱਚ ਪੰਚਾਇਤ ਸਕੱਤਰ ਅਤੇ ਹੋਰ ਅਧਿਕਾਰੀ ਯੋਜਨਾਵਾਂ ਨੂੰ ਲਾਗੂ ਕਰਨ ਲਈ ਰੋਜ਼ਾਨਾ ਪੰਚਾਇਤਾਂ ਨਾਲ ਕੰਮ ਕਰਦੇ ਹਨ, ਪੰਜਾਬ ਵਿੱਚ ਵੀ ਇਸੇ ਤਰਜ਼ ਉੱਪਰ ਕੰਮ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਜੇਕਰ ਇੱਕ ਸਕੱਤਰ ਇੱਕ ਜਾਂ ਦੋ ਪੰਚਾਇਤਾਂ ਲਈ ਜ਼ਿੰਮੇਵਾਰ ਹੋਵੇਗਾ, ਤਾਂ ਵਿਕਾਸ ਯੋਜਨਾਵਾਂ ਨੂੰ ਜਲਦੀ ਅਤੇ ਸਹੀ ਢੰਗ ਨਾਲ ਲਾਗੂ ਕੀਤਾ ਜਾ ਸਕਦਾ ਹੈ। ਰਾਜਵੰਤ ਕੌਰ ਧਾਮੀ ਨੇ ਕਿਹਾ ਕਿ ਔਰਤਾਂ ਨੂੰ ਆਪਣੀ ਸ਼ਕਤੀ ਨੂੰ ਪਛਾਣਨਾ ਚਾਹੀਦਾ ਹੈ ਅਤੇ ਪੰਚਾਇਤਾਂ ਦੀ ਅਗਵਾਈ ਕਰਨੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦੇ ਪਿੰਡਾਂ ਦੀ ਤੇਜ਼ੀ ਨਾਲ ਤਰੱਕੀ ਹੋ ਸਕੇ। ਇਸ ਦੌਰੇ ਦੌਰਾਨ ਸੁਖਪ੍ਰੀਤਪਾਲ ਸਿੰਘ ਬੀਡੀਪੀਓ ਹਾਜੀਪੁਰ, ਪੰਚਾਇਤ ਸਕੱਤਰ ਸ਼੍ਰੀਮਤੀ ਆਰਤੀ, ਪ੍ਰਵੀਨ ਕੁਮਾਰੀ ਵੀਡੀਓ, ਰਾਜਿੰਦਰ ਕੌਰ, ਤਜਿੰਦਰ ਸਿੰਘ ਵਾਲੀਆ, ਸੁਖਜਿੰਦਰ ਸਿੰਘ ਇੰਚਾਰਜ ਜੀਆਰਐਸ ਆਦਿ ਵੀ ਮੌਜੂਦ ਸਨ।