9 ਤੋਂ 11 ਫਰਵਰੀ ਤੱਕ ਪਿੰਡਾਂ ਵਿੱਚ ਮੋਦੀ-ਟਰੰਪ ਦੇ ਪੁਤਲੇ ਫੂਕਣ ਦਾ ਐਲਾਨ
12 ਫਰਵਰੀ ਦੀ ਦੇਸ਼ਵਿਆਪੀ ਹੜਤਾਲ ਨੂੰ ਸੰਯੁਕਤ ਕਿਸਾਨ ਮੋਰਚੇ ਦਾ ਸਮਰਥਨ
Publish Date: Sun, 08 Feb 2026 03:41 PM (IST)
Updated Date: Sun, 08 Feb 2026 03:44 PM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਹੁਸ਼ਿਆਰਪੁਰ ਦੇ ਸੀਟੂ ਦਫ਼ਤਰ ਵਿਚ ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਦੀ ਇਕ ਸਾਂਝੀ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਕਾਮਰੇਡ ਗੁਰਮੇਸ਼ ਸਿੰਘ ਵੱਲੋਂ ਕੀਤੀ ਗਈ। ਮੀਟਿੰਗ ਵਿਚ ਕੇਂਦਰੀ ਜਥੇਬੰਦੀਆਂ ਵੱਲੋਂ 12 ਫਰਵਰੀ 2026 ਨੂੰ ਦੇਸ਼ ਭਰ ਵਿਚ ਕੀਤੀ ਜਾਣ ਵਾਲੀ ਹੜਤਾਲ ਦੇ ਸਮਰਥਨ ਦਾ ਐਲਾਨ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਇਸ ਹੜਤਾਲ ਦਾ ਪੂਰਾ ਸਮਰਥਨ ਕਰਦਾ ਹੈ ਅਤੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰੇਗਾ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਚਾਰ ਲੇਬਰ ਕੋਡ ਮਜ਼ਦੂਰ ਵਿਰੋਧੀ ਹਨ, ਜਿਨ੍ਹਾਂ ਦੇ ਖਿਲਾਫ਼ 12 ਫਰਵਰੀ ਨੂੰ ਬੇਮਿਸਾਲ ਹੜਤਾਲ ਕੀਤੀ ਜਾਵੇਗੀ। ਮੀਟਿੰਗ ਵਿਚ ਇਹ ਵੀ ਫੈਸਲਾ ਕੀਤਾ ਗਿਆ ਕਿ 9 ਫਰਵਰੀ ਤੋਂ 11 ਫਰਵਰੀ ਤੱਕ ਪਿੰਡਾਂ ਵਿੱਚ ਮੋਦੀ ਅਤੇ ਟਰੰਪ ਦੇ ਪੁਤਲੇ ਫੂਕੇ ਜਾਣਗੇ। ਇਸ ਤੋਂ ਇਲਾਵਾ ਜੇ ਕੇਂਦਰ ਸਰਕਾਰ ਨੇ ਬੀਜ ਬਿੱਲ ਜਾਂ ਬਿਜਲੀ ਸੋਧ ਐਕਟ ਨੂੰ ਪਾਰਲੀਮੈਂਟ ਵਿਚ ਪਾਸ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਗਲੇ ਦਿਨ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ। ਮੀਟਿੰਗ ਵਿਚ ਹਰਬੰਸ ਸਿੰਘ ਸੰਘਾ, ਕਾਮ. ਗੁਰਮੇਸ਼ ਸਿੰਘ, ਭੁਪਿੰਦਰ ਸਿੰਘ ਭੂੰਗਾ, ਡਾ. ਸੁਖਦੇਵ ਸਿੰਘ ਢਿੱਲੋਂ, ਮਲਕੀਤ ਸਿੰਘ, ਤੀਰਥ ਸਿੰਘ ਸਤਨੌਰ, ਮਨਜੀਤ ਸਿੰਘ ਸੈਣੀ, ਸਤੀਸ਼ ਰਾਣਾ ਸਮੇਤ ਹੋਰ ਆਗੂ ਹਾਜ਼ਰ ਰਹੇ।