ਵਾਰਡ-8 ’ਚ ਚੌਧਰੀ ਬਿਲਾਸਰਾਮ ਪਾਰਕ ਦੇ ਨਿਰਮਾਣ ਦਾ ਵਿਧਾਇਕ ਜਿੰਪਾ ਵੱਲੋਂ ਸ਼ੁਭ ਆਰੰਭ
ਵਾਰਡ ਨੰਬਰ 8 ’ਚ ਚੌਧਰੀ ਬਿਲਾਸਰਾਮ ਪਾਰਕ ਦੇ ਨਿਰਮਾਣ ਦਾ ਵਿਧਾਇਕ ਜਿੰਪਾ ਵੱਲੋਂ ਸ਼ੁਭ ਆਰੰਭ
Publish Date: Sun, 08 Feb 2026 03:38 PM (IST)
Updated Date: Sun, 08 Feb 2026 03:41 PM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਨਗਰ ਨਿਗਮ ਵਾਰਡ ਨੰਬਰ 8 ਵਿੱਚ ਚੌਧਰੀ ਬਿਲਾਸਰਾਮ ਦੇ ਨਾਮ ’ਤੇ ਬਣਨ ਵਾਲੇ ਪਾਰਕ ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਰੱਖ ਕੇ ਰਸਮੀ ਸ਼ੁਰੂਆਤ ਕੀਤੀ। ਇਸ ਪਾਰਕ ਦਾ ਨਿਰਮਾਣ 14 ਲੱਖ 80 ਹਜ਼ਾਰ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ। ਵਿਧਾਇਕ ਜਿੰਪਾ ਨੇ ਕਿਹਾ ਕਿ ਇਹ ਪਾਰਕ ਇਲਾਕੇ ਦੇ ਵਸਨੀਕਾਂ ਨੂੰ ਹਰਾ-ਭਰਾ ਵਾਤਾਵਰਨ, ਸੈਰ-ਸਪਾਟੇ ਦੀ ਸੁਵਿਧਾ ਅਤੇ ਬੱਚਿਆਂ ਲਈ ਸੁਰੱਖਿਅਤ ਖੇਡ ਮੈਦਾਨ ਮੁਹੱਈਆ ਕਰਵਾਏਗਾ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਸ਼ਹਿਰੀ ਵਿਕਾਸ ਅਤੇ ਨਾਗਰਿਕ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਵਾਰਡ ਪੱਧਰ ’ਤੇ ਪਾਰਕਾਂ, ਸੜਕਾਂ, ਸਟਰੀਟ ਲਾਈਟਾਂ, ਪੀਣ ਵਾਲੇ ਪਾਣੀ ਅਤੇ ਸੀਵਰੇਜ ਵਰਗੇ ਬੁਨਿਆਦੀ ਢਾਂਚੇ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਵਿਧਾਇਕ ਨੇ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਨਿਰਮਾਣ ਕਾਰਜ ਨਿਰਧਾਰਤ ਸਮਾਂ ਸੀਮਾ ਅੰਦਰ ਅਤੇ ਉੱਚ ਗੁਣਵੱਤਾ ਦੇ ਮਾਪਦੰਡਾਂ ਅਨੁਸਾਰ ਪੂਰਾ ਕੀਤਾ ਜਾਵੇ। ਉਨ੍ਹਾਂ ਜ਼ੋਰ ਦਿੱਤਾ ਕਿ ਪਾਰਦਰਸ਼ਤਾ ਅਤੇ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਕੌਂਸਲਰ ਮੁਖੀ ਰਾਮ, ਕੁਲਵੰਤ ਸਿੰਘ, ਵਰਿੰਦਰ ਵੈਦ, ਕੁਲਵਿੰਦਰ ਸਿੰਘ ਹੁੰਦਲ, ਸੋਹਣ ਸਿੰਘ ਅਤੇ ਪਰਮਜੀਤ ਸਿੰਘ ਸਮੇਤ ਹੋਰ ਕਈ ਸਨਮਾਨਿਤ ਵਿਅਕਤੀ ਹਾਜ਼ਰ ਸਨ। ਸਥਾਨਕ ਨਿਵਾਸੀਆਂ ਨੇ ਵੀ ਇਸ ਪਹਿਲਕਦਮੀ ਦਾ ਸਵਾਗਤ ਕੀਤਾ।