ਉਚੀ ਬੱਸੀ ਨੇੜੇ ਬੱਸ-ਟਰੱਕ ਦੀ ਭਿਆਨਕ ਟੱਕਰ, ਚਾਰ ਜ਼ਖ਼ਮੀ
ਉਚੀ ਬੱਸੀ ਨੇੜੇ ਬੱਸ-ਟਰੱਕ ਦੀ ਭਿਆਨਕ ਟੱਕਰ, ਚਾਰ ਜਖਮੀ
Publish Date: Sun, 08 Feb 2026 03:31 PM (IST)
Updated Date: Sun, 08 Feb 2026 03:32 PM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਦਸੂਹਾ ਦੇ ਉਂਚੀ ਬੱਸੀ ਨੇੜੇ ਜਲੰਧਰ-ਜੰਮੂ ਨੈਸ਼ਨਲ ਹਾਈਵੇ ’ਤੇ ਐਤਵਾਰ ਤੜਕੇ ਇੱਕ ਨਿੱਜੀ ਬੱਸ ਅਤੇ ਲੱਕੜਾਂ ਨਾਲ ਭਰੇ ਟਰੱਕ ਵਿਚਕਾਰ ਹੋਈ ਭਿਆਨਕ ਟੱਕਰ ਵਿਚ ਬੱਸ ਡਰਾਈਵਰ ਸਮੇਤ ਚਾਰ ਯਾਤਰੀ ਗੰਭੀਰ ਜ਼ਖਮੀ ਹੋ ਗਏ। ਪੁਲਿਸ ਮੁਤਾਬਕ ਇਹ ਹਾਦਸਾ ਸਵੇਰੇ ਕਰੀਬ 4 ਵਜੇ ਵਾਪਰਿਆ ਜਦੋਂ ਦਿੱਲੀ ਤੋਂ ਜੰਮੂ ਜਾ ਰਹੀ ਬੱਸ ਉਚੀ ਬੱਸੀ ਨੇੜੇ ਪੁੱਜੀ। ਇਲਾਕੇ ਵਿੱਚ ਪੁੱਲ ਦੀ ਮੁਰੰਮਤ ਕਾਰਨ ਟ੍ਰੈਫਿਕ ਨੂੰ ਇੱਕ ਪਾਸੇ ਤੋਂ ਚਲਾਇਆ ਜਾ ਰਿਹਾ ਸੀ। ਇਸ ਦੌਰਾਨ ਸਾਹਮਣੇ ਤੋਂ ਆ ਰਹੇ ਟਰੱਕ ਨੇ ਬੱਸ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਬੱਸ ਪੁੱਲ ਦੇ ਪੈਰਾਫਿਟ ਉੱਤੇ ਚੜ੍ਹ ਗਈ। ਕੇਸ ਦੇ ਇਨਵੈਸਟੀਗੇਟਿੰਗ ਅਫਸਰ, ਦਸੂਹਾ ਥਾਣੇ ਦੇ ਅਸਿਸਟੈਂਟ ਸਬ ਇੰਸਪੈਕਟਰ ਮਹਿੰਦਰ ਸਿੰਘ ਨੇ ਦੱਸਿਆ ਕਿ ਪੁੱਲ ਥੋੜ੍ਹਾ ਬੈਠ ਜਾਣ ਕਾਰਨ ਟ੍ਰੈਫਿਕ ਨੂੰ ਵਨ-ਵੇ ਕੀਤਾ ਗਿਆ ਸੀ। ਬੱਸ ਵਿੱਚ ਲਗਭਗ 46 ਸਵਾਰੀਆਂ ਮੌਜੂਦ ਸਨ, ਜਿਨ੍ਹਾਂ ਵਿੱਚੋਂ ਕਈ ਸਵੇਰ ਦਾ ਸਮਾਂ ਹੋਣ ਕਾਰਨ ਸੁੱਤੀਆਂ ਹੋਈਆਂ ਸਨ। ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਅਤੇ ਪੁਲਿਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਖਮੀਆਂ ਨੂੰ ਬਚਾਇਆ ਅਤੇ ਦਸੂਹਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ। ਬੱਸ ਡਰਾਈਵਰ ਬੱਸ ਵਿੱਚ ਫਸ ਗਿਆ ਸੀ, ਜਿਸ ਨੂੰ ਕਰੀਬ ਤਿੰਨ ਘੰਟਿਆਂ ਦੀ ਮੁਸ਼ੱਕਤ ਅਤੇ ਕਟਰ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਪੁਲਿਸ ਨੇ ਦੱਸਿਆ ਕਿ ਡਰਾਈਵਰ ਦੀਆਂ ਦੋਵੇਂ ਲੱਤਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਪੁਲਿਸ ਅਨੁਸਾਰ ਜਖਮੀਆਂ ਦੀ ਪਹਿਚਾਣ ਬੱਸ ਡਰਾਈਵਰ ਇਮਰਾਨ ਸ਼ਰੀਫ, ਸੁਦੇਸ਼ ਕੁਮਾਰ, ਮੁਸ਼ਤਾਕ ਅਹਿਮਦ ਅਤੇ ਦੁਰਗਾ ਦੱਤ ਵਜੋਂ ਹੋਈ ਹੈ, ਜੋ ਸਾਰੇ ਜੰਮੂ-ਕਸ਼ਮੀਰ ਦੇ ਨਿਵਾਸੀ ਹਨ।