ਐੱਨਡੀਪੀਐਸ ਐਕਟ ਤਹਿਤ ਤਿੰਨ ਨਸ਼ਾ ਕਰਨ ਵਾਲੇ ਕਾਬੂ
ਮੇਹਟੀਆਣਾ ਅਤੇ ਸਦਰ ਪੁਲਿਸ ਵੱਲੋਂ ਐਨਡੀਪੀਐਸ ਐਕਟ ਤਹਿਤ ਤਿੰਨ ਨਸ਼ਾ ਕਰਨ ਵਾਲੇ ਕਾਬੂ
Publish Date: Sun, 08 Feb 2026 03:28 PM (IST)
Updated Date: Sun, 08 Feb 2026 03:29 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਮੇਹਟੀਆਣਾ ਅਤੇ ਸਦਰ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿੱਚ ਤਿੰਨ ਵਿਅਕਤੀਆਂ ਨੂੰ ਐਨਡੀਪੀਐਸ ਐਕਟ ਅਧੀਨ ਗ੍ਰਿਫ਼ਤਾਰ ਕੀਤਾ ਹੈ। ਪਹਿਲੇ ਮਾਮਲੇ ਵਿੱਚ ਥਾਣਾ ਮੇਹਟੀਆਣਾ ਦੀ ਪੁਲਿਸ ਨੇ ਰਵੀ ਕੁਮਾਰ, ਪੁੱਤਰ ਦੇਵ ਰਾਜ, ਵਾਸੀ ਪਿੰਡ ਸਾਹਰੀ ਨੂੰ ਕਾਬੂ ਕੀਤਾ ਹੈ। ਪੁਲਿਸ ਮੁਤਾਬਕ ਏਐਸਆਈ ਉਂਕਾਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਅਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੌਰਾਨ ਪਿੰਡ ਮਰਨਾਈਆਂ ਤੋਂ ਸਾਹਰੀ ਵੱਲ ਜਾ ਰਹੀ ਸੀ ਕਿ ਰਸਤੇ ਵਿੱਚ ਇੱਕ ਨੌਜਵਾਨ ਝਾੜੀਆਂ ਦੇ ਉਹਲੇ ਬੈਠਾ ਨਸ਼ੀਲਾ ਪਦਾਰਥ ਵਰਤਦਾ ਦਿਖਾਈ ਦਿੱਤਾ। ਤਲਾਸ਼ੀ ਦੌਰਾਨ ਉਸ ਕੋਲੋਂ ਸਿਲਵਰ ਵਰਕ ਦੀ ਪੰਨੀ, ਲਾਈਟਰ ਅਤੇ 10 ਰੁਪਏ ਦਾ ਕਰੰਸੀ ਨੋਟ ਪਾਇਪ ਨੁਮਾ ਬਰਾਮਦ ਹੋਇਆ। ਦੂਜੇ ਕੇਸ ਵਿੱਚ ਮੇਹਟੀਆਣਾ ਪੁਲਿਸ ਨੇ ਮਨਪ੍ਰੀਤ, ਪੁੱਤਰ ਹਰਦੇਵ ਸਿੰਘ, ਵਾਸੀ ਸਾਹਰੀ ਨੂੰ ਵੀ ਇਸੇ ਤਰ੍ਹਾਂ ਨਸ਼ੀਲਾ ਪਦਾਰਥ ਵਰਤਦੇ ਹੋਏ ਕਾਬੂ ਕੀਤਾ। ਉਸ ਪਾਸੋਂ ਵੀ ਸਿਲਵਰ ਵਰਕ ਦੀ ਪੰਨੀ, ਲਾਈਟਰ ਅਤੇ 10 ਰੁਪਏ ਦਾ ਨੋਟ ਪਾਇਪ ਨੁਮਾ ਬਰਾਮਦ ਹੋਣ ’ਤੇ ਮੁਕੱਦਮਾ ਦਰਜ ਕੀਤਾ ਗਿਆ। ਤੀਜੇ ਮਾਮਲੇ ਵਿੱਚ ਥਾਣਾ ਸਦਰ ਹੁਸ਼ਿਆਰਪੁਰ ਦੀ ਪੁਲਿਸ ਨੇ ਸੋਹਣ ਲਾਲ ਉਰਫ ਸੋਨੂੰ, ਪੁੱਤਰ ਦੇਵਰਾਜ, ਵਾਸੀ ਪਿੰਡ ਇਲਾਹਾਬਾਦ ਨੂੰ ਨਸ਼ੇ ਦੀ ਹਾਲਤ ਵਿੱਚ ਅੱਡਾ ਬਜਵਾੜਾ ਤੋਂ ਕਾਬੂ ਕੀਤਾ। ਪੁਲਿਸ ਨੇ ਉਸ ਦਾ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਡੋਪ ਟੈਸਟ ਕਰਵਾਇਆ, ਜਿਸ ਦੀ ਰਿਪੋਰਟ ਵਿੱਚ ਮੋਰਫਿਨ ਪਾਜ਼ੇਟਿਵ ਆਇਆ। ਪੁਲਿਸ ਵੱਲੋਂ ਤਿੰਨਾਂ ਮੁਲਜ਼ਮਾਂ ਖਿਲਾਫ ਐਨਡੀਪੀਐਸ ਐਕਟ ਦੀਆਂ ਸਬੰਧਤ ਧਾਰਾਵਾਂ ਅਧੀਨ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।