ਮਹਿੰਦਵਾਣੀ ਗੁੱਜਰਾਂ ਵਿੱਚ ਮੋਟਰਸਾਈਕਲ ਸਵਾਰ ਹਮਲਾਵਰ ਵੱਲੋਂ 62 ਸਾਲਾ ਮਹਿਲਾ ਦੀ ਗੋਲੀਆਂ ਮਾਰ ਕੇ ਹੱਤਿਆ
ਮਹਿੰਦਵਾਣੀ ਗੁੱਜਰਾਂ ਵਿੱਚ ਮੋਟਰਸਾਈਕਲ ਸਵਾਰ ਹਮਲਾਵਰ ਵੱਲੋਂ 62 ਸਾਲਾ ਮਹਿਲਾ ਦੀ ਗੋਲੀਆਂ ਮਾਰ ਕੇ ਹੱਤਿਆ
Publish Date: Sat, 07 Feb 2026 05:40 PM (IST)
Updated Date: Sat, 07 Feb 2026 05:41 PM (IST)
ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ : ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਮਹਿੰਦਵਾਣੀ ਗੁੱਜਰਾਂ ਪਿੰਡ ’ਚ ਸ਼ਨਿਚਰਵਾਰ ਤੜਕਸਾਰ ਇੱਕ 62 ਸਾਲਾ ਮਹਿਲਾ ਨੂੰ ਮੋਟਰਸਾਈਕਲ ਸਵਾਰ ਅਣਪਛਾਤੇ ਹਮਲਾਵਰ ਨੇ ਗੋਲ਼ੀਆਂ ਮਾਰ ਕੇ ਮਾਰ ਦਿੱਤਾ। ਪੁਲਿਸ ਮੁਤਾਬਕ ਇਹ ਘਟਨਾ ਸਵੇਰੇ ਕਰੀਬ 5.30 ਵਜੇ ਉਸ ਸਮੇਂ ਵਾਪਰੀ ਜਦੋਂ ਮਹਿਲਾ ਨੇੜਲੇ ਧਾਰਮਿਕ ਸਥਾਨ ਭੂਰੀ ਵਾਲਿਆਂ ਦੀ ਕੁਟੀਆ ’ਚ ਮੱਥਾ ਟੇਕ ਕੇ ਘਰ ਵਾਪਸ ਆ ਰਹੀ ਸੀ। ਹਮਲਾਵਰ ਨੇ ਉਸ ‘ਤੇ ਅੰਨ੍ਹੇਵਾਹ ਗੋਲ਼ੀਆਂ ਚਲਾਈਆਂ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਈ। ਮਹਿਲਾ ਨੂੰ ਤੁਰੰਤ ਸਿਵਲ ਹਸਪਤਾਲ ਗੜ੍ਹਸ਼ੰਕਰ ਲਿਜਾਇਆ ਜਾ ਰਿਹਾ ਸੀ ਪਰ ਰਸਤੇ ’ਚ ਹੀ ਉਸ ਦੀ ਮੌਤ ਹੋ ਗਈ। ਹਮਲੇ ਤੋਂ ਬਾਅਦ ਮੁਲਜ਼ਮ ਮੋਟਰਸਾਈਕਲ ‘ਤੇ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਦੱਸਿਆ ਕਿ ਮ੍ਰਿਤਕਾ ਦੇ ਪਤੀ ਸ਼ਾਮ ਲਾਲ ਪੰਜਾਬ ਪੁਲਿਸ ਦੇ ਸੇਵਾਮੁਕਤ ਸਹਾਇਕ ਸਬ-ਇੰਸਪੈਕਟਰ ਹਨ। ਡਿਪਟੀ ਸੁਪਰਡੈਂਟ ਆਫ ਪੁਲਿਸ ਦਲਜੀਤ ਸਿੰਘ ਖੱਖ ਨੇ ਕਿਹਾ ਕਿ ਇਲਾਕੇ ਦੇ ਸੀਸੀਟੀਵੀਜ਼ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਮਲਾਵਰ ਦੀ ਭਾਲ ਲਈ ਸੰਭਾਵੀ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕਿਸੇ ਗੈਂਗਸਟਰ ਐਂਗਲ ਦੀ ਪੁਸ਼ਟੀ ਨਹੀਂ ਹੋਈ ਹੈ ਅਤੇ ਕਤਲ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।