ਭਾਜਪਾ ਦੇ ਨਫ਼ਰਤੀ ‘ਟੀਕਾਕਰਨ’ ਦਾ ਸ਼ਿਕਾਰ ਹੋਏ ਰਵਨੀਤ ਬਿੱਟੂ : ਰਾਜੀਵ ਸ਼ਰਮਾ

ਜਗਮੋਹਨ ਸ਼ਰਮਾ, ਪੰਜਾਬੀ ਜਾਗਰਣ, ਤਲਵਾੜਾ : ਕਾਂਗਰਸ ਦੇ ਸੀਨੀਅਰ ਆਗੂ ਰਾਜੀਵ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੌਜੂਦਾ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਇੱਕ ਸਮੇਂ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਦਾ ਦੇਖਣਾ ਚਾਹੁੰਦੇ ਸਨ।ਰਾਜੀਵ ਸ਼ਰਮਾ ਨੇ ਕਿਹਾ ਕਿ ਕਾਂਗਰਸ ਵਿੱਚ ਰਹਿੰਦਿਆਂ ਰਵਨੀਤ ਬਿੱਟੂ ਤਿੰਨ ਵਾਰ ਸੰਸਦ ਮੈਂਬਰ ਬਣੇ, ਪਰ ਕਾਂਗਰਸ ਛੱਡਣ ਤੋਂ ਬਾਅਦ ਭਾਜਪਾ ਦੇ ਸਹਾਰੇ ਲੋਕ ਸਭਾ ਚੋਣ ਜਿੱਤਣ ਵਿੱਚ ਨਾਕਾਮ ਰਹੇ। ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਹੁਣ ਇਸ ਮਾਮਲੇ ਨੂੰ ਸਿੱਖਾਂ ਵਿਰੁੱਧ ਨਫ਼ਰਤੀ ਸੁਨੇਹਾ ਫੈਲਾਉਣ ਲਈ ਵਰਤ ਰਹੀ ਹੈ।ਉਨ੍ਹਾਂ ਕਿਹਾ ਕਿ ਭਾਜਪਾ ਸਦਾ ਹੀ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਰਾਜਨੀਤੀ ਕਰਦੀ ਆਈ ਹੈ। ਪਹਿਲਾਂ ਹਿੰਦੂ-ਮੁਸਲਿਮ ਦੀ ਗੱਲ ਕੀਤੀ ਗਈ ਅਤੇ ਹੁਣ ਪੰਜਾਬ ਵਿੱਚ ਹਿੰਦੂ-ਸਿੱਖ ਏਕਤਾ ਵਿੱਚ ਦਰਾਰ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਜਪਾ ਦਾ ਨਾ ਤਾਂ ਪੰਜਾਬ ਵਿੱਚ ਪਹਿਲਾਂ ਕੋਈ ਆਧਾਰ ਸੀ, ਨਾ ਹੈ ਅਤੇ ਨਾ ਹੀ ਭਵਿੱਖ ਵਿੱਚ ਹੋਵੇਗਾ। ਰਾਜੀਵ ਸ਼ਰਮਾ ਨੇ ਸਪਸ਼ਟ ਕੀਤਾ ਕਿ ਰਾਹੁਲ ਗਾਂਧੀ ਵੱਲੋਂ “ਗੱਦਾਰ ਦੋਸਤ” ਸ਼ਬਦਾਂ ਦੀ ਵਰਤੋਂ ਇਸ ਲਈ ਕੀਤੀ ਗਈ ਕਿਉਂਕਿ ਰਵਨੀਤ ਬਿੱਟੂ ਨੇ ਕਾਂਗਰਸ ਪਾਰਟੀ ਨਾਲ ਧੋਖਾ ਕੀਤਾ। ਭਾਜਪਾ ਵੱਲੋਂ ਇਸ ਬਿਆਨ ਨੂੰ ਸਿੱਖ ਮਰਿਆਦਾ ਨਾਲ ਜੋੜਨਾ ਨਾ ਸਿਰਫ਼ ਦੁੱਖਦਾਈ ਹੈ, ਸਗੋਂ ਪੰਜਾਬ ਅਤੇ ਦੇਸ਼ ਲਈ ਵੀ ਗੰਭੀਰ ਚਿੰਤਾ ਦੀ ਗੱਲ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਵਾਰ-ਵਾਰ 1984 ਦੇ ਕਾਲੇ ਦੌਰ ਨਾਲ ਜੋੜਨਾ ਭਾਜਪਾ ਦੀ ਅਤਿ ਨਿੰਦਣਯੋਗ ਕਰਤੂਤ ਹੈ, ਜਦਕਿ ਉਸ ਸਮੇਂ ਭਾਜਪਾ ਮੂਕ ਦਰਸ਼ਕ ਬਣੀ ਰਹੀ। ਜਦੋਂ ਪੰਜਾਬ ਵਿੱਚ ਹਿੰਦੂਆਂ ਦੀਆਂ ਹੱਤਿਆਵਾਂ ਹੋ ਰਹੀਆਂ ਸਨ, ਤਦ ਅੱਜ ਹਿੰਦੂਆਂ ਦੀ ਗੱਲ ਕਰਨ ਵਾਲੀ ਭਾਜਪਾ ਕਿੱਥੇ ਸੀ? ਉਹ ਸਮਾਂ ਇੱਕ ਐਸਾ ਕਾਲਾ ਦੌਰ ਸੀ ਜਿਸ ਵਿੱਚ ਹਿੰਦੂ ਵੀ ਪੀੜਤ ਹੋਏ ਅਤੇ ਸਿੱਖ ਭਰਾ ਵੀ। ਇਸ ਲਈ ਪੂਰੀ ਸਿੱਖ ਕੌਮ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ।ਰਾਜੀਵ ਸ਼ਰਮਾ ਨੇ ਕਿਹਾ ਕਿ ਰਵਨੀਤ ਬਿੱਟੂ ਨੂੰ ਰਾਜਨੀਤੀ ਜ਼ਰੂਰ ਕਰਨੀ ਚਾਹੀਦੀ ਹੈ, ਪਰ ਆਪਣੇ ਦਾਦਾ ਸ਼ਹੀਦ ਬੇਅੰਤ ਸਿੰਘ ਦੀ ਸ਼ਹਾਦਤ ਨਾਲ ਸਿਆਸਤ ਨਹੀਂ ਖੇਡਣੀ ਚਾਹੀਦੀ।ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੀ ਜਨਤਾ ਕਾਂਗਰਸ ਪਾਰਟੀ ਦੀ ਸਰਕਾਰ ਬਣਾਏਗੀ ਅਤੇ ਨਫ਼ਰਤ ਦੀ ਰਾਜਨੀਤੀ ਕਰਨ ਵਾਲਿਆਂ ਨੂੰ ਪੂਰੀ ਤਰ੍ਹਾਂ ਨਕਾਰ ਦੇਵੇਗੀ।ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਛੱਡਣ ਤੋਂ ਬਾਅਦ ਹੋਈਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕਾਂ ਨੇ ਰਵਨੀਤ ਬਿੱਟੂ ਨੂੰ ਨਕਾਰ ਦਿੱਤਾ, ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਬਣਾਕੇ ਰੇਲ ਰਾਜ ਮੰਤਰੀ ਬਣਾਇਆ।ਅਖੀਰ ਵਿੱਚ ਰਾਜੀਵ ਸ਼ਰਮਾ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ “ਰੇਨਕੋਟ ਪਾ ਕੇ ਨ੍ਹਾਉਣ” ਵਰਗੇ ਬਿਆਨ ਦਿੱਤੇ ਗਏ ਜਾਂ ਡਾ. ਮਨਮੋਹਨ ਸਿੰਘ ਉੱਤੇ ਟਿੱਪਣੀਆਂ ਕੀਤੀਆਂ ਗਈਆਂ, ਤਾਂ ਕੀ ਉਸ ਵੇਲੇ ਸਿੱਖਾਂ ਦੀ ਮਰਿਆਦਾ ਨੂੰ ਠੇਸ ਨਹੀਂ ਪਹੁੰਚੀ? ਇਹ ਭਾਜਪਾ ਦਾ ਦੋਹਰਾ ਚਿਹਰਾ ਹੈ, ਜਿਸਨੂੰ ਪੰਜਾਬ ਦੀ ਜਨਤਾ ਭਲੀ-ਭਾਂਤੀ ਸਮਝ ਚੁੱਕੀ ਹੈ।