ਹੁਸ਼ਿਆਰਪੁਰ ਜ਼ਿਲ੍ਹੇ ’ਚ ਐੱਨਡੀਪੀਐੱਸ ਐਕਟ ਤਹਿਤ ਚਾਰ ਵਿਅਕਤੀ ਗ੍ਰਿਫਤਾਰ, 10 ਕਿਲੋ ਤੋਂ ਵੱਧ ਚੂਰਾ ਪੋਸਤ ਬਰਾਮਦ
ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਐਨਡੀਪੀਐਸ ਐਕਟ ਤਹਿਤ ਚਾਰ ਵਿਅਕਤੀ ਗ੍ਰਿਫਤਾਰ, 10 ਕਿਲੋ ਤੋਂ ਵੱਧ ਚੂਰਾ ਪੋਸਤ ਬਰਾਮਦ
Publish Date: Sat, 07 Feb 2026 03:40 PM (IST)
Updated Date: Sat, 07 Feb 2026 03:41 PM (IST)

ਸਟਾਫ ਰਿਪੋਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹੇ ਵਿੱਚ ਨਸ਼ਿਆਂ ਖਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਿਸ ਵੱਲੋਂ ਵੱਖ-ਵੱਖ ਥਾਣਿਆਂ ਦੇ ਇਲਾਕਿਆਂ ਵਿੱਚ ਕਾਰਵਾਈ ਕਰਦੇ ਹੋਏ ਐਨਡੀਪੀਐਸ ਐਕਟ ਦੇ ਸਬੰਧਤ ਧਾਰਾਵਾਂ ਅਧੀਨ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਥਾਣਾ ਇੰਡਸਟਰੀਅਲ ਫੋਕਲ ਪੁਆਇੰਟ ਪੁਰਹੀਰਾਂ ਦੀ ਪੁਲਿਸ ਟੀਮ ਨੇ ਏਐਸਆਈ ਸੁਖਦੇਵ ਸਿੰਘ ਦੀ ਅਗਵਾਈ ਹੇਠ ਨਾਕਾਬੰਦੀ ਦੌਰਾਨ ਇੱਕ ਹੁੰਡਈ ਵੈਨਿਊ ਕਾਰ ਨੂੰ ਰੋਕ ਕੇ ਚੈਕਿੰਗ ਕੀਤੀ। ਕਾਰ ਦੀ ਡਿੱਗੀ ਵਿਚੋਂ ਇੱਕ ਬੋਰੇ ਵਿਚੋਂ 10 ਕਿਲੋ 330 ਗ੍ਰਾਮ ਡੋਡੇ ਚੂਰਾ ਪੋਸਤ ਬਰਾਮਦ ਹੋਇਆ। ਇਸ ਮਾਮਲੇ ਵਿੱਚ ਪੁਲਿਸ ਨੇ ਕਾਰ ਚਾਲਕ ਹਰਪ੍ਰੀਤ ਸਿੰਘ ਉਰਫ ਪ੍ਰੀਤ ਪੁੱਤਰ ਵਾਸੀ ਸੁੰਦਰ ਨਗਰ ਨੂੰ ਗ੍ਰਿਫਤਾਰ ਕਰਕੇ ਕੇਸ ਦਰਜ ਕੀਤਾ ਗਿਆ ਹੈ। ਹਰਿਆਣਾ ਪੁਲਿਸ ਵੱਲੋਂ ਨਸ਼ਾ ਸੇਵਨ ਕਰਦੇ ਨੌਜਵਾਨ ਕਾਬੂ ਥਾਣਾ ਹਰਿਆਣਾ ਦੀ ਪੁਲਿਸ ਨੇ ਨਗਰ ਦੇ ਬੱਸ ਸਟੈਂਡ ਦੇ ਪਿੱਛੇ ਛਾਪੇਮਾਰੀ ਕਰਦੇ ਹੋਏ ਪ੍ਰਦੀਪ ਸਿੰਘ ਉਰਫ ਜਿੰਮੀ ਵਾਸੀ ਕਾਹਲਵਾਂ ਨੂੰ ਨਸ਼ਾ ਸੇਵਨ ਕਰਦੇ ਹੋਏ ਕਾਬੂ ਕੀਤਾ। ਉਸ ਪਾਸੋਂ ਲਾਈਟਰ, ਸਿਲਵਰ ਪੇਪਰ ਅਤੇ ਰੋਲ ਕੀਤਾ ਹੋਇਆ 10 ਰੁਪਏ ਦਾ ਨੋਟ ਬਰਾਮਦ ਹੋਇਆ। ਥਾਣਾ ਦਸੂਹਾ ਦੀ ਪੁਲਿਸ ਨੇ ਧਰਮਪੁਰਾ ਬੱਸ ਸਟੈਂਡ ‘ਤੇ ਇੱਕ ਨੌਜਵਾਨ ਨੂੰ ਸਰਿੰਜ ਰਾਹੀਂ ਨਸ਼ਾ ਕਰਦੇ ਦੇਖ ਕੇ ਕਾਬੂ ਕੀਤਾ। ਗ੍ਰਿਫਤਾਰ ਵਿਅਕਤੀ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਪਿੰਡ ਮਾਂਗਟ ਵਜੋਂ ਹੋਈ ਹੈ। ਥਾਣਾ ਸਿਟੀ ਹੁਸ਼ਿਆਰਪੁਰ ਦੀ ਪੁਲਿਸ ਨੇ ਏਐਸਆਈ ਨਾਨਕ ਸਿੰਘ ਦੀ ਅਗਵਾਈ ਹੇਠ ਚੈਕਿੰਗ ਦੌਰਾਨ ਹਰੀ ਨਗਰ ਦੇ ਪ੍ਰਥਮ ਸ਼ਰਮਾ ਉਰਫ ਪਾਥੀ ਨੂੰ ਨਸ਼ਾ ਸੇਵਨ ਕਰਦੇ ਹੋਏ ਕਾਬੂ ਕੀਤਾ। ਉਸ ਪਾਸੋਂ ਲਾਈਟਰ, ਨਸ਼ੀਲਾ ਪਦਾਰਥ ਲੱਗੀ ਪੰਨੀ ਅਤੇ ਰੋਲ ਕੀਤਾ ਹੋਇਆ 10 ਰੁਪਏ ਦਾ ਨੋਟ ਬਰਾਮਦ ਹੋਇਆ। ਪੁਲਿਸ ਵੱਲੋਂ ਸਾਰੇ ਮਾਮਲਿਆਂ ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ।