ਤੇਰਾ ਆਸਰਾ ਸੇਵਾ ਘਰ ਦੇ 22 ਨਿਵਾਸੀਆਂ ਨੇ ਮਰਨ ਉਪਰੰਤ ਸਰੀਰ ਦਾਨ ਲਈ ਪ੍ਰਣ ਪੱਤਰ ਭਰੇ
ਤੇਰਾ ਆਸਰਾ ਸੇਵਾ ਘਰ ਦੇ 22 ਨਿਵਾਸੀਆਂ ਵੱਲੋਂ ਮਰਨੋਪਰੰਤ ਸ਼ਰੀਰ ਦਾਨ ਲਈ ਪ੍ਰਣ ਪੱਤਰ ਭਰੇ
Publish Date: Sat, 07 Feb 2026 03:35 PM (IST)
Updated Date: Sat, 07 Feb 2026 03:38 PM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਰੋਟਰੀ ਆਈ ਬੈਂਕ ਅਤੇ ਕੌਰਨੀਅਲ ਟ੍ਰਾਂਸਪਲਾਂਟੇਸ਼ਨ ਸੋਸਾਇਟੀ ਵੱਲੋਂ ਤੇਰਾ ਆਸਰਾ ਸੇਵਾ ਘਰ ਵਿਚ ਨੇਤਰਦਾਨ ਅਤੇ ਸ਼ਰੀਰ ਦਾਨ ਬਾਰੇ ਜਾਗਰੂਕਤਾ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਇ ਖੰਨਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਰੋਹ ਦੀ ਸ਼ੁਰੂਆਤ ਚੇਅਰਮੈਨ ਅਤੇ ਪ੍ਰਮੁੱਖ ਸਮਾਜਸੇਵੀ ਸੰਜੀਵ ਅਰੋੜਾ ਵੱਲੋਂ ਮੁੱਖ ਮਹਿਮਾਨ ਦਾ ਸਵਾਗਤ ਕਰਦੇ ਹੋਏ ਕੀਤੀ ਗਈ। ਉਨ੍ਹਾਂ ਨੇ ਨੇਤਰਦਾਨ ਅਤੇ ਸਰੀਰ ਦਾਨ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਦੌਰਾਨ ਤੇਰਾ ਆਸਰਾ ਸੇਵਾ ਘਰ ਵਿਚ ਰਹਿ ਰਹੇ 22 ਨਿਵਾਸੀਆਂ ਨੇ ਮਰਨ ਉਪਰੰਤ ਸਰੀਰ ਦਾਨ ਲਈ ਪ੍ਰਣ ਪੱਤਰ ਭਰੇ। ਮੁੱਖ ਮਹਿਮਾਨ ਅਵਿਨਾਸ਼ ਰਾਇ ਖੰਨਾ ਨੇ ਕਿਹਾ ਕਿ ਨੇਤਰਦਾਨ ਅਤੇ ਸਰੀਰ ਦਾਨ ਸਮਾਜ ਲਈ ਮਹਾਨ ਦਾਨ ਹਨ। ਇਸ ਨਾਲ ਮੈਡੀਕਲ ਕਾਲਜਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਮਨੁੱਖੀ ਸਰੀਰ ਦੀ ਬਣਤਰ ਨੂੰ ਸਮਝਣ ਦਾ ਮੌਕਾ ਮਿਲਦਾ ਹੈ ਅਤੇ ਚਿਕਿਤਸਾ ਖੋਜ ਨੂੰ ਨਵੀਂ ਦਿਸ਼ਾ ਪ੍ਰਾਪਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰੀਰ ਦਾਨ ਆਉਣ ਵਾਲੇ ਸਮੇਂ ਵਿਚ ਕਈ ਮਰੀਜ਼ਾਂ ਦੇ ਇਲਾਜ ਵਿਚ ਸਹਾਇਕ ਸਾਬਤ ਹੋ ਸਕਦਾ ਹੈ। ਸੁਸਾਇਟੀ ਦੇ ਪ੍ਰਧਾਨ ਜੇਬੀ ਬਹਲ ਨੇ ਸਰੀਰ ਦਾਨ ਦੀ ਪ੍ਰਕਿਰਿਆ, ਸਮਾਜਿਕ ਮਹੱਤਤਾ ਅਤੇ ਇਸ ਨਾਲ ਜੁੜੀਆਂ ਭਰਾਂਤੀਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਚਿਕਿਤਸਾ ਸਿੱਖਿਆ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਸਮਾਜ ਪ੍ਰਤੀ ਇਕ ਮਹਾਨ ਯੋਗਦਾਨ ਹੈ। ਇਸ ਮੌਕੇ ਪ੍ਰਣ ਪੱਤਰ ਭਰਨ ਵਾਲੇ 22 ਵਿਅਕਤੀਆਂ ਨੂੰ ਸੋਸਾਇਟੀ ਵੱਲੋਂ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ਵਿਚ ਤੇਰਾ ਆਸਰਾ ਸੇਵਾ ਘਰ ਦੀ ਮੁੱਖ ਸੰਚਾਲਿਕਾ ਬੀਬੀ ਰਜਿੰਦਰ ਕੌਰ ਅਤੇ ਅਮ੍ਰਿਤਪਾਲ ਸਿੰਘ ਨੇ ਸੋਸਾਇਟੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਸਮਾਜ ਵਿੱਚ ਸਕਾਰਾਤਮਕ ਸੋਚ ਨੂੰ ਉਤਸ਼ਾਹਿਤ ਕਰਦੇ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਦੋ ਸ਼ਰੀਰ ਮਰਨੋਪਰੰਤ ਰੋਟਰੀ ਆਈ ਬੈਂਕ ਰਾਹੀਂ ਮੈਡੀਕਲ ਕਾਲਜਾਂ ਨੂੰ ਭੇਜੇ ਜਾ ਚੁੱਕੇ ਹਨ। ਇਸ ਮੌਕੇ ਮਦਨ ਲਾਲ ਮਹਾਜਨ, ਵਿਜੇ ਅਰੋੜਾ, ਦਵਿੰਦਰ ਅਰੋੜਾ, ਵੀਨਾ ਚੋਪੜਾ, ਅਸ਼ਵਿਨੀ ਕੁਮਾਰ ਦੱਤਾ, ਕ੍ਰਿਸ਼ਨ ਕਿਸ਼ੋਰ, ਐਨ. ਕੇ. ਗੁਪਤਾ ਸਮੇਤ ਹੋਰ ਸਦੱਸ ਵੀ ਹਾਜ਼ਰ ਸਨ।