ਬਚਪਨ ਦੀ ਬੁਨਿਆਦ ਨੂੰ ਮਜ਼ਬੂਤ ਬਣਾਉੰਦੇ ਹਨ ਬਾਲ ਰਸਾਲੇ : ਰਵੀ ਚਾਣਕੀਆ
ਬਚਪਨ ਦੀ ਬੁਨਿਆਦ ਨੂੰ ਮਜ਼ਬੂਤ ਬਣਾਉਂਦੇ ਹਨ ਬਾਲ ਰਸਾਲੇ : ਰਵੀ ਚਾਣਕੀਆ
Publish Date: Fri, 06 Feb 2026 03:25 PM (IST)
Updated Date: Fri, 06 Feb 2026 03:26 PM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਬਚਪਨ ਦੀ ਬੁਨਿਆਦ ਨੂੰ ਨਰੋਈ ਅਤੇ ਮਜ਼ਬੂਤ ਬਣਾਉਣ ਵਿੱਚ ਬਾਲ ਰਸਾਲਿਆਂ ਦੀ ਅਹਿਮ ਭੂਮਿਕਾ ਹੁੰਦੀ ਹੈ। ਇਹ ਵਿਚਾਰ ਸਾਹਿਤ ਸਦਨ ਹੁਸ਼ਿਆਰਪੁਰ ਵੱਲੋਂ ਬਾਲ ਸਾਹਿਤ ਦੀ ਮਹੱਤਤਾ ਬਾਰੇ ਕਰਵਾਈ ਗੋਸ਼ਟੀ ਦੌਰਾਨ ਮਿਸ਼ਨ ਨਿਊ ਇੰਡੀਆ ਦੇ ਕੌਮੀ ਪ੍ਰਧਾਨ ਰਵੀ ਚਾਣਕੀਆ ਨੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਬਾਲ ਸਾਹਿਤ ਬੱਚਿਆਂ ਦੇ ਮਨੋਰੰਜਨ ਦੇ ਨਾਲ-ਨਾਲ ਉਨ੍ਹਾਂ ਦੀ ਬੁੱਧੀ ਅਤੇ ਵਿਅਕਤੀਤਵ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਉਂਦਾ ਹੈ। ਨਵੀਂ ਵਿੱਦਿਅਕ ਨੀਤੀ ਵਿੱਚ ਵੀ ਭਾਰਤੀ ਭਾਸ਼ਾਵਾਂ ਦੇ ਬਾਲ ਸਾਹਿਤ ਨੂੰ ਅਪਣਾਉਣ ’ਤੇ ਵਿਸ਼ੇਸ਼ ਤਵੱਜੋ ਦਿੱਤੀ ਗਈ ਹੈ। ਇਸ ਲਈ ਹਰ ਮਾਪੇ ਅਤੇ ਅਧਿਆਪਕ ਦੀ ਜ਼ਿੰਮੇਵਾਰੀ ਹੈ ਕਿ ਬੱਚਿਆਂ ਨੂੰ ਮਾਤ ਭਾਸ਼ਾ ਦੇ ਰਸਾਲੇ ਅਤੇ ਪੁਸਤਕਾਂ ਨਾਲ ਜੋੜਿਆ ਜਾਵੇ। ਰਵੀ ਚਾਣਕੀਆ ਨੇ ਮਾਹਿਲਪੁਰ ਤੋਂ ਪ੍ਰਕਾਸ਼ਿਤ ਪੰਜਾਬੀ ਦੇ ਪ੍ਰਸਿੱਧ ਬਾਲ ਰਸਾਲੇ ‘ਨਿੱਕੀਆਂ ਕਰੂੰਬਲਾਂ’ ਦੀ ਵਿਸ਼ੇਸ਼ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਰਸਾਲਾ ਪਿਛਲੇ ਤਿੰਨ ਦਹਾਕਿਆਂ ਤੋਂ ਨਿਰੰਤਰ ਛਪ ਰਿਹਾ ਹੈ ਅਤੇ ਬੱਚਿਆਂ, ਮਾਪਿਆਂ ਅਤੇ ਅਧਿਆਪਕਾਂ ਵਿਚ ਬਹੁਤ ਲੋਕਪ੍ਰਿਯ ਹੈ। ਉਨ੍ਹਾਂ ਇਸ ਯਤਨ ਲਈ ਬਲਜਿੰਦਰ ਮਾਨ ਅਤੇ ਪ੍ਰਬੰਧਕ ਟੀਮ ਨੂੰ ਵਧਾਈ ਦਿੱਤੀ। ਗੋਸ਼ਟੀ ਵਿੱਚ ਸ਼ਾਮਿਲ ਡਾ. ਅਸ਼ੋਕ ਪੁਰੀ, ਡਾ. ਦਲਜੀਤ ਸਿੰਘ ਅਜਨੋਹਾ, ਡਾ. ਰਕੇਸ਼ ਕੁਮਾਰ ਪੁੰਜ, ਨਿਰਮਲ ਦੋਸਤ ਅਤੇ ਐਡਵੋਕੇਟ ਅਸ਼ਵਨੀ ਵਰਮਾ ਨੇ ਵੀ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਬਾਲ ਸਾਹਿਤ ਮਨੁੱਖੀ ਕਦਰਾਂ-ਕੀਮਤਾਂ ਦੇ ਵਿਕਾਸ ਲਈ ਆਕਸੀਜਨ ਵਾਂਗ ਜ਼ਰੂਰੀ ਹੈ ਅਤੇ ਇਸ ਰਾਹੀਂ ਆਦਰਸ਼ ਨਾਗਰਿਕ ਤਿਆਰ ਕੀਤੇ ਜਾ ਸਕਦੇ ਹਨ। ਇਸ ਮੌਕੇ ਬਲਜਿੰਦਰ ਮਾਨ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਾਲ ਸਾਹਿਤ ਦਾ ਪ੍ਰਕਾਸ਼ਨ ਕੋਈ ਵਪਾਰਕ ਕਾਰਜ ਨਹੀਂ, ਸਗੋਂ ਬੱਚਿਆਂ ਦੇ ਭਵਿੱਖ ਨੂੰ ਸੰਵਾਰਨ ਵਾਲਾ ਨਿਰਸਵਾਰਥੀ ਯਤਨ ਹੈ। ਗੋਸ਼ਟੀ ਵਿਚ ਰਮੇਸ਼ ਕੁਮਾਰ, ਐਮ.ਐਸ. ਹੀਰਾ, ਚੌਧਰੀ ਅੰਮ੍ਰਿਤ ਲਾਲ, ਅਸ਼ਵਨੀ ਕੁਮਾਰ, ਚੈਂਚਲ ਸਿੰਘ ਬੈਂਸ, ਸੁਖਮਨ ਸਿੰਘ, ਅੰਮ੍ਰਿਤ ਪਾਲ ਸਿੰਘ, ਮਨਜਿੰਦਰ ਹੀਰ, ਸੁਖਵਿੰਦਰ ਕੁਮਾਰ, ਹਰਵੀਰ ਮਾਨ ਸਮੇਤ ਕਈ ਸਾਹਿਤ ਪ੍ਰੇਮੀ ਹਾਜ਼ਰ ਰਹੇ।