ਅਮਰੀਕਾ ਭੇਜਣ ਦੇ ਨਾਂ ’ਤੇ ਠੱਗੀ
ਟਾਂਡਾ ਪੁਲਿਸ ਵੱਲੋਂ ਅਮਰੀਕਾ ਭੇਜਣ ਦੇ ਨਾਂ ’ਤੇ ਠੱਗੀ ਮਾਮਲੇ ਵਿੱਚ ਕੇਸ ਦਰਜ
Publish Date: Fri, 06 Feb 2026 03:23 PM (IST)
Updated Date: Fri, 06 Feb 2026 03:26 PM (IST)
ਸਟਾਫ ਰਿਪੋਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਵਿਦੇਸ਼ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿਚ ਟਾਂਡਾ ਪੁਲਿਸ ਨੇ ਇਕ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਸੁਰਜੀਤ ਸਿੰਘ ਉਰਫ਼ ਲਾਡੀ ਪੁੱਤਰ ਲਾਲ ਸਿੰਘ ਵਾਸੀ ਪਿੰਡ ਸਿੱਧੜਾ, ਥਾਣਾ ਲੋਹੀਆ ਸਾਹਕੋਟ, ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ। ਪੁਲਿਸ ਮੁਤਾਬਕ ਸੁਰਜੀਤ ਸਿੰਘ ਉਰਫ਼ ਲਾਡੀ ਵਾਸੀ ਪਿੰਡ ਸਿੱਧੜਾ, ਜ਼ਿਲ੍ਹਾ ਜਲੰਧਰ ਨੇ ਕਥਿਤ ਤੌਰ ’ਤੇ ਲਖਵਿੰਦਰ ਸਿੰਘ ਵਾਸੀ ਪਿੰਡ ਮਿਆਣੀ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਕਰੀਬ 7,43,500 ਰੁਪਏ ਦੀ ਠੱਗੀ ਕੀਤੀ। ਮਾਮਲੇ ਦੀ ਪੜਤਾਲ ਦੌਰਾਨ ਜਾਂਚ ਅਧਿਕਾਰੀ ਵੱਲੋਂ ਰਿਪੋਰਟ ਵਿਚ ਠੱਗੀ ਸਾਬਤ ਹੋਣ ਦੀ ਪੁਸ਼ਟੀ ਕੀਤੀ ਗਈ। ਸੁਰਜੀਤ ਸਿੰਘ ਨੇ ਮਿਤੀ 15 ਮਈ, 2025 ਨੂੰ 4.50 ਲੱਖ ਰੁਪਏ ਤਿੰਨ ਕਿਸਤਾਂ ਵਿਚ ਵਾਪਸ ਕਰਨ ਦਾ ਇਕਰਾਰਨਾਮਾ ਵੀ ਸ਼ਿਕਾਇਤਕਰਤਾ ਨਾਲ ਕੀਤਾ ਸੀ ਪਰ ਪੈਸੇ ਵਾਪਸ ਨਹੀਂ ਕੀਤੇ। ਇਸ ਸਬੰਧੀ ਥਾਣਾ ਟਾਂਡਾ ਵਿਚ ਭਾਰਤੀ ਨਿਆਏ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਦੇ ਤਹਿਤ ਸੁਰਜੀਤ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਅੱਗੇ ਜਾਂਚ ਜਾਰੀ ਹੈ।