ਭਾਖੜਾ ਬਿਆਸ ਪ੍ਰਬੰਧ ਬੋਰਡ ਤਲਵਾੜਾ ਨੇ ਅੰਡਰ ਵਾਟਰ ਸਰਵੇ ਸਬੰਧੀ ਆਨਲਾਈਨ ਤਕਨੀਕੀ ਵਰਕਸ਼ਾਪ ਕਰਵਾਈ
ਭਾਖੜਾ ਬਿਆਸ ਪ੍ਰਬੰਧ ਬੋਰਡ ਤਲਵਾੜਾ ਵੱਲੋਂ ਅੰਡਰ ਵਾਟਰ ਸਰਵੇ ਸਬੰਧੀ ਇਕ ਦਿਨਾਂ ਆਨਲਾਈਨ ਤਕਨੀਕੀ ਵਰਕਸ਼ਾਪ ਦਾ ਆਯੋਜਨ
Publish Date: Thu, 05 Feb 2026 04:31 PM (IST)
Updated Date: Thu, 05 Feb 2026 04:35 PM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਭਾਖੜਾ ਬਿਆਸ ਪ੍ਰਬੰਧ ਬੋਰਡ (ਬੀਬੀਐਮਬੀ) ਤਲਵਾੜਾ ਵਿਖੇ ਅੰਡਰ ਵਾਟਰ ਸਰਵੇ ਨਾਲ ਸੰਬੰਧਿਤ ਆਧੁਨਿਕ ਤਕਨੀਕਾਂ ਬਾਰੇ ਅਧਿਕਾਰੀਆਂ ਅਤੇ ਇੰਜਨੀਅਰਾਂ ਨੂੰ ਅੱਪਡੇਟ ਕਰਨ ਦੇ ਉਦੇਸ਼ ਨਾਲ ਇਕ ਦਿਨਾਂ ਤਕਨੀਕੀ ਵਰਕਸ਼ਾਪ ਦਾ ਆਨਲਾਈਨ ਆਯੋਜਨ ਕੀਤਾ ਗਿਆ। ਇਹ ਵਰਕਸ਼ਾਪ ਮੁੱਖ ਇੰਜਨੀਅਰ ਸ੍ਰੀ ਰਾਕੇਸ ਕੁਮਾਰ ਗੁਪਤਾ ਦੀ ਅਗਵਾਈ ਹੇਠ ਕਰਵਾਈ ਗਈ। ਵਰਕਸ਼ਾਪ ਵਿਚ ਡਿਪਟੀ ਮੁੱਖ ਇੰਜਨੀਅਰ ਸ੍ਰੀ ਵੀ.ਕੇ. ਮੀਨਾ, ਨਿਗਰਾਨ ਇੰਜਨੀਅਰ ਸ੍ਰੀਮਤੀ ਮਨਵੀਨ ਚੌਧਰੀ, ਕਾਰਜਕਾਰੀ ਇੰਜਨੀਅਰ ਸ੍ਰੀ ਵਿਨੈ ਕੁਮਾਰ, ਸ੍ਰੀ ਹਰਪ੍ਰੀਤ ਸਿੰਘ, ਸ੍ਰੀ ਗੌਰਵ ਲਾਂਬਾ ਤੋਂ ਇਲਾਵਾ ਵੱਖ-ਵੱਖ ਇਕਾਈਆਂ ਤੋਂ ਐਸ.ਡੀ.ਓਜ਼ ਅਤੇ ਜੂਨੀਅਰ ਇੰਜਨੀਅਰਾਂ ਨੇ ਭਾਗ ਲਿਆ। ਵਰਕਸ਼ਾਪ ਦੌਰਾਨ ਅੰਡਰ ਵਾਟਰ ਸਰਵੇ ਲਈ ਵਰਤੀਆਂ ਜਾਣ ਵਾਲੀਆਂ ਨਵੀਨਤਮ ਤਕਨੀਕਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਵਿਚ ਰਿਮੋਟਲੀ ਆਪਰੇਟਡ ਵਹੀਕਲ, ਅੰਡਰ ਵਾਟਰ ਕੈਮਰਾ ਸਿਸਟਮ, ਸੋਨਾਰ ਤਕਨੀਕ, ਬਾਥੀਮੇਟ੍ਰਿਕ ਸਰਵੇ ਅਤੇ ਟਨਲਾਂ, ਡੈਮਾਂ ਅਤੇ ਹਾਈਡ੍ਰੋ-ਮਕੈਨੀਕਲ ਸੰਰਚਨਾਵਾਂ ਦੀ ਜਾਂਚ ਸਬੰਧੀ ਤਕਨੀਕੀ ਵਿਧੀਆਂ ਨੂੰ ਸਪਸ਼ਟ ਕੀਤਾ ਗਿਆ। ਮੁੱਖ ਇੰਜੀਨੀਅਰ ਰਾਕੇਸ਼ ਕੁਮਾਰ ਗੁਪਤਾ ਨੇ ਕਿਹਾ ਕਿ ਅੰਡਰ ਵਾਟਰ ਸਰਵੇ ਤਕਨੀਕਾਂ ਡੈਮਾਂ, ਨਦੀਆਂ, ਟਨਲਾਂ ਅਤੇ ਹੋਰ ਜਲ ਸੰਰਚਨਾਵਾਂ ਦੀ ਸੁਰੱਖਿਆ ਅਤੇ ਲੰਬੇ ਸਮੇਂ ਤੱਕ ਟਿਕਾਊ ਕਾਰਗੁਜ਼ਾਰੀ ਨੂੰ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਅਜਿਹੀਆਂ ਤਕਨੀਕੀ ਵਰਕਸ਼ਾਪਾਂ ਰਾਹੀਂ ਇੰਜੀਨੀਅਰਾਂ ਨੂੰ ਨਵੀਂ ਤਕਨੀਕ ਨਾਲ ਰੂਬਰੂ ਕਰਵਾਉਣਾ ਸਮੇਂ ਦੀ ਲੋੜ ਹੈ। ਇਹ ਵਰਕਸ਼ਾਪ ਆਈਰੋਵ ਦੇ ਸਹਿਯੋਗ ਨਾਲ ਕਰਵਾਈ ਗਈ, ਜੋ ਅੰਡਰ ਵਾਟਰ ਇੰਸਪੈਕਸ਼ਨ ਅਤੇ ਮੈਰੀਨ ਰੋਬੋਟਿਕਸ ਦੇ ਖੇਤਰ ਵਿੱਚ ਮੋਹਰੀ ਸੰਸਥਾ ਮੰਨੀ ਜਾਂਦੀ ਹੈ। ਵਰਕਸ਼ਾਪ ਦੇ ਅੰਤ ਵਿੱਚ ਭਾਗੀਦਾਰਾਂ ਵੱਲੋਂ ਪੁੱਛੇ ਗਏ ਤਕਨੀਕੀ ਸਵਾਲਾਂ ਦੇ ਵਿਸਥਾਰ ਨਾਲ ਜਵਾਬ ਦਿੱਤੇ ਗਏ ਅਤੇ ਇਸ ਨੂੰ ਗਿਆਨਵਰਧਕ ਅਤੇ ਲਾਭਦਾਇਕ ਦੱਸਿਆ ਗਿਆ।