ਖੁਰਾਲਗੜ੍ਹ ਸਾਹਿਬ ਸਮਾਗਮ 'ਤੇ ਮੁੱਖ ਮੰਤਰੀ ਗੜਸ਼ੰਕਰ ਦੇ ਵਿਕਾਸ ਲਈ ਪਹਿਲਕਦਮੀ ਕਰਨ : ਚੰਗਿਆੜਾ
ਖੁਰਾਲਗੜ੍ਹ ਸਾਹਿਬ ਸਮਾਗਮ 'ਤੇ ਮੁੱਖ ਮੰਤਰੀ ਗੜਸ਼ੰਕਰ ਦੇ ਵਿਕਾਸ ਲਈ ਪਹਿਲਕਦਮੀ ਕਰਨ: ਚੰਗਿਆੜਾ
Publish Date: Thu, 05 Feb 2026 04:27 PM (IST)
Updated Date: Thu, 05 Feb 2026 04:29 PM (IST)

ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜਸ਼ੰਕਰ: ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ 650 ਸਾਲਾ ਜਨਮ ਸ਼ਤਾਬਦੀ ਦੀ ਆਰੰਭਤਾ ਸਬੰਧੀ ਖੁਰਾਲਗੜ੍ਹ ਸਾਹਿਬ ਵਿਖੇ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਗੜਸ਼ੰਕਰ ਹਲਕੇ ਖਾਸਕਰ ਬੀਤ ਇਲਾਕੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਪਹਿਲਕਦਮੀ ਕਰਨ। ਇਹ ਪ੍ਰਗਟਾਵਾ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਬਲਬੀਰ ਸਿੰਘ ਚੰਗਿਆੜਾ ਨੇ ਪ੍ਰੈਸ ਦੇ ਨਾਂ ਜਾਰੀ ਇੱਕ ਬਿਆਨ ਵਿੱਚ ਕੀਤਾ। ਉਨ੍ਹਾਂ ਕਿਹਾ ਕਿ ਇਹ ਵੱਡੇ ਭਾਗਾਂ ਵਾਲੀ ਗੱਲ ਹੈ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਸ਼ਤਾਬਦੀ ਸਾਡੇ ਜੀਵਨ ਕਾਲ ਵਿੱਚ ਆ ਰਹੀ ਹੈ ਅਤੇ ਉਸ ਤੋਂ ਵੀ ਵੱਡੀ ਗੱਲ ਕਿ ਰਵਿਦਾਸ ਮਹਾਰਾਜ ਨੇ ਗੜਸ਼ੰਕਰ ਇਲਾਕੇ ਵਿੱਚ ਖੁਰਾਲਗੜ੍ਹ ਵਿਖੇ ਆਪਣੀ ਚਰਨ ਪਾ ਕੇ ਇਸ ਧਰਤੀ ਨੂੰ ਪਵਿੱਤਰ ਕੀਤਾ। ਗੜਸ਼ੰਕਰ ਨੰਗਲ ਰੋਡ ਤੋਂ ਬੀਣੇਵਾਲ, ਝੋਣੋਵਾਲ, ਗੜੀ ਮਾਨਸੋਵਾਲ ਅਤੇ ਅਨੰਦਪੁਰ ਸਾਹਿਬ, ਪੋਜੇਵਾਲ, ਨੈਨਵਾਂ ਅਤੇ ਅਨੰਦਪੁਰ ਸਾਹਿਬ ਤੋਂ ਕਾਹਨਪੁਰ ਖੂਹੀ, ਹੈਬੋਵਾਲ, ਸੇਖੋਵਾਲ ਦੀਆਂ ਸੜਕਾਂ ਨੂੰ ਚੌੜਾ ਕਰਨਾ ਚਾਹੀਦਾ ਹੈ ਤਾਂ ਜੋ ਸੰਗਤ ਨੂੰ ਕੋਈ ਸਮੱਸਿਆ ਨਾ ਆਵੇ। ਇਸ ਤੋਂ ਇਲਾਵਾ ਇਲਾਕਾ ਬੀਤ ਵਿੱਚ 300 ਬੈਡ ਦਾ ਹਸਪਤਾਲ, ਸਰਕਾਰੀ ਕਾਲਜ, ਬੱਚਿਆਂ ਲਈ ਦਸਤਕਾਰੀ ਅਦਾਰੇ ਬਣਾਉਣ ਦਾ ਐਲਾਨ ਮੁੱਖ ਮੰਤਰੀ ਨੂੰ ਕਰਨਾ ਚਾਹੀਦਾ ਹੈ। ਮੁੱਖ ਮੰਤਰੀ ਨੇ ਪਿੰਡ ਸਿੰਬਲੀ ਵਿਖੇ ਸਮਾਗਮ ਦੌਰਾਨ ਗੜਸ਼ੰਕਰ ਸ਼ਹਿਰ ਵਿੱਚ ਬਾਈਪਾਸ ਬਣਾਉਣ ਦਾ ਐਲਾਨ ਕੀਤਾ ਸੀ ਜਿਸ ਨੂੰ ਪੂਰਾ ਕੀਤਾ ਜਾਣਾ ਚਾਹੀਦਾ ਹੈ।