ਐੱਸਪੀਐੱਨ ਕਾਲਜ 'ਚ ਕੈਂਸਰ ਜਾਗਰੂਕਤਾ ਮੁਹਿੰਮ ਚਲਾਈ
ਐੱਸਪੀਐੱਨ ਕਾਲਜ਼ 'ਚ ਕੈਂਸਰ ਜਾਗਰੂਕਤਾ ਮੁਹਿੰਮ ਚਲਾਈ
Publish Date: Thu, 05 Feb 2026 03:58 PM (IST)
Updated Date: Thu, 05 Feb 2026 04:02 PM (IST)

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ: ਐੱਸਪੀਐੱਨ ਕਾਲਜ ਮੁਕੇਰੀਆਂ ਵਿੱਚ ਜੀਵ ਵਿਗਿਆਨ ਵਿਭਾਗ ਵੱਲੋਂ ਰੈੱਡ ਰਿਬਨ ਕਲੱਬ ਦੇ ਸਹਿਯੋਗ ਨਾਲ ਅਤੇ ਪ੍ਰਿੰਸੀਪਲ ਡਾ. ਸਮੀਰ ਸ਼ਰਮਾ ਦੀ ਅਗਵਾਈ ਹੇਠ ਕੌਮਾਂਤਰੀ ਕੈਂਸਰ ਜਾਗਰੂਕਤਾ ਦਿਵਸ ਮੌਕੇ ਇੱਕ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦਾ ਉਦੇਸ਼ ਵਿਦਿਆਰਥੀਆਂ ਅਤੇ ਆਮ ਜਨਤਾ ਨੂੰ ਕੈਂਸਰ ਤੋਂ ਬਚਾਅ, ਸ਼ੁਰੂਆਤੀ ਲੱਛਣਾਂ ਦੀ ਪਛਾਣ ਅਤੇ ਸਮੇਂ ਸਿਰ ਇਲਾਜ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਸੀ। ਇਹ ਪ੍ਰੋਗਰਾਮ ਵਿਸ਼ਵ ਪੱਧਰੀ ਥੀਮ “ਯੂਨਾਈਟਡ ਬਾਏ ਯੂਨੀਕ” ਦੇ ਮੁਤਾਬਕ ਕੀਤਾ ਗਿਆ। ਆਪਣੇ ਸੰਬੋਧਨ ਵਿੱਚ ਪ੍ਰਿੰਸੀਪਲ ਡਾ. ਸਮੀਰ ਸ਼ਰਮਾ ਨੇ ਕਿਹਾ ਕਿ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਬਾਰੇ ਜਾਗਰੂਕਤਾ ਫੈਲਾਉਣਾ ਨੌਜਵਾਨਾਂ ਦੀ ਨੈਤਿਕ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਸਿੱਖਿਆ ਸੰਸਥਾਵਾਂ ਸਮਾਜ ਨੂੰ ਸਿਹਤ ਜਾਗਰੂਕਤਾ ਅਤੇ ਰੋਕਥਾਮੀ ਸੂਝ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਜੀਵ ਵਿਗਿਆਨ ਵਿਭਾਗ ਦੀ ਮੁੱਖੀ ਡਾ. ਗੁਰਪ੍ਰੀਤ ਕੌਰ ਨੇ ਆਪਣੇ ਜਾਣਕਾਰੀ ਮੂਲਕ ਲੈਕਚਰ ਦੌਰਾਨ ਕੈਂਸਰ ਦੀਆਂ ਕਿਸਮਾਂ, ਜ਼ੋਖਮ ਕਾਰਕ, ਲੱਛਣ ਅਤੇ ਰੋਕਥਾਮੀ ਉਪਾਅ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਬੀਐੱਸਸੀ ਮੈਡੀਕਲ ਦੇ ਵਿਦਿਆਰਥੀਆਂ ਨੇ ਕੈਂਸਰ ਦੀ ਪਛਾਣ ਅਤੇ ਇਲਾਜ ਨਾਲ ਸੰਬੰਧਿਤ ਤਾਜ਼ਾ ਖੋਜ਼ਾਂ ਅਤੇ ਨਵੀਆਂ ਤਕਨੀਕਾਂ ’ਤੇ ਪ੍ਰਭਾਵਸ਼ਾਲੀ ਪੇਸ਼ਕਾਰੀ ਕੀਤੀ। ਮੁਹਿੰਮ ਦੌਰਾਨ ਵਿਦਿਆਰਥੀਆਂ ਵੱਲੋਂ ਜਾਗਰੂਕਤਾ ਪੋਸਟਰ ਤਿਆਰ ਕੀਤੇ ਗਏ ਅਤੇ ਇੱਕ ਰੈਲੀ ਕੱਢ ਕੇ ਆਮ ਲੋਕਾਂ ਨੂੰ ਨਿਯਮਿਤ ਸਿਹਤ ਜਾਂਚਾਂ ਅਤੇ ਸਾਵਧਾਨੀਆਂ ਬਾਰੇ ਜਾਣੂ ਕਰਵਾਇਆ ਗਿਆ। ਮੁਹਿੰਮ ਪ੍ਰੋ. ਮੀਨੂ ਅਤੇ ਪ੍ਰੋ. ਇਸ਼ਾ ਸ਼ਰਮਾ ਦੀ ਸੁਚੱਜੀ ਯੋਜਨਾ ਤੇ ਦੇਖ-ਰੇਖ ਹੇਠ ਸਫ਼ਲਤਾਪੂਰਵਕ ਨੇਪਰੇ ਚੜ੍ਹੀ। ਪ੍ਰੋਗਰਾਮ ਦੇ ਅੰਤ ਵਿੱਚ ਡਾ. ਗੁਰਪ੍ਰੀਤ ਕੌਰ ਨੇ ਕਾਲਜ਼ ਪ੍ਰਬੰਧਨ ਅਤੇ ਪ੍ਰਿੰਸੀਪਲ ਦਾ ਧੰਨਵਾਦ ਕੀਤਾ।