ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ 'ਭਾਰਤੀ ਅਖ਼ਬਾਰ ਦਿਵਸ' ਮਨਾਇਆ
ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ 'ਭਾਰਤੀ ਅਖ਼ਬਾਰ ਦਿਵਸ' ਮਨਾਇਆ ਗਿਆ
Publish Date: Thu, 05 Feb 2026 03:48 PM (IST)
Updated Date: Thu, 05 Feb 2026 03:50 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੜਦੀਵਾਲਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਅਦਾਰੇ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਕੱਤਰ ਸੁਖਮਿੰਦਰ ਸਿੰਘ ਅਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਭਾਰਤੀ ਅਖ਼ਬਾਰ ਦਿਵਸ ਮਨਾਇਆ ਗਿਆ। ਦਵਿੰਦਰ ਕੁਮਾਰ ਲਾਇਬ੍ਰੇਰੀਅਨ ਨੇ ਦੱਸਿਆ ਕਿ ਭਾਰਤ ਵਿੱਚ ਸਭ ਤੋਂ ਪਹਿਲਾਂ ਆਇਰਿਸ਼ ਜੇਮਜ਼ ਅਗਸਟਸ ਹਿੱਕੀ ਵੱਲੋਂ ਬੰਗਾਲ ਗਜ਼ਟ ਅਖ਼ਬਾਰ 1780 ਵਿੱਚ ਕੱਢਿਆ ਗਿਆ। ਇਹ ਦਿਵਸ ਲੋਕਾਂ ਦੀਆਂ ਭਾਵਨਾਵਾਂ, ਵਿਚਾਰਾਂ ਨੂੰ ਜਾਗਰੂਕ ਕਰਨ ਦਾ ਕਾਰਜ ਕਰਦਾ ਹੈ। ਵਿਦਿਆਰਥੀਆਂ ਨੂੰ ਅਖ਼ਬਾਰਾਂ ਦੀ ਮਹੱਤਤਾ, ਸਮਾਜਿਕ ਭੂਮਿਕਾ ਅਤੇ ਲੋਕਤੰਤਰ ਦੀ ਮਜ਼ਬੂਤੀ ਵਿੱਚ ਮੀਡੀਆ ਦੇ ਯੋਗਦਾਨ ਤੋਂ ਜਾਣੂੰ ਕਰਵਾਇਆ ਗਿਆ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਕਿਹਾ ਕਿ ਅਖ਼ਬਾਰ ਸਿਰਫ਼ ਖ਼ਬਰਾਂ ਦਾ ਸਾਧਨ ਹੀ ਨਹੀਂ, ਸਗੋਂ ਸਮਾਜ ਦੀ ਸੱਚੀ ਤਸਵੀਰ ਪੇਸ਼ ਕਰਨ ਵਾਲਾ ਦਰਪਣ ਹੈ। ਅਖ਼ਬਾਰ ਦਿਵਸ ਬੋਲਣ ਦੀ ਅਜ਼ਾਦੀ ਅਤੇ ਪਾਰਦਰਸ਼ਤਾ ਦੇ ਮਹੱਤਵ ਨੂੰ ਉਜਾਗਰ ਕਰਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਿਰਪੱਖ ਅਤੇ ਚੰਗੇ ਪੱਤਰਕਾਰ ਬਣਨ ਲਈ ਪ੍ਰੇਰਿਤ ਕੀਤਾ।