ਬੀਬੀਐੰਮਬੀ ਡੀਏਵੀ ਪਬਲਿਕ ਸਕੂਲ ਤਲਵਾੜਾ ਨੂੰ ਨਿੱਜੀਕਰਨ ਤੋਂ ਬਚਾਉਣ ਲਈ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਕੇਂਦਰੀ ਮੰਤਰੀ ਖੱਟਰ ਨੂੰ ਲਿਖਿਆ ਪੱਤਰ
ਬੀਬੀਐੰਮਬੀ ਡੀਏਵੀ ਪਬਲਿਕ ਸਕੂਲ ਤਲਵਾੜਾ ਨੂੰ ਨਿੱਜੀਕਰਨ ਤੋਂ ਬਚਾਉਣ ਲਈ ਸੰਸਦ ਮੈਂਬਰ ਡਾ. ਰਾਜ ਕੁਮਾਰ
Publish Date: Thu, 05 Feb 2026 03:46 PM (IST)
Updated Date: Thu, 05 Feb 2026 03:50 PM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਨੂੰ ਪੱਤਰ ਲਿਖ ਕੇ ਬੀਬੀਐੰਮਬੀ ਡੀਏਵੀ ਪਬਲਿਕ ਸਕੂਲ, ਤਲਵਾੜਾ ਨੂੰ ਨਿੱਜੀਕਰਨ ਤੋਂ ਬਚਾਉਣ ਲਈ ਦਖਲ ਦੀ ਮੰਗ ਕੀਤੀ ਹੈ। ਡਾ. ਚੱਬੇਵਾਲ ਨੇ ਕਿਹਾ ਕਿ ਇਸ ਸਕੂਲ ਵਿੱਚ ਇਸ ਸਮੇਂ ਕਰੀਬ 1200 ਵਿਦਿਆਰਥੀ ਪੜ੍ਹ ਰਹੇ ਹਨ ਅਤੇ ਸਕੂਲ ਦੇ ਸੰਭਾਵਿਤ ਬੰਦ ਹੋਣ ਜਾਂ ਪ੍ਰਬੰਧਨ ਨਿੱਜੀ ਹੱਥਾਂ ਵਿੱਚ ਜਾਣ ਕਾਰਨ ਬੱਚਿਆਂ ਦਾ ਭਵਿੱਖ ਅਣਸ਼ਚਿਤ ਹੋ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਪਿਛਲੇ 40 ਸਾਲਾਂ ਤੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐੰਮਬੀ) ਅਤੇ ਡੀਏਵੀ ਸੰਸਥਾ ਦੇ ਸਹਿਯੋਗ ਨਾਲ ਇਹ ਸਕੂਲ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਬੱਚਿਆਂ ਨੂੰ ਸਸਤੀ ਅਤੇ ਗੁਣਵੱਤਾ ਭਰੀ ਸਿੱਖਿਆ ਮੁਹੱਈਆ ਕਰਵਾ ਰਿਹਾ ਹੈ। ਖ਼ਾਸ ਕਰਕੇ ਪੋਂਗ ਡੈਮ ਬਣਾਉਣ ਲਈ ਆਪਣੀ ਜ਼ਮੀਨ ਅਤੇ ਘਰ ਕੁਰਬਾਨ ਕਰਨ ਵਾਲੇ ਪਰਿਵਾਰਾਂ ਦੇ ਬੱਚਿਆਂ ਲਈ ਇਹ ਸੰਸਥਾ ਵੱਡਾ ਆਸਰਾ ਰਹੀ ਹੈ। ਡਾ. ਚੱਬੇਵਾਲ ਨੇ ਕਿਹਾ ਕਿ ਇਸ ਸਕੂਲ ਦੇ ਕਈ ਵਿਦਿਆਰਥੀ ਆਈਆਈਟੀ, ਏਮਜ਼, ਰੱਖਿਆ ਸੇਵਾਵਾਂ, ਇਸਰੋ ਅਤੇ ਚੰਦਰਯਾਨ ਮਿਸ਼ਨ ਵਰਗੀਆਂ ਮਹੱਤਵਪੂਰਨ ਉਪਲਬਧੀਆਂ ਵਿੱਚ ਯੋਗਦਾਨ ਪਾ ਚੁੱਕੇ ਹਨ। ਉਨ੍ਹਾਂ ਨੇ ਇਸ ਗੱਲ ’ਤੇ ਹੈਰਾਨੀ ਜ਼ਾਹਰ ਕੀਤੀ ਕਿ ਪੋਂਗ ਡੈਮ ਦੀਆਂ ਬਿਜਲੀ ਇਕਾਈਆਂ ਰਿਕਾਰਡ ਉਤਪਾਦਨ ਕਰ ਰਹੀਆਂ ਹਨ, ਫਿਰ ਵੀ ਵਿੱਤੀ ਬੋਝ ਦਾ ਹਵਾਲਾ ਦੇ ਕੇ ਸਕੂਲ ਦਾ ਭਵਿੱਖ ਖਤਰੇ ਵਿੱਚ ਪਾਇਆ ਜਾ ਰਿਹਾ ਹੈ। ਸੰਸਦ ਮੈਂਬਰ ਨੇ ਦੱਸਿਆ ਕਿ ਪਿਛਲੇ ਛੇ ਮਹੀਨਿਆਂ ਤੋਂ ਵਿਦਿਆਰਥੀ, ਮਾਪੇ ਅਤੇ ਅਧਿਆਪਕ ਸਕੂਲ ਨੂੰ ਬਚਾਉਣ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ। ਡਾ. ਚੱਬੇਵਾਲ ਨੇ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਕਿ ਸਕੂਲ ਨੂੰ ਨਿੱਜੀ ਜਾਂ ਹੋਰ ਸਿੱਖਿਆ ਸੰਸਥਾਵਾਂ ਦੇ ਹਵਾਲੇ ਕਰਨ ਦਾ ਫੈਸਲਾ ਰੱਦ ਕੀਤਾ ਜਾਵੇ ਅਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਮੌਜੂਦਾ ਪ੍ਰਬੰਧਨ ਨੂੰ ਬਰਕਰਾਰ ਰੱਖਿਆ ਜਾਵੇ।