ਰਿਆਤ ਬਾਹਰਾ ਦੇ ਵਿਦਿਆਰਥੀਆਂ ਨੇ ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਦਾ ਦੌਰਾ ਕੀਤਾ
ਰਿਆਤ ਬਾਹਰਾ ਦੇ ਵਿਦਿਆਰਥੀਆਂ ਨੇ ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਦਾ ਦੌਰਾ ਕੀਤਾ
Publish Date: Wed, 04 Feb 2026 03:45 PM (IST)
Updated Date: Wed, 04 Feb 2026 03:47 PM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਰਿਆਤ ਬਾਹਰਾ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਦੇ ਵਿਦਿਆਰਥੀਆਂ ਵੱਲੋਂ ਸਮਾਜਿਕ ਜਾਗਰੂਕਤਾ ਤਹਿਤ ਜੇਐਸਐਸ ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਦਾ ਦੌਰਾ ਕੀਤਾ ਗਿਆ। ਇਹ ਦੌਰਾ ਸਕੂਲ ਦੀ ਪ੍ਰਿੰਸੀਪਲ ਰਸ਼ਮੀ ਸ਼ਰਮਾ ਦੀ ਅਗਵਾਈ ਹੇਠ ਕੀਤਾ ਗਿਆ, ਜਿਸ ਵਿੱਚ 8ਵੀਂ ਤੋਂ 11ਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਅਧਿਆਪਕਾ ਸ਼ਵੇਤਾ ਵਰਮਾ, ਕਰਮਜੀਤ ਕੌਰ ਅਤੇ ਸ੍ਰਿਸ਼ਟੀ ਵੀ ਵਿਦਿਆਰਥੀਆਂ ਦੇ ਨਾਲ ਮੌਜੂਦ ਰਹੀਆਂ। ਦੌਰੇ ਦੌਰਾਨ ਵਿਦਿਆਰਥੀਆਂ ਨੇ ਵਿਸ਼ੇਸ਼ ਬੱਚਿਆਂ ਦੀ ਰੋਜ਼ਾਨਾ ਪੜ੍ਹਾਈ, ਸਰੀਰਕ ਗਤੀਵਿਧੀਆਂ, ਕਲਾਸਰੂਮ ਅਤੇ ਸਿੱਖਿਆ ਦੇ ਤਰੀਕਿਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਦੋਵਾਂ ਸਕੂਲਾਂ ਦੇ ਬੱਚਿਆਂ ਨੇ ਆਪਸ ਵਿੱਚ ਖੇਡ ਮੁਕਾਬਲੇ ਵੀ ਖੇਡੇ ਅਤੇ ਮਿਲਜੁਲ ਕੇ ਖੁਸ਼ੀ ਦੇ ਪਲ ਸਾਂਝੇ ਕੀਤੇ। ਇਸ ਦੌਰਾਨ ਗੁਰਪ੍ਰਸਾਦ ਵੱਲੋਂ ਸਕੂਲ ਵਿੱਚ ਚੱਲ ਰਹੀਆਂ ਗਤੀਵਿਧੀਆਂ ਅਤੇ ਸਮਾਜਿਕ ਪ੍ਰੋਗਰਾਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਆਸ਼ਾਦੀਪ ਵੈਲਫੇਅਰ ਸੋਸਾਇਟੀ ਦੇ ਸਕੱਤਰ ਕਰਨਲ ਗੁਰਮੀਤ ਸਿੰਘ ਅਤੇ ਪ੍ਰਿੰਸੀਪਲ ਸ਼ੈਲੀ ਸ਼ਰਮਾ ਵੀ ਹਾਜ਼ਰ ਸਨ। ਸਪੈਸ਼ਲ ਸਕੂਲ ਦੇ ਬੱਚਿਆਂ ਨਾਲ ਮੁਲਾਕਾਤ ਤੋਂ ਬਾਅਦ ਰਿਆਤ ਬਾਹਰਾ ਦੇ ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਨੇ ਵਿਸ਼ੇਸ਼ ਵਿਦਿਆਰਥੀਆਂ ਦੇ ਜੀਵਨ ਤੋਂ ਬਹੁਤ ਕੁਝ ਸਿੱਖਿਆ ਹੈ ਅਤੇ ਉਹ ਭਵਿੱਖ ਵਿੱਚ ਆਪਣੇ ਮਾਪਿਆਂ ਨਾਲ ਕਿਸੇ ਵੀ ਗੱਲ ਦੀ ਸ਼ਿਕਾਇਤ ਨਹੀਂ ਕਰਨਗੇ।