ਵਿਕਾਸ ਤੇ ਰੋਜ਼ਗਾਰ ਦਾ ਰੋਡਮੈਪ ਦਿਖਾਉਂਦਾ ਕੇਂਦਰੀ ਬਜਟ: ਵਿਜੇ ਸਾਂਪਲਾ
ਵਿਕਾਸ ਤੇ ਰੋਜ਼ਗਾਰ ਦਾ ਰੋਡਮੈਪ ਦਿਖਾਉਂਦਾ ਕੇਂਦਰੀ ਬਜਟ, ਪੰਜਾਬ ਸਰਕਾਰ ਸਿਰਫ਼ ਇਸ਼ਤਿਹਾਰਾਂ ਤੱਕ ਸੀਮਿਤ : ਵਿਜੇ ਸਾਂਪਲਾ
Publish Date: Mon, 02 Feb 2026 07:06 PM (IST)
Updated Date: Tue, 03 Feb 2026 04:11 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਇੱਕ ਪਾਸੇ ਕੇਂਦਰੀ ਬਜਟ 2026-27 ਨੂੰ ਵਿਕਾਸ, ਨਿਵੇਸ਼ ਅਤੇ ਰੋਜ਼ਗਾਰ ਦਾ ਸੰਤੁਲਿਤ ਰੋਡਮੈਪ ਕਰਾਰ ਦਿੰਦਿਆਂ ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਵਿਜੇ ਸਾਂਪਲਾ ਨੇ ਇਸ ਦੀਆਂ ਯੋਜਨਾਵਾਂ ਅਤੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ, ਤਾਂ ਦੂਜੇ ਪਾਸੇ ਉਨ੍ਹਾਂ ਨੇ ਪੰਜਾਬ ਸਰਕਾਰ ’ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਸੂਬੇ ਵਿੱਚ ਦਿਖਾਇਆ ਜਾ ਰਿਹਾ ਸਾਰਾ ਵਿਕਾਸ ਕੇਂਦਰ ਸਰਕਾਰ ਦੇ ਫੰਡਾਂ ਨਾਲ ਹੋ ਰਿਹਾ ਹੈ, ਜਦਕਿ ਪੰਜਾਬ ਸਰਕਾਰ ਸਿਰਫ਼ ਫਲੈਕਸਾਂ ਅਤੇ ਇਸ਼ਤਿਹਾਰਾਂ ਤੱਕ ਹੀ ਸੀਮਿਤ ਰਹਿ ਗਈ ਹੈ। ਭਾਜਪਾ ਜ਼ਿਲ੍ਹਾ ਪ੍ਰਧਾਨ ਨਿਪੁਣ ਸ਼ਰਮਾ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਰਾਨ ਵਿਜੇ ਸਾਂਪਲਾ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਸੂਬੇ ਵਿੱਚ ਦਿਖਾਏ ਜਾ ਰਹੇ ਵਿਕਾਸ ਕਾਰਜ ਹਕੀਕਤ ਵਿੱਚ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਵਿੱਤੀ ਮਦਦ ਨਾਲ ਹੀ ਹੋ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਆਪਣੇ ਪੱਧਰ ’ਤੇ ਵਿਕਾਸ ਲਈ ਲੋੜੀਂਦੀ ਰਕਮ ਖਰਚ ਕਰਨ ਵਿੱਚ ਅਸਫ਼ਲ ਰਹੀ ਹੈ ਅਤੇ ਕੇਂਦਰ ਦੀਆਂ ਯੋਜਨਾਵਾਂ ਨੂੰ ਆਪਣੀ ਉਪਲੱਬਧੀ ਵਜੋਂ ਪੇਸ਼ ਕਰ ਰਹੀ ਹੈ। ਸਾਂਪਲਾ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ, ਉੱਥੇ ਦੂਜੇ ਪਾਸੇ ਜ਼ਮੀਨੀ ਹਕੀਕਤ ਕੁਝ ਹੋਰ ਹੀ ਕਹਾਣੀ ਬਿਆਨ ਕਰ ਰਹੀ ਹੈ। ਉਨ੍ਹਾਂ ਅਨੁਸਾਰ ਸਿਹਤ, ਸਿੱਖਿਆ, ਬੁਨਿਆਦੀ ਢਾਂਚੇ ਅਤੇ ਸੜਕਾਂ ਨਾਲ ਸੰਬੰਧਤ ਕਈ ਪ੍ਰੋਜੈਕਟ ਅਜੇ ਤੱਕ ਸਿਰਫ਼ ਕਾਗਜ਼ਾਂ ਤੱਕ ਹੀ ਸੀਮਿਤ ਹਨ। ਹੁਸ਼ਿਆਰਪੁਰ ਮੈਡੀਕਲ ਕਾਲਜ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦਾ ਨੀਂਹ ਪੱਥਰ ਰੱਖੇ ਜਾਣ ਨੂੰ ਦੋ ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਪਰ ਅਜੇ ਤੱਕ ਨਿਰਮਾਣ ਕਾਰਜ ਸ਼ੁਰੂ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਇਸ ਕਾਰਨ ਇਲਾਕੇ ਦੇ ਲੋਕਾਂ ਨੂੰ ਅਜੇ ਵੀ ਇਲਾਜ ਲਈ ਜਲੰਧਰ, ਅੰਮ੍ਰਿਤਸਰ, ਲੁਧਿਆਣਾ ਜਾਂ ਚੰਡੀਗੜ੍ਹ ਵਰਗੇ ਸ਼ਹਿਰਾਂ ਦਾ ਰੁਖ ਕਰਨਾ ਪੈਂਦਾ ਹੈ, ਜਿਸ ਨਾਲ ਗਰੀਬ ਅਤੇ ਮੱਧਵਰਗੀ ਪਰਿਵਾਰਾਂ ’ਤੇ ਵਿੱਤੀ ਬੋਝ ਵਧਦਾ ਜਾ ਰਿਹਾ ਹੈ। ਹੁਸ਼ਿਆਰਪੁਰ–ਜਲੰਧਰ ਨੈਸ਼ਨਲ ਹਾਈਵੇ ਪ੍ਰੋਜੈਕਟ ਬਾਰੇ ਸਾਂਪਲਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੂਰਾ ਫੰਡ ਜਾਰੀ ਕਰਨ ਦੇ ਬਾਵਜੂਦ ਸੜਕ ਦਾ ਕੰਮ ਅਜੇ ਤੱਕ ਅਧੂਰਾ ਪਿਆ ਹੈ। ਉਨ੍ਹਾਂ ਦੱਸਿਆ ਕਿ ਠੇਕੇਦਾਰ ਕੰਮ ਛੱਡ ਕੇ ਭੱਜ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਟ੍ਰੈਫਿਕ ਜਾਮ, ਹਾਦਸਿਆਂ ਅਤੇ ਧੂੜ-ਮਿੱਟੀ ਨਾਲ ਜੂਝਣਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਠੇਕੇਦਾਰ ਨੂੰ ਤੁਰੰਤ ਬਲੈਕਲਿਸਟ ਕਰਕੇ ਨਵੇਂ ਟੈਂਡਰ ਜਾਰੀ ਕੀਤੇ ਜਾਣ। ਵਿਜੇ ਸਾਂਪਲਾ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਸਿਰਫ਼ ਐਲਾਨ ਨਹੀਂ, ਸਗੋਂ ਜ਼ਮੀਨ ’ਤੇ ਦਿਖਾਈ ਦੇਣ ਵਾਲਾ ਵਿਕਾਸ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਵਿਕਾਸ ਲਈ ਹਰ ਸੰਭਵ ਮਦਦ ਕਰ ਰਹੀ ਹੈ, ਪਰ ਰਾਜ ਸਰਕਾਰ ਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ। ਵਿਜੇ ਸਾਂਪਲਾ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਗਏ ਕੇਂਦਰੀ ਬਜਟ 2026-27 ਦੀ ਸ਼ਲਾਘਾ ਕਰਦੇ ਹੋਏ ਇਸਨੂੰ ਵਿਕਾਸ, ਨਿਵੇਸ਼ ਅਤੇ ਰੋਜ਼ਗਾਰ ਦਾ ਸੰਤੁਲਿਤ ਰੋਡਮੈਪ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਬਜਟ ‘ਸਭਕਾ ਸਾਥ, ਸਭਕਾ ਵਿਕਾਸ ਅਤੇ ਆਤਮਨਿਰਭਰ ਭਾਰਤ’ ਦੀ ਭਾਵਨਾ ਨੂੰ ਮਜ਼ਬੂਤੀ ਨਾਲ ਅੱਗੇ ਵਧਾਉਂਦਾ ਹੈ ਅਤੇ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਦੀ ਦਿਸ਼ਾ ਵਿੱਚ ਮਜ਼ਬੂਤ ਨੀਂਹ ਰੱਖਦਾ ਹੈ। ਸਾਂਪਲਾ ਨੇ ਕਿਹਾ ਕਿ ਬਜਟ ਵਿੱਚ ਯੁਵਾਵਾਂ, ਮਹਿਲਾਵਾਂ, ਕਿਸਾਨਾਂ, ਅਨੁਸੂਚਿਤ ਜਾਤੀ ਵਰਗ, ਐੱਮਐੱਸਐੱਮਈ ਸੈਕਟਰ ਅਤੇ ਗ੍ਰਾਮੀਣ ਖੇਤਰ ਨੂੰ ਕੇਂਦਰ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬੁਨਿਆਦੀ ਢਾਂਚੇ ਅਤੇ ਲੰਬੇ ਸਮੇਂ ਦੇ ਵਿਕਾਸ ਲਈ ਰਿਕਾਰਡ ਪੱਧਰ ’ਤੇ ਵਿਕਾਸੀ ਅਤੇ ਪੂੰਜੀਗਤ ਖਰਚ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਨਾਲ ਸੜਕਾਂ, ਰੇਲਵੇ, ਹਵਾਈ ਅੱਡਿਆਂ, ਊਰਜਾ ਅਤੇ ਲੋਜਿਸਟਿਕਸ ਖੇਤਰ ਨੂੰ ਨਵੀਂ ਰਫ਼ਤਾਰ ਮਿਲੇਗੀ। ਸਾਬਕਾ ਮੰਤਰੀ ਨੇ ਕਿਹਾ ਕਿ ਬਜਟ ਵਿੱਚ 12.2 ਲੱਖ ਕਰੋੜ ਰੁਪਏ ਦੇ ਰਿਕਾਰਡ ਵਿਕਾਸੀ ਖਰਚ ਨਾਲ ਦੇਸ਼ ਭਰ ਵਿੱਚ ਆਰਥਿਕ ਸਰਗਰਮੀਆਂ ਤੇਜ਼ ਹੋਣਗੀਆਂ ਅਤੇ ਨੌਜਵਾਨਾਂ ਲਈ ਵੱਡੇ ਪੱਧਰ ’ਤੇ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਵਿੱਤੀ ਘਾਟੇ ਨੂੰ GDP ਦੇ 4.3 ਫੀਸਦੀ ਤੱਕ ਸੀਮਿਤ ਰੱਖਣਾ ਸਰਕਾਰ ਦੀ ਵਿੱਤੀ ਅਨੁਸ਼ਾਸਨ ਪ੍ਰਤੀ ਗੰਭੀਰਤਾ ਨੂੰ ਦਰਸਾਉਂਦਾ ਹੈ। ਸਾਂਪਲਾ ਨੇ ਦੱਸਿਆ ਕਿ ਖੇਤੀਬਾੜੀ ਖੇਤਰ ਲਈ ਲਗਭਗ ਡੇਢ ਲੱਖ ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਨਾਲ ਕਿਸਾਨਾਂ ਦੀ ਆਮਦਨ ਵਧਾਉਣ, ਖੇਤੀਬਾੜੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਨਵੀਂ ਤਕਨਾਲੋਜੀ ਨੂੰ ਉਤਸ਼ਾਹ ਮਿਲੇਗਾ। ਇਸਦੇ ਨਾਲ ਹੀ ਐਮਐਸਐਮਈ ਖੇਤਰ ਲਈ ਵੱਡੇ ਫੰਡ ਅਤੇ ਸਕਿਲ ਡਿਵੈਲਪਮੈਂਟ ’ਤੇ ਜ਼ੋਰ ਦੇ ਕੇ ਨੌਜਵਾਨਾਂ ਨੂੰ ਸਵੈਰੋਜ਼ਗਾਰ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੇਕ ਇਨ ਇੰਡੀਆ 2.0, ਸੈਮੀਕੰਡਕਟਰ ਮਿਸ਼ਨ, ਬਾਇਓਫਾਰਮਾ ਯੋਜਨਾਵਾਂ ਅਤੇ ਉਦਯੋਗਿਕ ਨਿਵੇਸ਼ ਨਾਲ ਦੇਸ਼ ਵਿੱਚ ਉਦਯੋਗਿਕ ਵਿਕਾਸ ਨੂੰ ਨਵੀਂ ਦਿਸ਼ਾ ਮਿਲੇਗੀ ਅਤੇ ਰੋਜ਼ਗਾਰ ਦੇ ਅਨੇਕ ਨਵੇਂ ਮੌਕੇ ਪੈਦਾ ਹੋਣਗੇ। ਮਹਿਲਾਵਾਂ ਨੂੰ ਆਤਮਨਿਰਭਰ ਬਣਾਉਣ ਲਈ ਵੀ ਬਜਟ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਸਾਂਪਲਾ ਨੇ ਕਿਹਾ ਕਿ ਬਜਟ ਵਿੱਚ ਅਨੁਸੂਚਿਤ ਜਾਤੀ ਵਰਗ ਲਈ ਵੀ ਠੋਸ ਕਦਮ ਚੁੱਕੇ ਗਏ ਹਨ ਅਤੇ ਹੁਣ ਐਸਸੀ ਵਰਗ ਦੇ ਉਦਯੋਗਪਤੀ ਦੋ ਕਰੋੜ ਰੁਪਏ ਤੱਕ ਦਾ ਕਰਜ਼ਾ ਲੈ ਕੇ ਆਪਣੇ ਰੋਜ਼ਗਾਰ ਅਤੇ ਕਾਰੋਬਾਰ ਨੂੰ ਵਧਾ ਸਕਣਗੇ। ਗ੍ਰਾਮੀਣ ਵਿਕਾਸ ਲਈ ਕੀਤੇ ਗਏ ਪ੍ਰਬੰਧ ਪਿੰਡਾਂ ਵਿੱਚ ਰੋਜ਼ਗਾਰ ਅਤੇ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨਗੇ। ਇਸ ਮੌਕੇ ਸਾਂਪਲਾ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਜਯੰਤੀ ਮੌਕੇ ਜਲੰਧਰ ਵਿਖੇ ਆਦਮਪੁਰ ਏਅਰਪੋਰਟ ਦਾ ਨਾਮ ਗੁਰੂ ਰਵਿਦਾਸ ਮਹਾਰਾਜ ਦੇ ਨਾਮ ’ਤੇ ਰੱਖਣ ਅਤੇ ਲੁਧਿਆਣਾ ਏਅਰਪੋਰਟ ਦੀ ਸ਼ੁਰੂਆਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਫੈਸਲੇ ਪੰਜਾਬ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਦੀ ਪੂਰਤੀ ਹਨ। ਅੰਤ ਵਿੱਚ ਵਿਜੇ ਸਾਂਪਲਾ ਨੇ ਕਿਹਾ ਕਿ ਕੇਂਦਰੀ ਬਜਟ “ਸਭਕਾ ਸਾਥ, ਸਭਕਾ ਵਿਕਾਸ ਅਤੇ ਆਤਮਨਿਰਭਰ ਭਾਰਤ” ਦੀ ਭਾਵਨਾ ਨੂੰ ਸਾਕਾਰ ਕਰਦਾ ਹੈ ਅਤੇ ਇਹ ਬਜਟ ਦੇਸ਼ ਦੇ ਹਰ ਵਰਗ ਲਈ ਉਮੀਦਾਂ ਅਤੇ ਮੌਕਿਆਂ ਨਾਲ ਭਰਪੂਰ ਹੈ। ਇਸ ਮੌਕੇ ਬਿੰਦੁਸਾਰ ਸ਼ੁਕਲਾ, ਜਿੰਦੂ ਸੈਨੀ, ਉਮੇਸ਼ ਜੈਨ, ਐਡਵੋਕੇਟ ਡੀ.ਐੱਸ. ਬਾਗੀ, ਭਾਰਤ ਭੂਸ਼ਣ ਵਰਮਾ, ਅਸ਼ਵਨੀ ਓਹਰੀ, ਆਨੰਦ ਅਗਰਵਾਲ, ਐਸ.ਐੱਮ. ਸਿੱਧੂ, ਤੁਸ਼ੇ ਸੂਦ ਅਤੇ ਸ਼ਿਵਮ ਓਹਰੀ ਸਮੇਤ ਹੋਰ ਭਾਜਪਾ ਆਗੂ ਮੌਜੂਦ ਸਨ।