ਬਾਲ ਸਾਹਿਤ ਰਾਹੀਂ ਆਦਰਸ਼ ਨਾਗਰਿਕ ਸਿਰਜੇ ਜਾਂਦੇ ਹਨ- ਡਾ. ਇਸ਼ਾਂਕ ਕੁਮਾਰ
ਬਾਲ ਸਾਹਿਤ ਰਾਹੀਂ ਆਦਰਸ਼ ਨਾਗਰਿਕ ਸਿਰਜੇ ਜਾਂਦੇ ਹਨ- ਡਾ. ਇਸ਼ਾਂਕ ਕੁਮਾਰ
Publish Date: Mon, 02 Feb 2026 04:55 PM (IST)
Updated Date: Tue, 03 Feb 2026 04:05 AM (IST)

-ਬਾਲ ਰਸਾਲੇ ਨਿੱਕੀਆਂ ਕਰੂੰਬਲਾਂ ਦਾ ਵਿਸ਼ੇਸ਼ ਅੰਕ ਜਾਰੀ ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ: ਬਾਲ ਸਾਹਿਤ ਰਾਹੀਂ ਆਦਰਸ਼ ਨਾਗਰਿਕ ਸਿਰਜੇ ਜਾਂਦੇ ਹਨ। ਇਹ ਵਿਚਾਰ ਚੱਬੇਵਾਲ ਦੇ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਦਰਜ ਪੰਜਾਬੀ ਦੇ ਇੱਕੋ ਇੱਕ ਬਾਲ ਰਸਾਲੇ ਨਿੱਕੀਆਂ ਕਰੂੰਬਲਾਂ ਦੇ ਨਵ ਵਰਸ਼ ਵਿਸ਼ੇਸ਼ ਅੰਕ ਨੂੰ ਜਾਰੀ ਕਰਦਿਆਂ ਆਖੇ। ਉਹਨਾਂ ਕਿਹਾ ਕਿ ਜਿਹੜੇ ਵਿਦਿਆਰਥੀ ਬਾਲ ਰਸਾਲੇ ਅਤੇ ਪੁਸਤਕਾਂ ਪੜ੍ਹਦੇ ਹਨ ਉਹ ਜੀਵਨ ਵਿੱਚ ਹਮੇਸ਼ਾ ਉੱਚੀਆਂ ਪ੍ਰਾਪਤੀਆਂ ਕਰਦੇ ਹਨ। ਬਾਲ ਸਾਹਿਤ ਦਾ ਅਸਲ ਮਨੋਰਥ ਵੀ ਇਹ ਹੈ ਕਿ ਬੱਚਿਆਂ ਅੰਦਰ ਸਮੇਂ ਦੀਆਂ ਹਾਣੀ ਨੈਤਿਕ ਕਦਰਾਂ ਕੀਮਤਾਂ ਭਰੀਆਂ ਜਾਣ ਤਾਂ ਕਿ ਉਹ ਜ਼ਿੰਦਗੀ ਵਿੱਚ ਸਫ਼ਲਤਾ ਦੀ ਪੌੜੀ ਚੜ੍ਹਨ ਦੇ ਸਮਰੱਥ ਹੋ ਸਕਣ। ਸ਼੍ਰੋਮਣੀ ਸਾਹਿਤਕਾਰ ਬਲਜਿੰਦਰ ਮਾਨ ਨੇ ਆਪਣੇ ਜੀਵਨ ਦਾ ਸਾਰਾ ਸਰਮਾਇਆ ਇਸ ਰਸਾਲੇ ਲੇਖੇ ਲਾ ਕੇ ਵਿਸ਼ਵ ਰਿਕਾਰਡ ਕਾਇਮ ਕਰ ਦਿੱਤਾ ਹੈ ਜਿਸ ਤੇ ਅਸੀਂ ਮਾਣ ਕਰਦੇ ਹਾਂ। ਪੰਜਾਬੀ ਭਾਸ਼ਾ ਅਤੇ ਬੱਚਿਆਂ ਵਿੱਚ ਨੈਤਿਕ ਕਦਰਾਂ ਕੀਮਤਾਂ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਇਸ ਰਸਾਲੇ ਦਾ ਵਿਸ਼ੇਸ਼ ਯੋਗਦਾਨ ਹੈ। ਤਿੰਨ ਦਹਾਕਿਆਂ ਤੋਂ ਨਿਰੰਤਰ ਪ੍ਰਕਾਸ਼ਿਤ ਹੋਣ ਵਾਲਾ ਪੰਜਾਬੀ ਦਾ ਇਹ ਇੱਕੋ ਇੱਕ ਬਾਲ ਰਸਾਲਾ ਹੈ ਜੋ ਪੂਰੀ ਦੁਨੀਆ ਵਿੱਚ ਪੜ੍ਹਿਆ ਜਾ ਰਿਹਾ ਹੈ। ਰਿਲੀਜ਼ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਪ੍ਰਿੰਸੀਪਲ ਪਰਵਿੰਦਰ ਸਿੰਘ, ਓਵਰਸੀਜ਼ ਕਾਂਗਰਸ ਯੂ ਕੇ, ਯੂਰਪ ਦੇ ਕਨਵੀਨਰ ਦਲਜੀਤ ਸਿੰਘ ਸਹੋਤਾ, ਰੋਸ਼ਨਜੀਤ ਸਿੰਘ ਪਨਾਮ ਅਤੇ ਚੈਂਚਲ ਸਿੰਘ ਬੈਂਸ ਨੇ ਕਿਹਾ ਕਿ ਬਲਜਿੰਦਰ ਮਾਨ ਖਾਲਸਾ ਕਾਲਜ ਮਾਹਿਲਪੁਰ ਦੇ ਵਿਦਿਆਰਥੀ ਰਹੇ ਹਨ। ਜਿੱਥੇ ਉਹਨਾਂ ਆਪਣੀਆਂ ਸ਼ਾਨਦਾਰ ਕਿਰਤਾਂ ਨਾਲ ਸੰਦਲੀ ਪੈੜਾਂ ਪਾਈਆਂ ਹਨ। ਦੇਸ਼ ਵਿਦੇਸ਼ ਵਿੱਚ ਬੈਠੇ ਪੰਜਾਬੀ ਇਸ ਰਸਾਲੇ ਨੂੰ ਬੜੀ ਚਾਹਤ ਨਾਲ ਪੜ੍ਹਦੇ ਹਨ। ਇਹ ਰਸਾਲਾ ਉਨ੍ਹਾਂ ਨੂੰ ਆਪਣੀ ਅਮੀਰ ਵਿਰਾਸਤ ਨਾਲ ਜੋੜਦਾ ਹੋਇਆ ਆਧੁਨਿਕ ਸਮੇਂ ਲਈ ਤਿਆਰ ਕਰਦਾ ਹੈ। ਰਸਾਲੇ ਦੇ ਸੰਪਾਦਕ ਬਲਜਿੰਦਰ ਮਾਨ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਰਦਿਆਂ ਪ੍ਰਕਾਸ਼ਨ ਦੀਆਂ ਸਮੱਸਿਆਵਾਂ ਦੀ ਚਰਚਾ ਕੀਤੀ। ਉਨ੍ਹਾਂ ਅਧਿਆਪਕਾਂ ਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਯੂ ਗੁਟ ਅਨੁਸਾਰ ਆਪਣੇ ਬੱਚਿਆਂ ਹੱਥ ਰਸਾਲੇ ਅਤੇ ਪੁਸਤਕਾਂ ਜ਼ਰੂਰ ਦੇਣ। ਜੇਕਰ ਅੱਜ ਸਮਾਜ ਵਿੱਚ ਨੈਤਿਕ ਕਦਰਾਂ ਕੀਮਤਾਂ ਨੂੰ ਖੋਰਾ ਲੱਗਾ ਹੈ ਤਾਂ ਉਸ ਦਾ ਮੁੱਖ ਕਾਰਨ ਹੀ ਹੈ ਕਿ ਸਾਡੇ ਬੱਚਿਆਂ ਦੇ ਹੱਥ ਵਧੀਆ ਪੁਸਤਕਾਂ ਦੀ ਬਜਾਏ ਮਹਿੰਗੇ ਫੋਨ ਹਨ। ਇਸ ਸਮਾਗਮ ਵਿੱਚ ਬਿਸ਼ੰਬਰ ਦਾਸ, ਹਰਵੀਰ ਮਾਨ, ਪਵਨ ਸਕਰੂਲੀ, ਮਨਜਿੰਦਰ ਹੀਰ, ਹਰਮਨਪ੍ਰੀਤ ਕੌਰ, ਮਨਜੀਤ ਕੌਰ ਅਤੇ ਕੁਲਦੀਪ ਕੌਰ ਸਮੇਤ ਸਾਹਿਤ ਪ੍ਰੇਮੀ ਸ਼ਾਮਿਲ ਹੋਏ।