ਯੂਜੀਸੀ ਬਿੱਲ ’ਤੇ 19 ਤਕ ਰੋਕ ਲਾਉਣ ਦਾ ਸਵਾਗਤ
ਯੂਜੀਸੀ ਬਿੱਲ ਦੇ ਵਿਰੋਧ ‘ਚ ਕਰਨੀ ਸੈਨਾ ਦੀ ਮੀਟਿੰਗ
Publish Date: Mon, 02 Feb 2026 04:22 PM (IST)
Updated Date: Tue, 03 Feb 2026 04:05 AM (IST)
ਤਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ,
ਮੁਕੇਰੀਆਂ: ਸ਼੍ਰੀ ਰਾਜਪੂਤ ਕਰਨੀ ਸੈਨਾ ਦੀ ਇਕ ਅਹਿਮ ਮੀਟਿੰਗ ਮਹਾਰਾਣਾ ਪ੍ਰਤਾਪ ਭਵਨ ਵਿਖੇ ਬਲਾਕ ਮੁਕੇਰੀਆਂ ਦੇ ਪ੍ਰਧਾਨ ਰਾਕੇਸ਼ ਸਿੰਘ ਜੱਗੀ ਅਤੇ ਬਲਾਕ ਹਾਜੀਪੁਰ ਦੇ ਪ੍ਰਧਾਨ ਵਿਕਰਮ ਠਾਕੁਰ ਦੀ ਸਾਂਝੀ ਪ੍ਰਧਾਨਗੀ ਹੇਠ ਕਰਵਾਈ ਗਈ। ਮੀਟਿੰਗ ਵਿੱਚ ਪੰਜਾਬ ਚੇਅਰਮੈਨ ਠਾਕੁਰ ਸੋਹਣ ਸਿੰਘ ਅਤੇ ਠਾਕੁਰ ਸੁਲੱਖਣ ਸਿੰਘ ਜੱਗੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਮੀਟਿੰਗ ਦੌਰਾਨ ਯੂਜੀਸੀ ਬਿੱਲ ਨੂੰ ਲੈ ਕੇ ਵਿਸਥਾਰ ਨਾਲ ਚਰਚਾ ਕੀਤੀ ਗਈ ਅਤੇ ਇਸ ਬਿੱਲ ਦੇ ਵਿਰੋਧ ਵਿੱਚ ਕਰਨੀ ਸੈਨਾ ਦਾ ਸਖ਼ਤ ਰੁਖ ਸਪੱਸ਼ਟ ਕੀਤਾ ਗਿਆ।
ਆਗੂਆਂ ਨੇ ਮਾਨਯੋਗ ਸੁਪਰੀਮ ਕੋਰਟ ਵੱਲੋਂ ਯੂਜੀਸੀ ਬਿੱਲ ‘ਤੇ 19 ਤਰੀਕ ਤੱਕ ਰੋਕ ਲਗਾਉਣ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਫ਼ੈਸਲਾ ਲੋਕਤੰਤਰ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਦੀ ਜਿੱਤ ਹੈ। ਬੁਲਾਰਿਆਂ ਨੇ ਕਿਹਾ ਕਿ ਇਹ ਬਿੱਲ ਵਿਦਿਆਰਥੀਆਂ, ਅਧਿਆਪਕ ਵਰਗ ਅਤੇ ਸਿੱਖਿਆ ਪ੍ਰਣਾਲੀ ਦੇ ਹਿੱਤ ਵਿੱਚ ਨਹੀਂ ਹੈ ਅਤੇ ਇਸ ਨਾਲ ਸੂਬਿਆਂ ਦੇ ਅਧਿਕਾਰਾਂ ’ਤੇ ਸਿੱਧਾ ਹਮਲਾ ਹੁੰਦਾ ਹੈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਕੇਂਦਰ ਸਰਕਾਰ ਵੱਲੋਂ ਇਸ ਬਿੱਲ ਨੂੰ ਜ਼ਬਰਦਸਤੀ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਰਨੀ ਸੈਨਾ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਦਫ਼ਤਰਾਂ ਦਾ ਘਿਰਾਓ ਕੀਤਾ ਜਾਵੇਗਾ। ਇਸ ਦੇ ਨਾਲ ਹੀ ਅਗਾਮੀ ਚੋਣਾਂ ਦੌਰਾਨ ਭਾਜਪਾ ਦਾ ਪੂਰਨ ਰੂਪ ਵਿੱਚ ਬਾਈਕਾਟ ਕਰਨ ਦਾ ਐਲਾਨ ਵੀ ਕੀਤਾ ਗਿਆ।
ਬੁਲਾਰਿਆਂ ਨੇ ਹੈਰਾਨੀ ਪ੍ਰਗਟਾਈ ਕਿ ਹਲਕਾ ਮੁਕੇਰੀਆਂ ਅੰਦਰ ਹਰ ਚੋਣ ਵਿੱਚ ਸਵਰਨ ਸਮਾਜ ਵੱਲੋਂ ਭਾਜਪਾ ਨੂੰ ਸਮਰਥਨ ਦਿੱਤਾ ਜਾਂਦਾ ਰਿਹਾ ਹੈ, ਪਰ ਯੂਜੀਸੀ ਬਿੱਲ ਵਰਗੇ ਗੰਭੀਰ ਮੁੱਦੇ ‘ਤੇ ਮੌਜੂਦਾ ਭਾਜਪਾ ਵਿਧਾਇਕ ਵੱਲੋਂ ਕੋਈ ਵੀ ਸਪੱਸ਼ਟ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ, ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਇਸ ਚੁੱਪ ਨੇ ਸਮਾਜ ਵਿੱਚ ਨਿਰਾਸ਼ਾ ਪੈਦਾ ਕੀਤੀ ਹੈ। ਮੀਟਿੰਗ ਦੌਰਾਨ ਗੈਵੀ ਠਾਕੁਰ, ਸੰਨੀ ਠਾਕੁਰ, ਲੱਕੀ ਠਾਕੁਰ, ਵੀਰ ਕਰਨ ਠਾਕੁਰ, ਠਾਕੁਰ ਪੂਰਨ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਰਨੀ ਸੈਨਾ ਦੇ ਸੈਨਿਕ ਹਾਜ਼ਰ ਸਨ।