- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇਂਦਰੀ ਬਜਟ ’ਤੇ ਹੁਸ਼ਿਆਰਪੁਰ ਵਿੱਚ ਮਿਲੀ-ਜੁਲੀ ਪ੍ਰਤੀਕਿਰਿਆ

ਸੰਜੀਵ ਸੂਦ, ਪੰਜਾਬੀ ਜਾਗਰਣ,
ਹੁਸ਼ਿਆਰਪੁਰ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਐਤਵਾਰ ਨੂੰ ਸੰਸਦ ਵਿੱਚ ਪੇਸ਼ ਕੀਤੇ ਗਏ ਕੇਂਦਰੀ ਬਜਟ ਨੂੰ ਲੈ ਕੇ ਹੁਸ਼ਿਆਰਪੁਰ ਵਿੱਚ ਲੋਕਾਂ ਦੀ ਪ੍ਰਤੀਕਿਰਿਆ ਵੰਡੀ ਹੋਈ ਨਜ਼ਰ ਆਈ। ਜਿੱਥੇ ਵਪਾਰ ਅਤੇ ਉਦਯੋਗ ਖੇਤਰ ਨਾਲ ਜੁੜੇ ਵਰਗ ਨੇ ਬਜਟ ਵਿੱਚ ਕੀਤੀਆਂ ਇਨਫਰਾਸਟਰੱਕਚਰ, ਮੈਨੂਫੈਕਚਰਿੰਗ ਅਤੇ ਐੱਮਐੱਸਐੱਮਈ ਸੈਕਟਰ ਨਾਲ ਸੰਬੰਧਿਤ ਘੋਸ਼ਣਾਵਾਂ ਨੂੰ ਲੰਬੇ ਸਮੇਂ ਦੇ ਵਿਕਾਸ ਲਈ ਸਹਾਇਕ ਮੰਨਿਆ, ਉੱਥੇ ਹੀ ਕਿਸਾਨਾਂ, ਮੱਧ ਵਰਗ ਅਤੇ ਨੌਜਵਾਨ ਵਰਗ ਨੇ ਇਸਨੂੰ ਆਪਣੀਆਂ ਉਮੀਦਾਂ ’ਤੇ ਖਰਾ ਨਾ ਉਤਰਦਾ ਦੱਸਿਆ।
ਵਪਾਰ ਅਤੇ ਉਦਯੋਗ ਖੇਤਰ ਨੂੰ ਆਸ
ਵਪਾਰ ਅਤੇ ਉਦਯੋਗ ਨਾਲ ਸੰਬੰਧਤ ਵਰਗ ਦਾ ਮੰਨਣਾ ਹੈ ਕਿ ਸਰਕਾਰ ਵੱਲੋਂ ਪੂੰਜੀ ਨਿਵੇਸ਼ ਵਧਾ ਕੇ 12.2 ਲੱਖ ਕਰੋੜ ਰੁਪਏ ਕਰਨ, ਐਮਐਸਐਮਈ ਖੇਤਰ ਲਈ ਗ੍ਰੋਥ ਫੰਡ ਅਤੇ ਇਨਫਰਾਸਟਰੱਕਚਰ ਰਿਸਕ ਗਾਰੰਟੀ ਫੰਡ ਵਰਗੇ ਕਦਮ ਉਦਯੋਗਿਕ ਗਤੀਵਿਧੀਆਂ ਨੂੰ ਗਤੀ ਦੇ ਸਕਦੇ ਹਨ। ਇਹ ਵੀ ਆਸ ਜਤਾਈ ਜਾ ਰਹੀ ਹੈ ਕਿ ਜੇ ਇਹ ਯੋਜਨਾਵਾਂ ਮੈਦਾਨੀ ਪੱਧਰ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਹੋਈਆਂ ਤਾਂ ਉਦਯੋਗੀ ਨਿਵੇਸ਼ ਵਧੇਗਾ ਅਤੇ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।
ਕਿਸਾਨਾਂ ਲਈ ਬਜਟ ਨਿਰਾਸ਼ਾਜਨਕ
ਦੂਜੇ ਪਾਸੇ ਕਿਸਾਨ ਆਗੂਆਂ ਨੇ ਬਜਟ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਬਜਟ ਵਿੱਚ ਨਾ ਤਾਂ ਉਹਨਾਂ ਦੀਆਂ ਫਸਲਾਂ ਦੇ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਬਾਰੇ ਕੋਈ ਐਲਾਨ ਹੈ ਅਤੇ ਨਾ ਹੀ ਖੇਤੀ ਦੀ ਵਧ ਰਹੀ ਲਾਗਤ, ਡੀਜ਼ਲ, ਬਿਜਲੀ ਅਤੇ ਖਾਦਾਂ ਦੀ ਮਹਿੰਗਾਈ ਤੋਂ ਰਾਹਤ ਦੇਣ ਲਈ ਕੋਈ ਠੋਸ ਕਦਮ ਚੁੱਕਿਆ ਗਿਆ ਹੈ।
----
ਬਜਟ ’ਚ ਕਿਸਾਨਾਂ ਲਈ ਨਹੀਂ ਕੁਝ ਖਾਸ : ਜੰਗਵੀਰ ਸਿੰਘ ਚੌਹਾਨ
ਦੋਆਬਾ ਕਿਸਾਨ ਕਮੇਟੀ ਦੇ ਸੂਬਾ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਮੈਂਬਰ ਜੰਗਵੀਰ ਸਿੰਘ ਚੌਹਾਨ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਅਤੇ ਖੇਤੀ ਸੈਕਟਰ ਲਈ ਵਿਸ਼ੇਸ਼ ਪੈਕੇਜ ਦੀ ਆਸ ਸੀ, ਪਰ ਬਜਟ ਵਿੱਚ ਕਿਸਾਨੀ ਲਈ ਕੁਝ ਵੀ ਖਾਸ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨ ਵਰਗ ਵਿੱਚ ਨਿਰਾਸ਼ਾ ਹੋਰ ਵਧ ਗਈ ਹੈ।
---
ਮੱਧ ਵਰਗ ਨੂੰ ਟੈਕਸ ਰਾਹਤ ਨਾ ਮਿਲਣ ’ਤੇ ਨਾਰਾਜ਼ਗੀ : ਮੋਹਿੰਦਰ ਸਿੰਘ
ਮੱਧ ਵਰਗ ਨਾਲ ਸੰਬੰਧਤ ਲੋਕਾਂ ਨੇ ਬਜਟ ਵਿੱਚ ਸਿੱਧੀ ਟੈਕਸ ਰਾਹਤ ਨਾ ਮਿਲਣ ’ਤੇ ਨਾਰਾਜ਼ਗੀ ਜਤਾਈ। ਸਥਾਨਕ ਨਿਵਾਸੀ ਮੋਹਿੰਦਰ ਸਿੰਘ ਨੇ ਕਿਹਾ ਕਿ ਮਹਿੰਗਾਈ ਦੇ ਇਸ ਦੌਰ ਵਿੱਚ ਆਮ ਆਦਮੀ ਨੂੰ ਇਨਕਮ ਟੈਕਸ ਵਿੱਚ ਛੂਟ ਦੀ ਉਮੀਦ ਸੀ। ਉਨ੍ਹਾਂ ਕਿਹਾ ਕਿ ਘਰ ਦਾ ਕਿਰਾਇਆ, ਬੱਚਿਆਂ ਦੀ ਪੜ੍ਹਾਈ ਅਤੇ ਸਿਹਤ ਸੇਵਾਵਾਂ ਦਾ ਖਰਚ ਲਗਾਤਾਰ ਵਧ ਰਿਹਾ ਹੈ, ਪਰ ਬਜਟ ਵਿੱਚ ਤੁਰੰਤ ਰਾਹਤ ਦੇਣ ਵਾਲਾ ਕੋਈ ਕਦਮ ਨਹੀਂ ਦਿਸਦਾ।
---
ਆਮ ਲੋਕਾਂ ਲਈ ਵੱਡੀ ਰਾਹਤ : ਸੰਦੀਪ
ਹਾਲਾਂਕਿ ਕੁਝ ਲੋਕਾਂ ਨੇ ਬਜਟ ਨੂੰ ਸੰਤੁਲਿਤ ਵੀ ਕਰਾਰ ਦਿੱਤਾ। ਸਥਾਨਕ ਨਿਵਾਸੀ ਸੰਦੀਪ ਨੇ ਕਿਹਾ ਕਿ ਭਾਵੇਂ ਇਨਕਮ ਟੈਕਸ ਵਿੱਚ ਨਵੀਂ ਛੂਟ ਨਹੀਂ ਦਿੱਤੀ ਗਈ, ਪਰ ਈਵੀ ਬੈਟਰੀਆਂ, ਸੋਲਰ ਗਲਾਸ ਅਤੇ ਨਵੀਨੀਕਰਨਯੋਗ ਊਰਜਾ ਨਾਲ ਜੁੜੀਆਂ ਵਸਤੂਆਂ ’ਤੇ ਡਿਊਟੀ ਘਟਾਉਣ ਨਾਲ ਲੰਬੇ ਸਮੇਂ ਵਿੱਚ ਲਾਭ ਮਿਲ ਸਕਦਾ ਹੈ। ਉਨ੍ਹਾਂ ਨੇ ਕੈਂਸਰ ਅਤੇ ਸ਼ੂਗਰ ਸਮੇਤ 17 ਦਵਾਈਆਂ ਨੂੰ ਡਿਊਟੀ ਫਰੀ ਕਰਨ ਨੂੰ ਆਮ ਲੋਕਾਂ ਲਈ ਵੱਡੀ ਰਾਹਤ ਕਰਾਰ ਦਿੱਤਾ।
-----
ਪਿੰਡਾਂ ਦੇ ਵਿਕਾਸ ਨਹੀਂ ਜਾਰੀ ਕੀਤਾ ਫੰਡ : ਚੇਅਰਮੈਨ ਗੁਰਵਿੰਦਰ ਸਿੰਘ ਪਾਵਲਾ
ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਇੰਪਰੂਵਮੈਂਟ ਟਰਸਟ ਹੁਸ਼ਿਆਰਪੁਰ ਦੇ ਚੇਅਰਮੈਨ ਗੁਰਵਿੰਦਰ ਸਿੰਘ ਪਾਵਲਾ ਨੇ ਦੋਸ਼ ਲਗਾਇਆ ਕਿ ਕੇਂਦਰੀ ਬਜਟ ਵਿੱਚ ਪੰਜਾਬ ਨੂੰ ਹਮੇਸ਼ਾਂ ਦੀ ਤਰ੍ਹਾਂ ਇਸ ਵਾਰ ਵੀ ਨਜ਼ਰਅੰਦਾਜ਼ ਕੀਤਾ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਯੂਨੀਅਨ ਸਰਕਾਰ ਵੱਲੋਂ ਜੀਐਸਟੀ ਅਤੇ ਪਿੰਡਾਂ ਦੇ ਵਿਕਾਸ ਨਾਲ ਸੰਬੰਧਤ ਕਈ ਫੰਡ ਅਜੇ ਤੱਕ ਜਾਰੀ ਨਹੀਂ ਕੀਤੇ ਗਏ। ਪਰ ਬਜਟ ਵਿੱਚ ਪੰਜਾਬ ਲਈ ਕੋਈ ਵਿਸ਼ੇਸ਼ ਪੈਕੇਜ ਨਹੀਂ ਦਿੱਤਾ ਗਿਆ।
-----
ਬੇਰੁਜ਼ਗਾਰੀ ਦੀ ਗੰਭੀਰ ਸਮੱਸਿਆ : ਦਲਜੀਤ ਸਿੰਘ ਗਿਲਜੀਆਂ
ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਦਲਜੀਤ ਸਿੰਘ ਗਿਲਜੀਆਂ ਨੇ ਕਿਹਾ ਕਿ ਦੇਸ਼ ਕਿਸਾਨੀ ਸੰਕਟ ਅਤੇ ਬੇਰੋਜ਼ਗਾਰੀ ਦੀ ਗੰਭੀਰ ਸਮੱਸਿਆ ਨਾਲ ਜੂਝ ਰਿਹਾ ਹੈ, ਪਰ ਬਜਟ ਵਿੱਚ ਇਨ੍ਹਾਂ ਮੁੱਦਿਆਂ ਨੂੰ ਢੰਗ ਨਾਲ ਐਡਰੈੱਸ ਨਹੀਂ ਕੀਤਾ ਗਿਆ।
----
ਵਿੱਤ ਮੰਤਰੀ ਨੇ ਭਾਸ਼ਣ ’ਚ ਪੰਜਾਬ ਦਾ ਨਾਂ ਤਕ ਨਹੀਂ ਲਿਆ : ਰਜਨੀਸ਼ ਟੰਡਨ
ਉਪ ਪ੍ਰਧਾਨ ਰਜਨੀਸ਼ ਟੰਡਨ ਨੇ ਕਿਹਾ ਕਿ ਵਿੱਤ ਮੰਤਰੀ ਦੇ ਭਾਸ਼ਣ ਵਿੱਚ ਪੰਜਾਬ ਦਾ ਨਾਮ ਤੱਕ ਨਹੀਂ ਲਿਆ ਗਿਆ, ਜੋ ਕੇਂਦਰ ਸਰਕਾਰ ਦੀ ਨੀਅਤ ਨੂੰ ਦਰਸਾਉਂਦਾ ਹੈ।
----
ਬਜਟ ਨੂੰ “ਵਿਕਸਿਤ ਭਾਰਤ” ਦੇ ਲਕਸ਼ ਵੱਲ ਮਜ਼ਬੂਤ ਕਦਮ : ਅਵਿਨਾਸ਼ ਰਾਏ ਖੰਨਾ
ਉੱਥੇ ਹੀ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਬਜਟ ਨੂੰ “ਵਿਕਸਿਤ ਭਾਰਤ” ਦੇ ਲਕਸ਼ ਵੱਲ ਮਜ਼ਬੂਤ ਕਦਮ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਬਜਟ ਵਿੱਚ ਗਰੀਬਾਂ, ਨੌਜਵਾਨਾਂ ਅਤੇ ਮੱਧ ਵਰਗ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ।
---]
ਕੇਂਦਰ ਸਰਕਾਰ ਨੇ ਰੁਜ਼ਗਾਰ ਸਿਰਜਣਾ ਪ੍ਰਤੀ ਵਚਨਬੱਧਤਾ ਕੀਤੀ ਸਾਬਤ : ਨਿਪੁਣ ਸ਼ਰਮਾ
ਭਾਜਪਾ ਜ਼ਿਲ੍ਹਾ ਪ੍ਰਧਾਨ ਨਿਪੁਣ ਸ਼ਰਮਾ ਨੇ ਕਿਹਾ ਕਿ ਬੁਨਿਆਦੀ ਢਾਂਚੇ ਲਈ ਵੱਡਾ ਨਿਵੇਸ਼ ਕਰਕੇ ਕੇਂਦਰ ਸਰਕਾਰ ਨੇ ਰੋਜ਼ਗਾਰ ਸਿਰਜਣਾ ਅਤੇ ਆਰਥਿਕ ਤਰੱਕੀ ਪ੍ਰਤੀ ਆਪਣੀ ਵਚਨਬੱਧਤਾ ਸਾਬਤ ਕੀਤੀ ਹੈ।