ਮੁਕੇਰੀਆਂ ’ਚ ਕੰਪੇਨ ਯਾਤਰਾ ਦਾ ਸਮਾਪਨ
ਮੁਕੇਰੀਆਂ ਵਿੱਚ ਕੰਪੇਨ ਯਾਤਰਾ ਦਾ ਸਮਾਪਨ
Publish Date: Sun, 01 Feb 2026 03:56 PM (IST)
Updated Date: Mon, 02 Feb 2026 04:02 AM (IST)

ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਵਧਾਉਣ ਦਾ ਸੱਦਾ ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸੈਸ਼ਨ 2026-27 ਲਈ ਸਰਕਾਰੀ ਐਲੀਮੈਂਟਰੀ, ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਦਾਖ਼ਲਾ ਵਧਾਉਣ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ ਕੰਪੇਨ ਤੇ ਇਨਰੋਲਮੈਂਟ ਵੈਨ ਯਾਤਰਾ ਮੁਕੇਰੀਆਂ ਵਿਖੇ ਸਫ਼ਲਤਾਪੂਰਵਕ ਸੰਪੰਨ ਹੋਈ। ਇਸ ਯਾਤਰਾ ਦਾ ਆਗਾਜ਼ ਹਾਲ ਹੀ ਵਿੱਚ ਹੁਸ਼ਿਆਰਪੁਰ ਤੋਂ ਡਿਪਟੀ ਕਮਿਸ਼ਨਰ ਅੰਸ਼ਿਕਾ ਜੈਨ ਵੱਲੋਂ ਕੀਤਾ ਗਿਆ ਸੀ, ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਉਂਦੀ ਹੋਈ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚੋਂ ਗੁਜ਼ਰੀ। ਹੁਸ਼ਿਆਰਪੁਰ ਅੰਦਰ ਕੰਪੇਨ ਤੇ ਇਨਰੋਲਮੈਂਟ ਵੈਨ ਯਾਤਰਾ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਹਰਜਿੰਦਰ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਅਮਨਦੀਪ ਸ਼ਰਮਾ ਦੀ ਅਗਵਾਈ ਹੇਠ ਚਲਾਈ ਗਈ ਸੀ। ਇਹ ਯਾਤਰਾ ਦਫ਼ਤਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮੁਕੇਰੀਆਂ ਵਿਖੇ ਹਲਕਾ ਇੰਚਾਰਜ ਪ੍ਰੋ. ਜੀਐੱਸ ਮੁਲਤਾਨੀ ਦੀ ਰਹਿਨੁਮਾਈ ਵਿੱਚ ਸਮਾਪਤ ਹੋਈ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰੋ. ਜੀਐੱਸ ਮੁਲਤਾਨੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਅਤੇ ਸਿਹਤ ਦੇ ਖੇਤਰ ਨੂੰ ਪਹਿਲ ਦੇ ਆਧਾਰ ’ਤੇ ਮਜ਼ਬੂਤ ਕੀਤਾ ਜਾ ਰਿਹਾ ਹੈ। ਸਰਕਾਰੀ ਸਕੂਲਾਂ ਵਿੱਚ ਆਧਾਰਭੂਤ ਢਾਂਚੇ ਨੂੰ ਸੁਧਾਰ ਕੇ, ਡਿਜ਼ੀਟਲ ਸਿੱਖਿਆ ਦੀਆਂ ਆਧੁਨਿਕ ਸਹੂਲਤਾਂ ਮੁਹੱਈਆ ਕਰਵਾ ਕੇ ਸਕੂਲਾਂ ਨੂੰ ਸਮਾਰਟ ਸਕੂਲਾਂ ਦੇ ਰੂਪ ਵਿੱਚ ਵਿਕਸਿਤ ਕੀਤਾ ਗਿਆ ਹੈ। ਸਰਕਾਰੀ ਸਕੂਲਾਂ ਵਿੱਚ ਮੁਫ਼ਤ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਮੁਫ਼ਤ ਕਿਤਾਬਾਂ, ਦੁਪਹਿਰ ਦਾ ਪੌਸ਼ਟਿਕ ਭੋਜਨ ਅਤੇ ਮੁਫ਼ਤ ਸਕੂਲੀ ਵਰਦੀਆਂ ਦਿੱਤੀਆਂ ਜਾ ਰਹੀਆਂ ਹਨ। ਸਰਕਾਰ ਵੱਲੋਂ ਅਧਿਆਪਕਾਂ ਦੀ ਰਿਕਾਰਡ ਤੋੜ ਭਰਤੀ ਕਰਕੇ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਨੂੰ ਦੂਰ ਕੀਤਾ ਗਿਆ ਹੈ, ਜਿਸਦਾ ਸਿੱਧਾ ਲਾਭ ਵਿਦਿਆਰਥੀਆਂ ਦੀ ਸਿੱਖਿਆ ਦੀ ਗੁਣਵੱਤਾ ’ਤੇ ਪਿਆ ਹੈ। ਇਸਦੇ ਨਤੀਜੇ ਵਜੋਂ ਸਰਕਾਰੀ ਸਕੂਲਾਂ ਵਿੱਚ ਦਾਖ਼ਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਸਰਕਾਰ ਭਵਿੱਖ ਵਿੱਚ ਵੀ ਸਿੱਖਿਆ ਦੇ ਖੇਤਰ ਵਿੱਚ ਨਿਰੰਤਰ ਤਰੱਕੀ ਲਈ ਵਚਨਬੱਧ ਹੈ। ਇਸ ਮੌਕੇ ਅਮਰਜੀਤ ਸਿੰਘ ਛੰਨੀ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ, ਬੈਨੀ ਰਾਣਾ ਪ੍ਰਧਾਨ ਯੂਥ ਵਿੰਗ, ਠਾਕੁਰ ਸੁਰਿੰਦਰ ਪੱਪਾ, ਪ੍ਰਿੰਸੀਪਲ ਬਲਵੀਰ ਸਿੰਘ ਟਾਂਡਾ ਰਾਮ ਸਹਾਏ, ਬੀਐੱਨਓ ਸੰਪੂਰਨ ਸਿੰਘ, ਮਾਸਟਰ ਗੁਰਜਿੰਦਰ ਸਿੰਘ ਮੰਝਪੁਰ, ਅਸ਼ੋਕ ਕੁਮਾਰ, ਬੀਆਰਸੀ ਅਮਨ ਕੁਮਾਰ, ਨਿਸ਼ਾਨ ਸਿੰਘ, ਸੀਐੱਚਟੀ ਤ੍ਰਿਪਤਾ ਦੇਵੀ, ਅਵਤਾਰ ਸਿੰਘ, ਰਾਕੇਸ਼ ਕੁਮਾਰ, ਸੁਦੇਸ਼ ਕੁਮਾਰੀ, ਹਰਜੀਤ ਕੌਰ, ਐੱਚਟੀ ਸੁਨੀਤਾ ਸਨਿਆਲ, ਨਵਰਾਜ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੈਕੰਡਰੀ ਅਤੇ ਪ੍ਰਾਇਮਰੀ ਅਧਿਆਪਕ ਹਾਜ਼ਰ ਸਨ।