ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ਤੋਂ ਪੰਜ ਗ੍ਰਿਫਤਾਰ
ਜ਼ਿਲ੍ਹਾ ਹੁਸ਼ਿਆਰਪੁਰ ’ਚ ਨਸ਼ਿਆਂ ਖ਼ਿਲਾਫ਼ ਪੁਲਿਸ ਦਾ ਸਖ਼ਤ ਰੁਖ, ਵੱਖ-ਵੱਖ ਥਾਣਿਆਂ ਵੱਲੋਂ ਪੰਜ ਗ੍ਰਿਫਤਾਰ
Publish Date: Fri, 30 Jan 2026 04:57 PM (IST)
Updated Date: Sat, 31 Jan 2026 04:05 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਨਸ਼ਿਆਂ ਖ਼ਿਲਾਫ਼ ਚਲ ਰਹੀ ਮੁਹਿੰਮ ਤਹਿਤ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਅਲੱਗ-ਅਲੱਗ ਥਾਵਾਂ ’ਤੇ ਕੀਤੀ ਕਾਰਵਾਈ ਦੌਰਾਨ ਐਨ.ਡੀ.ਪੀ.ਐਸ ਐਕਟ ਦੀਆਂ ਸੰਬੰਧਤ ਧਾਰਾਵਾਂ ਹੇਠ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਕਿਹਾ ਕਿ ਥਾਣਾ ਟਾਂਡਾ ਦੀ ਟੀਮ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਪਿੰਡ ਸਾਹਿਬਜ਼ਪੁਰ ਨੇੜੇ ਇੱਕ ਨੌਜਵਾਨ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ। ਪੁਲਿਸ ਅਨੁਸਾਰ ਤਲਾਸ਼ੀ ਦੌਰਾਨ ਉਸ ਦੀ ਜੇਬ ਵਿਚੋਂ ਇੱਕ ਮੋਮੀ ਲਿਫਾਫੇ ’ਚੋਂ 12 ਗ੍ਰਾਮ ਹੈਰੋਇਨ ਬਰਾਮਦ ਹੋਈ। ਗ੍ਰਿਫ਼ਤਾਰ ਵਿਅਕਤੀ ਦੀ ਪਹਿਚਾਣ ਪ੍ਰਿੰਸ ਵਾਸੀ ਪਿੰਡ ਖੱਖ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਥਾਣਾ ਮੁਕੇਰੀਆਂ ਦੀ ਪੁਲਿਸ ਵੱਲੋਂ ਗਸ਼ਤ ਦੌਰਾਨ ਉਸਾਰੀ ਅਧੀਨ ਇਕ ਇਮਾਰਤ ਕੋਲ ਇੱਕ ਨੌਜਵਾਨ ਨੂੰ ਨਸ਼ੀਲੇ ਪਦਾਰਥ ਦਾ ਸੇਵਨ ਕਰਦੇ ਹੋਏ ਕਾਬੂ ਕੀਤਾ ਗਿਆ। ਅਲਜ਼ਾਮ ਹਨ ਕਿ ਗ੍ਰਿਫ਼ਤਾਰ ਵਿਅਕਤੀ ਪਾਰਸ ਕੁਮਾਰ ਉਰਫ ਪ੍ਰਿੰਸ ਵਾਸੀ ਚਰਖਾ ਕਾਲੋਨੀ, ਮੁਕੇਰੀਆਂ ਨਸ਼ੇ ਦੀ ਵਰਤੋਂ ਕਰ ਰਿਹਾ ਸੀ। ਉਸ ਪਾਸੋਂ ਨਸ਼ੇ ਨਾਲ ਸੰਬੰਧਤ ਸਮੱਗਰੀ ਬਰਾਮਦ ਹੋਣ ਦੀ ਗੱਲ ਪੁਲਿਸ ਨੇ ਕਹੀ ਹੈ। ਪੁਲਿਸ ਅਨੁਸਾਰ ਥਾਣਾ ਮਾਹਿਲਪੁਰ ਦੀ ਟੀਮ ਨੇ ਟੂਟੋ ਮਜਾਰਾ ਰੋਡ ’ਤੇ ਗਸ਼ਤ ਦੌਰਾਨ ਇੱਕ ਨੌਜਵਾਨ ਨੂੰ ਪੁਲਿਸ ਪਾਰਟੀ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਕਾਬੂ ਕੀਤਾ। ਤਲਾਸ਼ੀ ਦੌਰਾਨ ਉਸ ਪਾਸੋਂ 55 ਨਸ਼ੀਲੀਆਂ ਗੋਲ਼ੀਆਂ ਬਰਾਮਦ ਹੋਈਆਂ। ਪੁਲਿਸ ਨੇ ਕਿਹਾ ਕਿ ਗ੍ਰਿਫਤਾਰ ਵਿਅਕਤੀ ਨਵਜੋਤ ਸਿੰਘ ਉਰਫ ਕਰਨ ਵਾਸੀ ਹਿਆਤਪੁਰ ਹੈ। ਪੁਲਿਸ ਨੇ ਦੱਸਿਆ ਕਿ ਥਾਣਾ ਹਰਿਆਣਾ ਦੀ ਪੁਲਿਸ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਸੀਕਰੀ ਰੋਡ ਨੇੜੇ ਕਾਰਵਾਈ ਕਰਦਿਆਂ ਬਨਵਾਰੀ ਲਾਲ ਉਰਫ ਮੰਨਾ ਵਾਸੀ ਬੁੱਲੋਵਾਲ ਨੂੰ ਨਸ਼ੇ ਦਾ ਸੇਵਨ ਕਰਦੇ ਹੋਏ ਕਾਬੂ ਕੀਤਾ ਗਿਆ। ਇਲਜ਼ਾਮ ਹਨ ਕਿ ਉਸ ਪਾਸੋਂ ਨਸ਼ੇ ਦੀ ਵਰਤੋਂ ਲਈ ਵਰਤੀ ਜਾ ਰਹੀ ਸਮੱਗਰੀ ਬਰਾਮਦ ਹੋਈ। ਇਸੇ ਤਰ੍ਹਾਂ, ਪੁਲਿਸ ਅਨੁਸਾਰ ਥਾਣਾ ਬੁੱਲੋਵਾਲ ਦੀ ਟੀਮ ਨੇ ਗਸ਼ਤ ਦੌਰਾਨ ਸ਼ਮਸ਼ਾਨ ਘਾਟ ਨੇੜੇ ਇੱਕ ਵਿਅਕਤੀ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ। ਤਲਾਸ਼ੀ ਦੌਰਾਨ ਉਸ ਪਾਸੋਂ 135 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲਿਸ ਨੇ ਕਿਹਾ ਕਿ ਗ੍ਰਿਫਤਾਰ ਵਿਅਕਤੀ ਦੀ ਪਛਾਣ ਸੰਦੀਪ ਕੁਮਾਰ ਉਰਫ ਬੱਚੀ ਵਾਸੀ ਸ਼ਾਮ ਚੁਰਾਸੀ ਵਜੋਂ ਹੋਈ ਹੈ। ਪੁਲਿਸ ਅਨੁਸਾਰ ਸਾਰੇ ਮਾਮਲਿਆਂ ਵਿੱਚ ਐਨ.ਡੀ.ਪੀ.ਐਸ ਐਕਟ ਹੇਠ ਕੇਸ ਦਰਜ ਕਰਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ।