ਹੁਸ਼ਿਆਰਪੁਰ ’ਚ ਈਵੀਐੱਮ ਗੋਦਾਮਾਂ ਦਾ ਲਿਆ ਜਾਇਜ਼ਾ
ਹੁਸ਼ਿਆਰਪੁਰ ’ਚ ਈ.ਵੀ.ਐਮ. ਗੋਦਾਮਾਂ ਦਾ ਮਹੀਨਾਵਾਰ ਨਿਰੀਖਣ
Publish Date: Fri, 30 Jan 2026 04:26 PM (IST)
Updated Date: Sat, 31 Jan 2026 04:04 AM (IST)
-ਰਿਕਾਰਡ, ਲਾਗ ਬੁੱਕਾਂ ਤੇ ਐਂਟਰੀ ਰਜਿਸਟਰਾਂ ਦੀ ਕੀਤੀ ਜਾਂਚ
-ਗੋਦਾਮਾਂ ਦੀ ਸੁਰੱਖਿਆ ਵਿਵਸਥਾ ਅਤੇ ਪ੍ਰਬੰਧਾਂ ਦਾ ਲਿਆ ਜਾਇਜ਼ਾ
ਸੰਜੀਵ ਸੂਦ, ਪੰਜਾਬੀ ਜਾਗਰਣ,
ਹੁਸ਼ਿਆਰਪੁਰ : ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਅਤੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰ ’ਤੇ ਸਥਾਪਿਤ ਈ.ਵੀ.ਐਮ. ਗੋਦਾਮਾਂ ਦਾ ਮਹੀਨਾਵਾਰ ਨਿਰੀਖਣ ਜਨਵਰੀ 2026 ਲਈ ਬਿਨਾਂ ਖੋਲ੍ਹੇ ਕੀਤਾ ਗਿਆ। ਇਸ ਮੌਕੇ ਸਹਾਇਕ ਕਮਿਸ਼ਨਰ ਪਰਮਪ੍ਰੀਤ ਸਿੰਘ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।
ਨਿਰੀਖਣ ਦੌਰਾਨ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਸਾਰੇ ਸੰਬੰਧਿਤ ਰਿਕਾਰਡ, ਲਾਗ ਬੁੱਕਾਂ ਅਤੇ ਐਂਟਰੀ ਰਜਿਸਟਰਾਂ ਦੀ ਵੀ ਬਰੀਕੀ ਨਾਲ ਜਾਂਚ ਕੀਤੀ ਗਈ। ਅਧਿਕਾਰੀਆਂ ਨੇ ਗੋਦਾਮਾਂ ਦੀ ਸੁਰੱਖਿਆ ਵਿਵਸਥਾ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਇਸ ਮੌਕੇ ਸਹਾਇਕ ਕਮਿਸ਼ਨਰ ਪਰਮਪ੍ਰੀਤ ਸਿੰਘ ਨੇ ਕਿਹਾ ਕਿ ਈ.ਵੀ.ਐਮ. ਗੋਦਾਮਾਂ ਦਾ ਮਹੀਨਾਵਾਰ ਨਿਰੀਖਣ ਇੱਕ ਨਿਯਮਤ ਅਤੇ ਜ਼ਰੂਰੀ ਪ੍ਰਕਿਰਿਆ ਹੈ, ਜਿਸ ਦਾ ਮੁੱਖ ਉਦੇਸ਼ ਚੋਣ ਪ੍ਰਕਿਰਿਆ ਦੀ ਨਿਰਪੱਖਤਾ, ਸੁਰੱਖਿਆ ਅਤੇ ਪਾਰਦਰਸ਼ਤਾ ਨੂੰ ਕਾਇਮ ਰੱਖਣਾ ਹੈ। ਉਨ੍ਹਾਂ ਸੰਤੁਸ਼ਟੀ ਜਤਾਈ ਕਿ ਜ਼ਿਲ੍ਹੇ ਵਿੱਚ ਗੋਦਾਮ ਪ੍ਰਬੰਧ ਉੱਚਤਮ ਮਾਪਦੰਡਾਂ ਅਨੁਸਾਰ ਪਾਏ ਗਏ ਹਨ।
ਇਸ ਦੌਰਾਨ ਮੌਜੂਦ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੇ ਵੀ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਕੀਤੀ ਜਾ ਰਹੀ ਇਹ ਪ੍ਰਕਿਰਿਆ ਲੋਕਤੰਤਰਿਕ ਪ੍ਰਣਾਲੀ ਵਿੱਚ ਜਨਤਾ ਦੇ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰਦੀ ਹੈ ਅਤੇ ਈ.ਵੀ.ਐਮਜ਼ ਦੀ ਨਿਰਪੱਖਤਾ ਬਾਰੇ ਫੈਲ ਰਹੀਆਂ ਗਲਤ ਧਾਰਨਾਵਾਂ ਨੂੰ ਦੂਰ ਕਰਨ ਵਿੱਚ ਸਹਾਇਕ ਸਾਬਤ ਹੁੰਦੀ ਹੈ।
ਇਸ ਮੌਕੇ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਰਜਨੀਸ਼ ਟੰਡਨ, ਭਾਰਤੀ ਜਨਤਾ ਪਾਰਟੀ ਤੋਂ ਭੂਸ਼ਨ ਕੁਮਾਰ ਸ਼ਰਮਾ, ਆਮ ਆਦਮੀ ਪਾਰਟੀ ਤੋਂ ਜੈ ਰਾਮ, ਸ਼੍ਰੋਮਣੀ ਅਕਾਲੀ ਦਲ ਤੋਂ ਜਗਤਾਰ ਸਿੰਘ ਤੋਂ ਇਲਾਵਾ ਸਹਾਇਕ ਨੋਡਲ ਅਫ਼ਸਰ ਈ.ਵੀ.ਐਮਜ਼ ਜਸਪਾਲ ਸਿੰਘ ਅਤੇ ਰੁਪਿੰਦਰਪਾਲ ਸਿੰਘ, ਤਹਿਸੀਲਦਾਰ (ਚੋਣਾਂ) ਹਰਮਿੰਦਰ ਸਿੰਘ, ਚੋਣ ਕਾਨੂੰਗੋ ਦੀਪਕ ਕੁਮਾਰ ਅਤੇ ਲਖਵੀਰ ਸਿੰਘ ਆਦਿ ਹਾਜ਼ਰ ਸਨ।