ਡੀਏਵੀ ਕਾਲਜ ਹੁਸ਼ਿਆਰਪੁਰ ’ਚ ਅੰਤਰਰਾਸ਼ਟਰੀ ਸੈਮੀਨਾਰ
ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਵਿੱਚ ‘ਸਿੱਖਿਆ: ਪੂਰਨਤਾ ਦੀ ਅਭਿਵਿਅਕਤੀ’ ਵਿਸ਼ੇ ’ਤੇ ਅੰਤਰ-ਰਾਸ਼ਟਰੀ ਸੈਮੀਨਾਰ
Publish Date: Sat, 24 Jan 2026 07:54 PM (IST)
Updated Date: Sun, 25 Jan 2026 04:19 AM (IST)

ਸਟਾਫ ਰਿਪੋਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਅਤੇ ਜ਼ਿਲ੍ਹਾ ਸਿੱਖਿਆ ਤੇ ਪ੍ਰਸ਼ਿਕਸ਼ਣ ਸੰਸਥਾ (ਡਾਈਟ) ਹੁਸ਼ਿਆਰਪੁਰ ਵੱਲੋਂ ਸਾਂਝੇ ਤੌਰ ’ਤੇ “ਸਿੱਖਿਆ: ਪੂਰਨਤਾ ਦੀ ਅਭਿਵਿਅਕਤੀ- ਇੱਕ ਸਮੱਗਰਿਕ ਅਤੇ ਗਲੋਕਲ ਦ੍ਰਿਸ਼ਟੀਕੋਣ” ਵਿਸ਼ੇ ’ਤੇ ਇੱਕ ਰੋਜ਼ਾ ਅੰਤਰ-ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਦੀ ਸ਼ੁਰੂਆਤ ਦੀਪ ਪ੍ਰਜਵਲਨ ਅਤੇ ਮਹਿਮਾਨਾਂ ਦੇ ਰਸਮੀ ਸਵਾਗਤ ਨਾਲ ਹੋਈ। ਕਾਲਜ ਦੇ ਪ੍ਰਿੰਸੀਪਲ ਪ੍ਰੋ. (ਡਾ.) ਵਿਨੈ ਕੁਮਾਰ ਨੇ ਆਪਣੇ ਸਵਾਗਤੀ ਸੰਬੋਧਨ ਵਿੱਚ ਕਿਹਾ ਕਿ ਸਮੱਗਰਿਕ ਸਿੱਖਿਆ ਹੀ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਚੁਣੌਤੀਆਂ ਨਾਲ ਨਜਿੱਠਣ ਦੇ ਯੋਗ ਬਣਾਉਂਦੀ ਹੈ। ਡਾ. ਸ਼ਿਖਾ ਸ਼ਰਮਾ ਨੇ ਡਾਈਟ ਅਤੇ ਡੀ.ਏ.ਵੀ. ਕਾਲਜ ਦੇ ਸਾਂਝੇ ਅਕਾਦਮਿਕ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ, ਜਦਕਿ ਡਾ. ਵਰਸ਼ਾ ਮਹਿੰਦਰਾ ਨੇ ਸੈਮੀਨਾਰ ਦੀ ਵਿਸਥਾਰਕ ਰੂਪ-ਰੇਖਾ ਪੇਸ਼ ਕੀਤੀ। ਸੈਮੀਨਾਰ ਦੇ ਪ੍ਰਧਾਨਗੀ ਭਾਸ਼ਣ ਵਿੱਚ ਡਾ. ਅਨੂਪ ਕੁਮਾਰ ਨੇ ਕਿਹਾ ਕਿ ਸਿੱਖਿਆ ਨੂੰ ਨੈਤਿਕ ਮੁੱਲਾਂ, ਜੀਵਨ ਕੌਸ਼ਲਾਂ ਅਤੇ ਸਮਾਜਿਕ ਜ਼ਿੰਮੇਵਾਰੀਆਂ ਨਾਲ ਜੋੜਨਾ ਸਮੇਂ ਦੀ ਲੋੜ ਹੈ। ਉਦਘਾਟਨੀ ਭਾਸ਼ਣ ਵਿੱਚ ਪ੍ਰੋ. ਰਵੀ ਇੰਦਰ ਸਿੰਘ, ਡੀਨ ਕਾਲਜ ਡਿਵੈਲਪਮੈਂਟ ਕੌਂਸਲ, ਪੰਜਾਬ ਯੂਨੀਵਰਸਿਟੀ ਨੇ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਬਦਲਾਅਕਾਰੀ ਦ੍ਰਿਸ਼ਟੀਕੋਣ ’ਤੇ ਰੋਸ਼ਨੀ ਪਾਈ। ਯੂਨੀਵਰਸਿਟੀ ਆਫ ਸੰਡਰਲੈਂਡ (ਯੂ.ਕੇ.) ਦੇ ਸੀਨੀਅਰ ਲੈਕਚਰਾਰ ਡਾ. ਵਿਪਿਨ ਨੱਢਾ ਨੇ ਆਨਲਾਈਨ ਕੁੰਜੀਵਿਤ ਭਾਸ਼ਣ ਵਿੱਚ ਕਿਹਾ ਕਿ ਅਸਲੀ ਸਿੱਖਿਆ ਵਿਅਕਤੀ ਅੰਦਰ ਮੌਜੂਦ ਪੂਰਨਤਾ ਦੀ ਅਭਿਵਿਅਕਤੀ ਹੈ, ਨਾ ਕਿ ਸਿਰਫ਼ ਪ੍ਰੀਖਿਆ-ਕੇਂਦਰਿਤ ਪੜ੍ਹਾਈ। ਡਾ. ਬਲਬੀਰ ਸਿੰਘ ਜਮਵਾਲ ਨੇ ਵਿਸ਼ੇਸ਼ ਭਾਸ਼ਣ ਵਿੱਚ ਸਿੱਖਿਆ ਨੂੰ ਵਿਅਕਤੀਗਤ ਉਤਕ੍ਰਿਸ਼ਟਤਾ ਅਤੇ ਸਮਾਜਕ ਸਦਭਾਵਨਾ ਨਾਲ ਜੋੜਿਆ। ਤਕਨੀਕੀ ਸੈਸ਼ਨ ਹਾਈਬ੍ਰਿਡ ਮੋਡ ਵਿੱਚ ਕਰਵਾਏ ਗਏ, ਜਿਨ੍ਹਾਂ ਦੀ ਪ੍ਰਧਾਨਗੀ ਡਾ. ਸਵਿਤਾ ਗੁਪਤਾ, ਡਾ. ਪਵਨ ਕੁਮਾਰ ਅਤੇ ਨਿਧੀ ਸ਼ਰਮਾ ਨੇ ਕੀਤੀ। ਇਨ੍ਹਾਂ ਸੈਸ਼ਨਾਂ ਦੌਰਾਨ ਲਗਭਗ 22 ਰਿਸਰਚ ਪੇਪਰ ਪੜ੍ਹੇ ਗਏ। ਸਮਾਪਤੀ ਸੈਸ਼ਨ ਦੀ ਪ੍ਰਧਾਨਗੀ ਪ੍ਰੋ. (ਡਾ.) ਜਤਿੰਦਰ ਗਰੋਵਰ ਨੇ ਕੀਤੀ ਅਤੇ ਸੈਮੀਨਾਰ ਨੂੰ ਗਿਆਨਵਰਧਕ ਅਤੇ ਸਫਲ ਕਰਾਰ ਦਿੱਤਾ। ਇਸ ਮੌਕੇ ਸੈਮੀਨਾਰ ਦਾ ਸੋਵੀਨਿਅਰ ਵੀ ਜਾਰੀ ਕੀਤਾ ਗਿਆ। ਸੈਮੀਨਾਰ ਦੀ ਰਿਪੋਰਟ ਰਾਜ ਕੁਮਾਰੀ ਨੇ ਪੇਸ਼ ਕੀਤੀ ਅਤੇ ਧੰਨਵਾਦ ਪ੍ਰਸਤਾਵ ਅੰਕੁਰ ਸੂਦ ਵੱਲੋਂ ਦਿੱਤਾ ਗਿਆ। ਸੈਮੀਨਾਰ ਵਿੱਚ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਤੋਂ ਵੱਡੀ ਗਿਣਤੀ ਵਿੱਚ ਡੈਲੀਗੇਟ ਸ਼ਾਮਲ ਹੋਏ।