ਸਰਕਾਰੀ ਕਾਲਜ ’ਚ ਗਣਤੰਤਰ ਦਿਵਸ ਮੌਕੇ ਜਾਗਰੂਕਤਾ ਪ੍ਰੋਗਰਾਮ
ਸਰਕਾਰੀ ਕਾਲਜ ਹੁਸ਼ਿਆਰਪੁਰ ਵਿੱਚ ਰਾਸ਼ਟਰੀ ਵੋਟਰ ਦਿਵਸ ਅਤੇ ਗਣਤੰਤਰ ਦਿਵਸ ਮੌਕੇ ਜਾਗਰੂਕਤਾ ਪ੍ਰੋਗਰਾਮ
Publish Date: Sat, 24 Jan 2026 07:27 PM (IST)
Updated Date: Sun, 25 Jan 2026 04:19 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸਰਕਾਰੀ ਕਾਲਜ, ਹੁਸ਼ਿਆਰਪੁਰ ਵਿੱਚ ਰਾਸ਼ਟਰੀ ਵੋਟਰ ਦਿਵਸ ਅਤੇ ਗਣਤੰਤਰ ਦਿਵਸ ਦੇ ਮੌਕੇ ਵਿਦਿਆਰਥੀਆਂ ਵਿੱਚ ਲੋਕਤੰਤਰਕ ਮੁੱਲਾਂ ਅਤੇ ਸੰਵਿਧਾਨਕ ਜਾਗਰੂਕਤਾ ਪੈਦਾ ਕਰਨ ਲਈ ਵਿਸ਼ੇਸ਼ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ। ਇਹ ਸਮਾਰੋਹ ਕਾਲਜ ਦੇ ਪ੍ਰਿੰਸੀਪਲ ਡਾ. ਗਗਨਦੀਪ ਚੀਮਾ ਦੀ ਅਗਵਾਈ ਹੇਠ ਰੈੱਡ ਰਿਬਨ ਕਲੱਬ ਇੰਚਾਰਜ ਪ੍ਰੋ. ਵਿਜੇ ਕੁਮਾਰ ਅਤੇ ਐਨ.ਐਸ.ਐਸ. ਪ੍ਰੋਗਰਾਮ ਅਫਸਰ ਪ੍ਰੋ. ਰਣਜੀਤ ਕੁਮਾਰ ਦੇ ਸਹਿਯੋਗ ਨਾਲ ਕਰਵਾਏ ਗਏ। ਇਨ੍ਹਾਂ ਪ੍ਰੋਗਰਾਮਾਂ ਦੌਰਾਨ ਸੈਮੀਨਾਰ, ਪੋਸਟਰ ਮੁਕਾਬਲੇ, ਸਹੁੰ ਚੁੱਕ ਸਮਾਰੋਹ ਅਤੇ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਵੋਟ ਦੇ ਅਧਿਕਾਰ, ਸੰਵਿਧਾਨ ਅਤੇ ਨਾਗਰਿਕ ਕਰਤੱਵਾਂ ਬਾਰੇ ਸਚੇਤ ਕਰਨਾ ਸੀ। ਰਾਸ਼ਟਰੀ ਵੋਟਰ ਦਿਵਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਪ੍ਰੋ. ਵਿਜੇ ਕੁਮਾਰ ਨੇ ਵਿਦਿਆਰਥੀਆਂ ਨੂੰ ਵੋਟ ਬਣਵਾਉਣ ਅਤੇ ਆਪਣੀ ਵੋਟ ਦਾ ਸਹੀ, ਇਮਾਨਦਾਰ ਅਤੇ ਨਿਡਰਤਾ ਨਾਲ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਜਾਗਰੂਕ ਵੋਟਰ ਹੀ ਦੇਸ਼ ਦੀ ਵਾਗਡੋਰ ਸਹੀ ਹੱਥਾਂ ਵਿੱਚ ਸੌਂਪ ਸਕਦਾ ਹੈ। ਇਸ ਮੌਕੇ ਵਿਦਿਆਰਥੀਆਂ ਨੂੰ ਇਮਾਨਦਾਰੀ ਨਾਲ ਵੋਟ ਪਾਉਣ ਦੀ ਸਹੁੰ ਵੀ ਚੁਕਾਈ ਗਈ। ਗਣਤੰਤਰ ਦਿਵਸ ਸੰਬੰਧੀ ਗੱਲ ਕਰਦਿਆਂ ਪ੍ਰੋ. ਵਿਜੇ ਕੁਮਾਰ ਨੇ ਦੱਸਿਆ ਕਿ 26 ਜਨਵਰੀ ਨੂੰ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੀ, ਜਿਸ ਨਾਲ ਸਾਨੂੰ ਆਪਣੇ ਅਧਿਕਾਰਾਂ ਅਤੇ ਕਰਤੱਵਾਂ ਦੀ ਸਮਝ ਮਿਲੀ ਅਤੇ ਦੇਸ਼ ਦੀ ਸ਼ਾਸਨ ਪ੍ਰਣਾਲੀ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸੰਵਿਧਾਨ ਦੇ ਨਿਯਮਾਂ ਦੀ ਪਾਲਣਾ ਕਰਨ ਦਾ ਸੰਦੇਸ਼ ਵੀ ਦਿੱਤਾ। ਇਸ ਮੌਕੇ ਅਸਿਸਟੈਂਟ ਪ੍ਰੋ. ਰਣਜੀਤ ਕੁਮਾਰ, ਬਿੰਦੂ ਸ਼ਰਮਾ, ਕੁਲਵਿੰਦਰ ਕੌਰ, ਸ਼ਚੀ, ਧਰਮਵੀਰ, ਸੂਰਜ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।