ਹੁਸ਼ਿਆਰਪੁਰ ਫੇਰੀ ਦੌਰਾਨ ਮੁੱਖ ਮੰਤਰੀ ਨੂੰ ਵਿਖਾਈਆਂ ਜਾਣਗੀਆਂ ਕਾਲੀਆਂ ਝੰਡੀਆਂ
ਹੁਸ਼ਿਆਰਪੁਰ ਫੇਰੀ ਦੌਰਾਨ ਮੁੱਖ ਮੰਤਰੀ ਨੂੰ ਵਿਖਾਈਆਂ ਜਾਣਗੀਆਂ ਕਾਲੀਆਂ ਝੰਡੀਆਂ
Publish Date: Sat, 24 Jan 2026 07:25 PM (IST)
Updated Date: Sun, 25 Jan 2026 04:19 AM (IST)

ਮਹੇਸ਼ਵਰ ਕੁਮਾਰ ਛਾਬੜਾ, ਪੰਜਾਬੀ ਜਾਗਰਣ, ਨਸਰਾਲਾ: ਰੋਸ ਪ੍ਰਦਰਸ਼ਨ ਲਈ ਬਲਾਕਾਂ ਦੀਆਂ ਕੀਤੀਆਂ ਜਾ ਰਹੀਆਂ ਮੀਟਿੰਗਾਂ ਚ ਲਾਮਬੰਦੀ ਕਰਦੇ ਹੋਏ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਕੰਨਵੀਨਰ ਸੰਜੀਵ ਧੂਤ ਅਤੇ ਜ਼ਿਲ੍ਹਾ ਜਨਰਲ ਸਕੱਤਰ ਤਿਲਕ ਰਾਜ ਨੇ ਦੱਸਿਆ ਕਿ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਅਤੇ ਸੀ. ਪੀ. ਐੱਫ. ਯੂਨੀਅਨ ਵੱਲੋਂ ਗਣਤੰਤਰ ਦਿਹਾੜੇ ਦੇ ਮੌਕੇ ਤੇ ਮੁੱਖ ਮੰਤਰੀ ਮਾਨ ਨੂੰ ਹੁਸ਼ਿਆਰਪੁਰ ਫੇਰੀ ਦੌਰਾਨ ਕਾਲੀਆਂ ਝੰਡੀਆਂ ਦਿਖਾ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਜ਼ਿਲਾ ਕੰਨਵੀਨਰ ਸੰਜੀਵ ਧੂਤ ਅਤੇ ਜ਼ਿਲ੍ਹਾ ਜਨਰਲ ਸਕੱਤਰ ਤਿਲਕ ਰਾਜ ਨੇ ਕਿਹਾ ਕਿ ਪੰਜਾਬ ਵਿਚ ਬਣੀ ਆਪ ਸਰਕਾਰ ਨੂੰ ਸੱਤਾ ਵਿਚ ਆਏ ਕਰੀਬ 4 ਸਾਲ ਹੋ ਗਏ ਹਨ। ਸੱਤਾ ’ਚ ਆਉਣ ਤੋਂ ਪਹਿਲਾਂ ਸਰਕਾਰ ਨੇ 2004 ਤੋਂ ਬਾਅਦ ਸਰਕਾਰੀ ਸੇਵਾ ਵਿਚ ਆਏ ਕਰੀਬ 2 ਲੱਖ ਕਰਮਚਾਰੀਆਂ ਨਾਲ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਵਾਅਦਾ ਕੀਤਾ ਸੀ, ਜੋ ਅੱਜ ਤੱਕ ਵਫਾ ਨਹੀਂ ਹੋਇਆ। ਪੰਜਾਬ ਸਰਕਾਰ ਵੱਲੋਂ ਇਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਨਵੰਬਰ 2022 ਵਿਚ ਇਕ ਅਧੂਰਾ ਨੋਟੀਫਕੇਸ਼ਨ ਵੀ ਜਾਰੀ ਕੀਤਾ ਗਿਆ ਪ੍ਰੰਤੂ ਇਹ ਮਹਿਜ ਇਕ ਕਾਗਜ਼ ਦਾ ਟੁਕੜਾ ਬਣ ਕੇ ਰਹਿ ਗਿਆ। ਕਰੀਬ ਸਾਢੇ 3 ਸਾਲ ਹੋ ਗਏ ਹਨ ਪਰ ਨਾ ਤਾਂ ਕਰਮਚਾਰੀਆਂ ਦੇ ਐੱਨ.ਪੀ.ਐੱਸ. ਖਾਤੇ ਅਜੇ ਤੱਕ ਬੰਦ ਹੋਏ ਹਨ ਅਤੇ ਨਾ ਹੀ ਸਰਕਾਰੀ ਕਰਮਚਾਰੀਆਂ ਦੇ ਜੀਪੀ ਖਾਤੇ ਖੋਲ੍ਹੇ ਗਏ, ਜਿਸ ਕਾਰਨ ਪੰਜਾਬ ਦੇ ਮੁਲਾਜ਼ਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੁਲਾਜ਼ਮਾਂ ਦਾ ਇਹ ਰੋਸ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਵਾਟਰਲੂ ਸਿੱਧ ਹੋਵੇਗਾ। ਉਹਨਾਂ ਦੱਸਿਆ ਕਿ 26 ਜਨਵਰੀ ਨੂੰ ਮੁੱਖ ਮੰਤਰੀ ਵਿਰੁੱਧ ਰੋਸ ਪ੍ਰਦਰਸ਼ਨ ਲਈ ਬਲਾਕਾਂ ਦੀਆਂ ਮੀਟਿੰਗਾਂ ਤੇ ਲਾਮਬੰਦੀ ਕੀਤੀ ਜਾ ਰਹੀ ਹੈ। ਇਸ ਮੌਕੇ ਸੀਨੀਅਰ ਆਗੂ ਪ੍ਰਿਤਪਾਲ ਪਾਲ ਸਿੰਘ ਚੌਟਾਲਾ, ਵਰਿੰਦਰ ਵਿੱਕੀ, ਪ੍ਰਿੰਸ ਗੜ੍ਹਦੀਵਾਲ, ਸੰਜੀਵ ਧੂਤ, ਸਚਿਨ ਕੁਮਾਰ, ਕਰਮਜੀਤ ਸਿੰਘ, ਜਗਵਿੰਦਰ ਸਿੰਘ, ਸਰਬਜੀਤ ਸਿੰਘ, ਵਿਕਾਸ ਸ਼ਰਮਾ, ਦਵਿੰਦਰ ਹੁਸ਼ਿਆਰਪੁਰ, ਸਤੀਸ਼ ਕੁਮਾਰ, ਸਚਿਨ ਕੁਮਾਰ, ਨਰਿੰਦਰ ਅਜਨੋਹਾ, ਰਜੇਸ਼ ਅਰੋੜਾ, ਰਜਤ ਮਹਾਜਨ, ਰਣਵੀਰ ਸਿੰਘ, ਗੁਰਵਿੰਦਰ ਜੱਜ ਆਦਿ ਕਰਮਚਾਰੀ ਹਾਜ਼ਰ ਸਨ।