ਨਾਕਾਬੰਦੀ ਦੌਰਾਨ 3 ਨੌਜਵਾਨ ਕਾਬੂ, ਦੇਸੀ ਪਿਸਤੌਲ ਤੇ ਜ਼ਿੰਦਾ ਰੌਂਦ ਬਰਾਮਦ
ਦਸੂਹਾ ਵਿੱਚ ਨਾਕਾਬੰਦੀ ਦੌਰਾਨ ਤਿੰਨ ਨੌਜਵਾਨ ਕਾਬੂ, ਦੇਸੀ ਪਿਸਤੌਲ, ਜਿੰਦਾ ਰੌਂਦ, ਬਲੈਕ ਸਪਰੇਅ ਤੇ ਕਥਿਤ ਚੋਰੀ ਦੀ ਮੋਟਰਸਾਈਕਲ ਬਰਾਮਦ
Publish Date: Sat, 24 Jan 2026 06:35 PM (IST)
Updated Date: Sun, 25 Jan 2026 04:13 AM (IST)

ਬਲੈਕ ਸਪਰੇਅ ਤੇ ਕਥਿਤ ਚੋਰੀ ਦੀ ਮੋਟਰਸਾਈਕਲ ਵੀ ਹੋਇਆ ਬਰਾਮਦ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਥਾਣਾ ਦਸੂਹਾ ਦੀ ਪੁਲਿਸ ਨੇ ਸ਼ਨੀਵਾਰ ਨੂੰ ਨਾਕਾਬੰਦੀ ਤੇ ਚੈਕਿੰਗ ਦੌਰਾਨ 3 ਕਥਿਤ ਨੌਜਵਾਨਾਂ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਇੱਕ ਕਥਿਤ ਗੈਰ-ਕਾਨੂੰਨੀ ਦੇਸੀ ਪਿਸਤੌਲ, 5 ਜ਼ਿੰਦਾ ਰੌਂਦ, ਇੱਕ ਖਿਡੌਣਾ ਏਅਰ ਪਿਸਤੌਲ, 3 ਬਲੈਕ ਸਪਰੇਅ ਦੀਆਂ ਬੋਤਲਾਂ ਤੇ ਬਿਨਾਂ ਨੰਬਰ ਦੀ ਕਥਿਤ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤੀ ਹੈ। ਮੁੱਖ ਅਫਸਰ ਥਾਣਾ ਦਸੂਹਾ ਸਬ-ਇੰਸਪੈਕਟਰ ਬਲਜਿੰਦਰ ਸਿੰਘ ਮੱਲ੍ਹੀ ਅਨੁਸਾਰ ਸਹਾਇਕ ਸਬ-ਇੰਸਪੈਕਟਰ ਸੁਰੇਸ਼ ਕੁਮਾਰ ਦੀ ਅਗਵਾਈ ਹੇਠ ਇੱਕ ਪੁਲਿਸ ਟੀਮ ਪਿੰਡ ਬੱਲਗਣ ਰੋਡ ਨੇੜੇ ਬਿਜਲੀ ਘਰ ਕੋਲ ਨਾਕਾਬੰਦੀ ਕਰ ਰਹੀ ਸੀ। ਇਸ ਦੌਰਾਨ ਦਸੂਹਾ ਸ਼ਹਿਰ ਵੱਲੋਂ ਆ ਰਹੀ ਇੱਕ ਕਾਲੇ ਰੰਗ ਦੀ ਬਿਨਾਂ ਨੰਬਰ ਮੋਟਰਸਾਈਕਲ ’ਤੇ ਸਵਾਰ 3 ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਉਹ ਪੁਲਿਸ ਨੂੰ ਦੇਖ ਕੇ ਮੋਟਰਸਾਈਕਲ ਪਿੱਛੇ ਵੱਲ ਮੋੜ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਤਿੰਨਾਂ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਉਨ੍ਹਾਂ ਨੇ ਆਪਣੇ ਨਾਂ ਅਰਸ਼ਨੂਰ ਸਿੰਘ ਵਾਸੀ ਹਲਵਾਰਾ, ਜ਼ਿਲ੍ਹਾ ਲੁਧਿਆਣਾ, ਗਗਨਦੀਪ ਉਰਫ ਗਗਨ ਵਾਸੀ ਮਹਿਤਾ ਚੌਕ, ਅਮ੍ਰਿਤਸਰ ਤੇ ਅਭੀ ਵਾਸੀ ਮੁਹੱਲਾ ਗਿਲਵਾਲੀ ਗੇਟ ਗੁੱਜਰਪੁਰਾ, ਅਮ੍ਰਿਤਸਰ ਦੱਸੇ। ਤਲਾਸ਼ੀ ਦੌਰਾਨ ਪੁਲਿਸ ਨੇ ਦੱਸਿਆ ਕਿ ਅਰਸ਼ਨੂਰ ਸਿੰਘ ਦੇ ਕਬਜ਼ੇ ’ਚੋਂ ਇੱਕ ਦੇਸੀ ਪਿਸਤੌਲ ਬਰਾਮਦ ਹੋਇਆ, ਜਿਸ ਨੂੰ ਅਨਲੋਡ ਕਰਨ ’ਤੇ ਉਸ ਵਿੱਚੋਂ ਪੰਜ ਜ਼ਿੰਦਾ ਰੌਂਦ ਮਿਲੇ, ਜਦਕਿ ਗਗਨਦੀਪ ਕੋਲੋਂ ਇੱਕ ਖਿਡੌਣਾ ਏਅਰ ਪਿਸਤੌਲ ਬਰਾਮਦ ਕੀਤਾ ਗਿਆ। ਤੀਜੇ ਨੌਜਵਾਨ ਅਭੀ ਕੋਲ ਮੌਜੂਦ ਲਿਫਾਫੇ ’ਚੋਂ 3 ਬਲੈਕ ਸਪਰੇਅ ਦੀਆਂ ਬੋਤਲਾਂ ਬਰਾਮਦ ਹੋਈਆਂ। ਮੋਟਰਸਾਈਕਲ ਬਾਰੇ ਪੁੱਛਣ ’ਤੇ ਅਰਸ਼ਨੂਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਇਹ ਮੋਟਰਸਾਈਕਲ ਕਥਿਤ ਤੌਰ ’ਤੇ ਚੋਰੀ ਦੀ ਹੈ ਤੇ ਇਸ ਸਬੰਧੀ ਕੋਈ ਕਾਗਜ਼ਾਤ ਉਨ੍ਹਾਂ ਕੋਲ ਨਹੀਂ ਹਨ। ਪੁਲਿਸ ਨੇ ਸਾਰੀ ਬਰਾਮਦਗੀ ਨੂੰ ਕਾਨੂੰਨੀ ਪ੍ਰਕਿਰਿਆ ਤਹਿਤ ਕਬਜ਼ੇ ’ਚ ਲੈ ਕੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ ਤੇ ਅਸਲਾ ਐਕਟ ਦੀਆਂ ਸਬੰਧਤ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।