ਆਕਸੀਜਨ ਕੰਸਨਟ੍ਰੇਟਰ ਭਾਈ ਘਨੱਈਆਂ ਜੀ ਚੈਰੀਟੇਬਲ ਲੈਬ ਨੂੰ ਸੌਂਪੇ
ਰੋਟਰੀ ਕਲੱਬ ਹੁਸ਼ਿਆਰਪੁਰ ਮਿਡਟਾਊਨ ਨੂੰ ਪਲਾਨੋ ਮੈਟਰੋ ਯੂਐਸਏ ਤੋਂ ਮਿਲੇ ਦੋ ਆਕਸੀਜਨ ਕਨਸਨਟ੍ਰੇਟਰ,
Publish Date: Sat, 24 Jan 2026 05:15 PM (IST)
Updated Date: Sun, 25 Jan 2026 04:08 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਮਨੁੱਖੀ ਸੇਵਾ ਦੀ ਦਿਸ਼ਾ ’ਚ ਇੱਕ ਹੋਰ ਸ਼ਲਾਘਾਯੋਗ ਕਦਮ ਚੁੱਕਦਿਆਂ ਰੋਟਰੀ ਕਲੱਬ ਹੁਸ਼ਿਆਰਪੁਰ ਮਿਡਟਾਊਨ ਨੂੰ ਅਮਰੀਕਾ ਸਥਿਤ ਰੋਟਰੀ ਕਲੱਬ ਪਲਾਨੋ ਮੈਟਰੋ ਯੂਐਸਏ ਵੱਲੋਂ 2 ਆਕਸੀਜਨ ਕੰਸਨਟ੍ਰੇਟਰ ਪ੍ਰਾਪਤ ਹੋਏ ਹਨ। ਇਹ ਜੀਵਨ-ਰੱਖਿਆਕਾਰੀ ਉਪਕਰਣ ਰੋਟੇਰੀਅਨ ਸੰਜੀਵ ਖੰਨਾ ਦੇ ਸਹਿਯੋਗ ਨਾਲ ਭੇਟ ਕੀਤੇ ਗਏ ਹਨ, ਜਿਨ੍ਹਾਂ ਦਾ ਮਕਸਦ ਜ਼ਰੂਰਤਮੰਦ ਤੇ ਗੰਭੀਰ ਬਿਮਾਰ ਮਰੀਜ਼ਾਂ ਨੂੰ ਸਮੇਂ ਸਿਰ ਆਕਸੀਜਨ ਸਹੂਲਤ ਮੁਹੱਈਆ ਕਰਵਾਉਣਾ ਹੈ। ਰੋਟਰੀ ਕਲੱਬ ਵੱਲੋਂ ਆਯੋਜਿਤ ਇੱਕ ਸਾਦੇ ਸਮਾਗਮ ਦੌਰਾਨ ਇਹ ਦੋਵੇਂ ਆਕਸੀਜਨ ਕੰਸਨਟ੍ਰੇਟਰ ਭਾਈ ਘਨੱਈਆਂ ਜੀ ਚੈਰੀਟੇਬਲ ਲੈਬ, ਹੁਸ਼ਿਆਰਪੁਰ ਨੂੰ ਸੌਂਪੇ ਗਏ। ਇਸ ਮੌਕੇ ਕਲੱਬ ਦੇ ਪ੍ਰਧਾਨ ਰੋਟੇਰੀਅਨ ਅਵਤਾਰ ਸਿੰਘ ਨੇ ਕਿਹਾ ਕਿ ਰੋਟਰੀ ਕਲੱਬ ਸਮਾਜ-ਸੇਵਾ ਨੂੰ ਸਭ ਤੋਂ ਵੱਡੀ ਤਰਜੀਹ ਦਿੰਦਾ ਹੈ ਤੇ ਸਿਹਤ ਖੇਤਰ ’ਚ ਸਹਿਯੋਗ ਕਰਨਾ ਕਲੱਬ ਦੀ ਲਗਾਤਾਰ ਵਚਨਬੱਧਤਾ ਦਾ ਅਹੰਮ ਹਿੱਸਾ ਹੈ। ਉਨ੍ਹਾਂ ਕਿਹਾ ਕਿ ਆਕਸੀਜਨ ਕੰਸਨਟ੍ਰੇਟਰ ਅੱਜ ਦੇ ਸਮੇਂ ’ਚ ਬਹੁਤ ਹੀ ਜ਼ਰੂਰੀ ਮੈਡੀਕਲ ਉਪਕਰਣ ਹਨ, ਜਿਨ੍ਹਾਂ ਨਾਲ ਸਾਹ ਸਬੰਧੀ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਨੂੰ ਘਰ ’ਤੇ ਹੀ ਵੱਡੀ ਰਾਹਤ ਮਿਲ ਸਕਦੀ ਹੈ। ਖ਼ਾਸ ਕਰ ਕੇ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਲਈ ਇਹ ਸਹੂਲਤ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਇਸ ਮੌਕੇ ਰੋਟੇਰੀਅਨ ਇੰਦਰਪਾਲ ਸਚਦੇਵਾ, ਜਗਮੀਤ ਸੇਠੀ, ਜਸਵੰਤ ਸਿੰਘ ਭੋਗਲ, ਮਨੋਜ ਓਹਰੀ, ਜੋਗਿੰਦਰ ਸਿੰਘ, ਰਾਕੇਸ਼ ਕਪੂਰ, ਡੀਪੀ ਕਠੂਰੀਆ ਤੇ ਰਜਨੀਸ਼ ਗੁਲਿਆਨੀ ਹਾਜ਼ਰ ਰਹੇ। ਸਾਰੇ ਮੈਂਬਰਾਂ ਨੇ ਰੋਟਰੀ ਕਲੱਬ ਪਲਾਨੋ ਮੈਟਰੋ ਯੂਐੱਸਏ ਤੇ ਰੋਟੇਰੀਅਨ ਸੰਜੀਵ ਖੰਨਾ ਦਾ ਧੰਨਵਾਦ ਕੀਤਾ। ਕਲੱਬ ਵੱਲੋਂ ਦੱਸਿਆ ਗਿਆ ਕਿ ਜਿਨ੍ਹਾਂ ਮਰੀਜ਼ਾਂ ਨੂੰ ਆਕਸੀਜਨ ਕੰਸਨਟ੍ਰੇਟਰ ਦੀ ਲੋੜ ਹੋਵੇ, ਉਹ ਭਾਈ ਘਨੱਈਆ ਜੀ ਚੈਰਿਟੇਬਲ ਲੈਬ, ਹੁਸ਼ਿਆਰਪੁਰ ਨਾਲ ਸੰਪਰਕ ਕਰ ਸਕਦੇ ਹਨ। ਭਵਿੱਖ ’ਚ ਵੀ ਰੋਟਰੀ ਕਲੱਬ ਸਿਹਤ, ਸਿੱਖਿਆ ਤੇ ਸਮਾਜ ਕਲਿਆਣ ਨਾਲ ਜੁੜੇ ਅਜਿਹੇ ਸੇਵਾ ਪ੍ਰੋਜੈਕਟ ਲਗਾਤਾਰ ਜਾਰੀ ਰੱਖੇਗਾ।