ਸਰਕਾਰੀ ਸਿਹਤ ਬੀਮਾ ਯੋਜਨਾ ਨੂੰ ‘ਆਪ’ ਨੇ ਕੀਤਾ ਹਾਈਜੈਕ : ਤੀਕਸ਼ਣ ਸੂਦ
ਸਰਕਾਰੀ ਸਿਹਤ ਬੀਮਾ ਯੋਜਨਾ ਨੂੰ ਆਮ ਆਦਮੀ ਪਾਰਟੀ ਨੇ ਚੋਣ ਲਾਭ ਲਈ ਕੀਤਾ ਹਾਈਜੈਕ: ਤੀਕਸ਼ਣ ਸੂਦ
Publish Date: Sat, 24 Jan 2026 04:44 PM (IST)
Updated Date: Sun, 25 Jan 2026 04:05 AM (IST)

ਕਿਹਾ- ਫੰਡਾਂ ਦੀ ਕਮੀ ਕਾਰਨ ਯੋਜਨਾ ਅਜੇ ਵੀ ਸਵਾਲਾਂ ਦੇ ਘੇਰੇ ’ਚ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਪੰਜਾਬ ਸਰਕਾਰ ਵੱਲੋਂ ਹਰ ਨਾਗਰਿਕ ਨੂੰ 10 ਲੱਖ ਰੁਪਏ ਤੱਕ ਮੁਫ਼ਤ ਇਲਾਜ ਦੇ ਦਾਅਵੇ ਨਾਲ ਸ਼ੁਰੂ ਕੀਤੀ ਗਈ ਸਰਕਾਰੀ ਸਿਹਤ ਬੀਮਾ ਯੋਜਨਾ ਨੂੰ ਆਮ ਆਦਮੀ ਪਾਰਟੀ ਨੇ ਆਉਣ ਵਾਲੀਆਂ ਚੋਣਾਂ ਵਿੱਚ ਰਾਜਨੀਤਕ ਲਾਭ ਹਾਸਲ ਕਰਨ ਲਈ ਹਾਈਜੈਕ ਕਰ ਲਿਆ ਹੈ। ਇਹ ਦੋਸ਼ ਸਾਬਕਾ ਮੰਤਰੀ ਪੰਜਾਬ ਅਤੇ ਭਾਜਪਾ ਦੇ ਸੀਨੀਅਰ ਨੇਤਾ ਤੀਕਸ਼ਣ ਸੂਦ ਨੇ ਜਾਰੀ ਪ੍ਰੈਸ ਨੋਟ ਰਾਹੀਂ ਲਗਾਏ। ਤੀਕਸ਼ਣ ਸੂਦ ਨੇ ਕਿਹਾ ਕਿ ਸਥਾਨਕ ਵਿਧਾਇਕ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਯੋਜਨਾ ਲਈ ਰਜਿਸਟ੍ਰੇਸ਼ਨ ਆਮ ਆਦਮੀ ਪਾਰਟੀ ਦੇ ਯੂਥ ਕੋਆਰਡੀਨੇਟਰ ਦੀ ਮੋਬਾਈਲ ਐਪ ਰਾਹੀਂ ਨਿਕਲੀ ਪਰਚੀ ਦੇ ਅਧਾਰ ‘ਤੇ ਹੀ ਕਮਿਊਨਿਟੀ ਹੈਲਥ ਸੈਂਟਰਾਂ ਵਿੱਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਸਾਫ਼ ਹੈ ਕਿ ਇਹ ਯੋਜਨਾ ਜਨਹਿੱਤ ਦੀ ਥਾਂ ਚੋਣ ਪ੍ਰਚਾਰ ਲਈ ਚਲਾਈ ਜਾ ਰਹੀ ਹੈ। ਉਨ੍ਹਾਂ ਸਵਾਲ ਉਠਾਇਆ ਕਿ ਜਦੋਂ ਭਾਜਪਾ ਦੇ ਵਰਕਰ ਕੇਂਦਰੀ ਸਕੀਮਾਂ ਤਹਿਤ ਕੈਂਪ ਲਗਾ ਕੇ ਕਾਰਡ ਬਣਾ ਰਹੇ ਸਨ, ਉਸ ਸਮੇਂ ਆਮ ਆਦਮੀ ਪਾਰਟੀ ਦੇ ਨੇਤਾਵਾਂ ਵੱਲੋਂ ਡਾਟਾ ਚੋਰੀ ਦੇ ਦੋਸ਼ ਲਗਾ ਕੇ ਕੈਂਪ ਬੰਦ ਕਰਵਾਏ ਗਏ। ਹੁਣ ਜਦੋਂ ਉਹੀ ਕੰਮ ਪਾਰਟੀ ਦੇ ਯੂਥ ਕੋਆਰਡੀਨੇਟਰ ਕਰ ਰਹੇ ਹਨ ਤਾਂ ਇਹ ਕਿਵੇਂ ਠੀਕ ਹੈ? ਸੂਦ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਸੂਬੇ ਦੀ ਸਿਹਤ ਪ੍ਰਣਾਲੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਪ੍ਰਾਇਮਰੀ ਅਤੇ ਕਮਿਊਨਿਟੀ ਹੈਲਥ ਸੈਂਟਰਾਂ ਨੂੰ ਨਜ਼ਰਅੰਦਾਜ਼ ਕਰਕੇ ਆਮ ਆਦਮੀ ਕਲੀਨਿਕ ਖੋਲ੍ਹੇ ਗਏ, ਜਿਸ ਨਾਲ ਸਿਹਤ ਢਾਂਚਾ ਅਸਤ-ਵਿਆਸਤ ਹੋ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ 16 ਮੈਡੀਕਲ ਕਾਲਜ ਖੋਲ੍ਹਣ ਦੇ ਦਾਅਵੇ ਸਿਰਫ਼ ਪ੍ਰਚਾਰ ਤੱਕ ਸੀਮਤ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਵਿੱਚ ਮੈਡੀਕਲ ਕਾਲਜ ਦੀ ਮਨਜ਼ੂਰੀ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਸੀ ਅਤੇ 60 ਫੀਸਦੀ ਹਿੱਸੇ ਦੇ ਤੌਰ ‘ਤੇ 260 ਕਰੋੜ ਰੁਪਏ ਵੀ ਭੇਜੇ ਗਏ, ਪਰ ਪੰਜਾਬ ਸਰਕਾਰ ਵੱਲੋਂ ਆਪਣਾ 40 ਫੀਸਦੀ ਹਿੱਸਾ ਨਾ ਪਾਉਣ ਕਾਰਨ ਰਕਮ ਤਿੰਨ ਸਾਲ ਬਾਅਦ ਵਾਪਸ ਭੇਜਣੀ ਪਈ, ਜਿਸ ਨਾਲ ਪ੍ਰੋਜੈਕਟ ਠੰਡੇ ਬਸਤੇ ‘ਚ ਪੈ ਗਿਆ। ਭਾਜਪਾ ਨੇਤਾ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਆਯੁਸ਼ਮਾਨ ਭਾਰਤ ਯੋਜਨਾ ਤਹਿਤ 5 ਲੱਖ ਰੁਪਏ ਤੱਕ ਮੁਫ਼ਤ ਇਲਾਜ ਲਈ ਵੀ ਪੰਜਾਬ ਸਰਕਾਰ ਆਪਣਾ ਹਿੱਸਾ ਨਹੀਂ ਪਾ ਸਕੀ, ਜਿਸ ਕਾਰਨ ਯੋਜਨਾ ਠੱਪ ਰਹੀ। ਅਜਿਹੇ ਵਿੱਚ 10 ਲੱਖ ਰੁਪਏ ਤੱਕ ਮੁਫ਼ਤ ਇਲਾਜ ਦਾ ਦਾਅਵਾ ਕਿਵੇਂ ਪੂਰਾ ਕੀਤਾ ਜਾਵੇਗਾ, ਜਦੋਂ ਕਿ ਪੰਜਾਬ ਸਰਕਾਰ ‘ਤੇ ਇਸ ਵੇਲੇ 4.35 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਉਨ੍ਹਾਂ ਕਿਹਾ ਕਿ ਵਿੱਤੀ ਤੰਗੀ ਕਾਰਨ ਸਰਕਾਰ ਨਾ ਤਾਂ ਔਰਤਾਂ ਨੂੰ 1000 ਰੁਪਏ ਮਹੀਨਾ ਦੇ ਸਕੀ ਹੈ, ਨਾ ਕਰਮਚਾਰੀਆਂ ਨੂੰ ਡੀਏ ਅਤੇ ਨਾ ਹੀ ਬਿਜਲੀ ਸਬਸਿਡੀ ਦੇ ਬਕਾਏ ਅਦਾ ਕਰ ਸਕੀ ਹੈ। ਇਸ ਮੌਕੇ ਤੀਕਸ਼ਣ ਸੂਦ ਦੇ ਨਾਲ ਮੌਜੂਦ ਭਾਜਪਾ ਨੇਤਾਵਾਂ ਸ਼ਿਵ ਸੂਦ, ਵਿਜੇ ਪਠਾਨੀਆ, ਸਤੀਸ਼ ਵਾਵਾ, ਵਿਨੋਦ ਪਰਮਾਰ, ਸੰਜੂ ਅਰੋੜਾ, ਰਮੇਸ਼ ਠਾਕੁਰ, ਯਸ਼ਪਾਲ ਸ਼ਰਮਾ ਅਤੇ ਦੀਕਸ਼ਾਂਤ ਠਾਕੁਰ ਨੇ ਕਿਹਾ ਕਿ ਇਸ ਯੋਜਨਾ ਵਿੱਚ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰਾਜ ਏਜੰਸੀ ਵੱਲੋਂ ਸਿਰਫ਼ 1 ਲੱਖ ਰੁਪਏ ਦਾ ਬੀਮਾ ਕਵਰ ਜਾਰੀ ਕੀਤਾ ਗਿਆ ਹੈ, ਜਦਕਿ ਬਾਕੀ ਰਕਮ ਕਿੱਥੋਂ ਆਵੇਗੀ, ਇਸ ਬਾਰੇ ਕੋਈ ਸਪੱਸ਼ਟਤਾ ਨਹੀਂ। ਉਨ੍ਹਾਂ ਕਿਹਾ ਕਿ ਇਹ ਯੋਜਨਾ ਸਿਰਫ਼ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਲਾਂਚ ਕੀਤੀ ਗਈ ਹੈ, ਜਿਸ ਦਾ ਪੰਜਾਬ ਦੇ ਲੋਕਾਂ ਦੀ ਸਿਹਤ ਨਾਲ ਕੋਈ ਸਿੱਧਾ ਸਬੰਧ ਨਹੀਂ।