ਮੀਂਹ ਪੈਣ ਨਾਲ ਪਤੰਗਬਾਜ਼ੀ ਕਰਨ ਦਾ ਮੌਕਾ ਨਾ ਮਿਲ ਸਕਿਆ
ਮੀਂਹ ਪੈਣ ਨਾਲ ਕਸਬਾ ਹਰਿਆਣਾ ਦੇ ਪਤੰਗਵਾਜ਼ਾਂ ਨੂੰ ਪਤੰਗਬਾਜ਼ੀ ਕਰਨ ਦਾ ਮੌਕਾ ਨਾ ਮਿਲ ਸਕਿਆ
Publish Date: Fri, 23 Jan 2026 07:24 PM (IST)
Updated Date: Sat, 24 Jan 2026 04:13 AM (IST)

ਖੇਤੀਬਾੜੀ ਮਾਹਿਰਾਂ ਮੁਤਾਬਕ ਸਰਦੀਆਂ ’ਚ ਪਿਆ ਮੀਂਹ ਹਾੜ੍ਹੀ ਦੀਆਂ ਫਸਲਾਂ ਲਈ ਲਾਹੇਵੰਦ ਕਮਲ, ਪੰਜਾਬੀ ਜਾਗਰਣ, ਹਰਿਆਣਾ : ਅੱਜ ਕਸਬਾ ਹਰਿਆਣਾ ਵਿੱਚ ਬਸੰਤ ਪੰਚਮੀ ਦੇ ਮੌਕੇ ਭਾਰੀ ਮੀਂਹ ਪੈਣ ਕਾਰਨ ਪਤੰਗ ਬਾਜੀ ਕਰਨ ਵਾਲਿਆਂ ਪਤੰਗਬਾਜਾਂ ਦਾ ਜੋਸ਼ ਮੱਠਾ ਪੈ ਗਿਆ। ਅਤੇ ਪੂਰੇ ਕਸਬੇ ਅਤੇ ਨਾਲ ਦੇ ਪਿੰਡਾਂ ਵਿੱਚ ਭਾਰੀ ਮੀਂਹ ਅਤੇ ਬਰਸਾਤ ਕਾਰਨ ਕਿਸੇ ਪਾਸੇ ਕੋਈ ਵੀ ਪਤੰਗ ਚੜ੍ਹਦਾ ਨਜ਼ਰ ਨਹੀਂ ਆਇਆ। ਇੱਥੇ ਦੱਸਣ ਯੋਗ ਹੈ ਕਿ ਕਸਬਾ ਹਰਿਆਣਾ ਵਿੱਚ ਪੁਰਾਣੇ ਸਮਿਆਂ ਤੋਂ ਹੀ ਲੋਕਾਂ ਵਿੱਚ ਪਤੰਗਬਾਜ਼ੀ ਕਰਨ ਦਾ ਰੁਝਾਨ ਪ੍ਰਚਲਤ ਰਿਹਾ ਹੈ। ਬਸੰਤ ਪੰਚਮੀ ਮੌਕੇ ਜਿੱਥੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵੱਖ ਵੱਖ ਤਰ੍ਹਾਂ ਦੇ ਧਾਰਮਿਕ ਅਤੇ ਸਮਾਜਿਕ ਪ੍ਰੋਗਰਾਮ ਦੇਖਣ ਨੂੰ ਮਿਲਦੇ ਹਨ। ਉੱਥੇ ਕਸਬਾ ਹਰਿਆਣਾ ਵਿੱਚ ਪਤੰਗਬਾਜ਼ੀ ਕਰਨ ਦੇ ਸ਼ਕੀਨਾ ਵੱਲੋਂ ਆਪਣੇ ਘਰਾਂ ਦੀਆਂ ਛੱਤਾਂ ’ਤੇ ਚੜ੍ਹ ਕੇ ਪਤੰਗਬਾਜ਼ੀ ਕੀਤੀ ਜਾਂਦੀ ਰਹੀ ਹੈ ਤੇ ਇਸ ਕਸਬੇ ਵਿੱਚ ਪਤੰਗਬਾਜ਼ੀ ਕਰਨ ਦੇ ਸ਼ੌਕੀਨ ਦੂਰੋ ਦੂਰੋ ਆਪਣੇ ਰਿਸ਼ਤੇਦਾਰਾਂ ਕੋਲ ਇਸ ਮਕਸਦ ਵਾਸਤੇ ਹੀ ਆਉਂਦੇ ਹਨ। ਲੋਕਾਂ ਵਿੱਚ ਪਤੰਗਬਾਜ਼ੀ ਦਾ ਸ਼ੌਕ ਹੋਣ ਕਰਕੇ ਕਸਬਾ ਹਰਿਆਣਾ ਵਿਖੇ ਪਤੰਗ ਅਤੇ ਡੋਰਾਂ ਵੇਚਣ ਵਾਲਿਆਂ ਵੱਲੋਂ ਹਰ ਸਾਲ ਇਉਹਾਰ ਮੌਕੇ ਪਤੰਗ ਅਤੇ ਡੋਰਾਂ ਵੇਚ ਕੇ ਲੱਖਾਂ ਰੁਪਈਆਂ ਦਾ ਕਾਰੋਬਾਰ ਕੀਤਾ ਜਾਂਦਾ ਹੈ। ਇਸ ਕਸਬੇ ਵਿੱਚ ਪੁਰਾਣੇ ਸਮਿਆਂ ਤੋਂ ਹੀ ਪਤੰਗਬਾਜ਼ੀ ਦਾ ਰੁਝਾਨ ਹੋਣ ਕਰਕੇ ਆਲੇ ਦੁਆਲੇ ਦੇ ਪਿੰਡਾਂ ਦੇ ਨੌਜਵਾਨਾਂ ਅਤੇ ਬੱਚਿਆਂ ਵਿੱਚ ਵੀ ਬਸੰਤ ਪੰਚਮੀ ਦੇ ਮੌਕੇ ਪਤੰਗਬਾਜ਼ੀ ਕਰਨ ਅਤੇ ਪਤੰਗਾਂ ਦੇ ਪੇਚੇ ਲਾਉਣ ਦਾ ਰੁਝਾਨ ਪੈਦਾ ਹੋਇਆ ਹੈ। ਇਸੇ ਕਰ ਕੇ ਬਸੰਤ ਪੰਚਮੀ ਦੇ ਤਿਉਹਾਰ ਮੌਕੇ ਆਲੇ ਦੁਆਲੇ ਦੇ ਪਿੰਡਾਂ ਦੇ ਪਤੰਗਬਾਜ਼ ਵੀ ਇਸ ਕਸਬੇ ਤੋਂ ਹਜ਼ਾਰਾਂ ਰੁਪਇਆ ਦੇ ਪਤੰਗ ਅਤੇ ਡੋਰਾਂ ਖਰੀਦਦੇ ਹਨ। ਪਿਛਲੇ ਕੁਝ ਸਮੇਂ ਤੋਂ ਬਸੰਤ ਪੰਚਮੀ ਦੇ ਦਿਨਾਂ ਵਿੱਚ ਪਤੰਗਬਾਜ਼ੀ ਕਰਨ ਲਈ ਵਰਤੀ ਜਾਂਦੀ ਚਾਈਨਾ ਡੋਰ ਕਰਕੇ ਭਾਵੇਂ ਲੋਕਾਂ ਅਤੇ ਪੰਛੀਆਂ ਲਈ ਚਾਈਨਾ ਡੋਰ ਦੀ ਵਰਤੋਂ ਨੁਕਸਾਨਦਾਇਕ ਸਾਬਤ ਹੋਈ ਹੈ ਪਰ ਪਤੰਗ ਚੜਾਉਣ ਦੇ ਸ਼ੌਕੀਨਾਂ ਵੱਲੋਂ ਇਸ ਡੋਰਾਂ ਦੀ ਵਰਤੋਂ ਧੜੱਲੇ ਨਾਲ ਕੀਤੀ ਜਾਂਦੀ ਹੈ। ਭਾਵੇਂ ਪਿਛਲੇ ਦਿਨਾਂ ਵਿੱਚ ਹੁਸ਼ਿਆਰਪੁਰ ਦੇ ਪ੍ਰਸ਼ਾਸਨ ਵੱਲੋਂ ਚਾਈਨਾ ਡੋਰ ਦੀ ਵਰਤੋਂ ਨੂੰ ਲੈ ਕੇ ਕਾਫੀ ਸਖ਼ਤੀ ਕੀਤੀ ਗਈ ਸੀ ।ਪਰ ਇਸ ਦੇ ਬਾਵਜੂਦ ਵੀ ਪਤੰਗਾਂ ਦੇ ਸ਼ੌਕੀਨਾਂ ਵੱਲੋਂ ਚੋਰੀ ਛਿਪੇ ਪਤੰਗਬਾਜ਼ੀ ਕਰਨ ਲਈ ਚਾਈਨਾ ਡੋਰ ਦੀ ਖਰੀਦਦਾਰੀ ਕੀਤੀ ਜਾਂਦੀ ਰਹੀ ਹੈ। ਭਾਵੇਂ ਬਸੰਤ ਵਾਲੇ ਦਿਨ ਹੋਈ ਭਾਰੀ ਬਰਸਾਤ ਕਰਕੇ ਕੁਦਰਤ ਨੇ ਪਤੰਗ ਬਾਜਾਂ ਨੂੰ ਚਾਈਨਾ ਡੋਰ ਦੀ ਵਰਤੋਂ ਕਰਨ ਤੋਂ ਰੋਕ ਲਿਆ ਹੈ। ਪਰ ਇਸ ਦੇ ਨਾਲ ਚਾਈਨਾ ਡੋਰ ਨਾਲ ਪਸ਼ੂ ,ਪੰਛੀਆਂ ਅਤੇ ਇਨਸਾਨਾਂ ਦੇ ਹੋਣ ਵਾਲੇ ਨੁਕਸਾਨ ਤੋਂ ਵੀ ਬਚਾ ਹੋ ਗਿਆ ਹੈ। ਦੂਜੇ ਪਾਸੇ ਖੇਤੀਬਾੜੀ ਮਾਹਿਰਾਂ ਮੁਤਾਬਕ ਸਰਦੀਆਂ ਦੀ ਰੁੱਤ ਵਿੱਚ ਹੋਈ ਇਸ ਭਰਮੀ ਬਰਸਾਤ ਨਾਲ ਕਣਕ, ਸਰੋਂ ਅਤੇ ਹੋਰ ਹਾੜ੍ਹੀ ਦੀਆਂ ਫਸਲਾਂ ਨੂੰ ਕਾਫੀ ਲਾਭ ਹੋਣ ਦੀ ਸੰਭਾਵਨਾ ਹੈ ਅਤੇ ਇਸ ਬਰਸਾਤ ਨਾਲ ਹਾੜ੍ਹੀ ਦੀਆਂ ਫਸਲਾਂ ਦਾ ਝਾੜ ਵੱਧਣ ਦੀ ਸੰਭਾਵਨਾ ਬਣ ਗਈ ਹੈ ।ਬਾਗਵਾਨੀ ਮਾਹਿਰਾਂ ਮੁਤਾਬਕ ਪਿਛਲੇ ਕਈ ਮਹੀਨਿਆਂ ਤੋਂ ਪੈ ਰਹੀ ਸੁੱਕੀ ਠੰਡ ਇਸ ਭਰਮੀ ਬਰਸਾਤ ਨਾਲ ਧੋਤੀ ਗਈ ਹੈ, ਜਿਸ ਨਾਲ ਇਲਾਕੇ ਵਿੱਚ ਫਲਦਾਰ ਪੌਦਿਆਂ ਨੂੰ ਚੰਗਾ ਬੂਰ ਪੈਣ ਦੀ ਸੰਭਾਵਨਾ ਬਣ ਗਈ ਹੈ ਸਿਹਤ ਮਾਹਿਰਾਂ ਮੁਤਾਬਕ ਸਰਦ ਰੁੱਤ ਵਿੱਚ ਪਿਛਲੇ ਤਿੰਨ ਚਾਰ ਮਹੀਨਿਆਂ ਤੋਂ ਬਾਅਦ ਪਏ ਮੀਹ ਨਾਲ ਸੁਕੀ ਠੰਡ ਨਾਲ ਚੱਲ ਰਹੀਆਂ ਬਿਮਾਰੀਆਂ ਤੋਂ ਰਾਹਤ ਮਿਲਣ ਦੀ ਸੰਭਾਵਨਾ ਬਣ ਗਈ ਹੈ ।