ਨਾਜਾਇਜ਼ ਸ਼ਰਾਬ ਦੇ ਮਾਮਲਿਆਂ ’ਚ 4 ਵਿਅਕਤੀ ਗ੍ਰਿਫ਼ਤਾਰ
ਆਬਕਾਰੀ ਐਕਟ ਤਹਿਤ ਨਜਾਇਜ਼ ਸ਼ਰਾਬ ਦੇ ਮਾਮਲਿਆਂ ’ਚ 4 ਵਿਅਕਤੀ ਗ੍ਰਿਫ਼ਤਾਰ
Publish Date: Fri, 23 Jan 2026 06:40 PM (IST)
Updated Date: Sat, 24 Jan 2026 04:13 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹਾ ਪੁਲਿਸ ਵੱਲੋਂ ਨਾਜਾਇਜ਼ ਸ਼ਰਾਬ ਦੀ ਤਸਕਰੀ ਅਤੇ ਵਿਕਰੀ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਪਿਛਲੇ 24 ਘੰਟਿਆਂ ਦੌਰਾਨ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਆਬਕਾਰੀ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਕਥਿਤ ਤੌਰ ’ਤੇ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਵੱਡੀ ਮਾਤਰਾ ਵਿੱਚ ਨਜਾਇਜ਼ ਸ਼ਰਾਬ ਬਰਾਮਦ ਹੋਈ ਹੈ। ਪੁਲਿਸ ਨੇ ਦੱਸਿਆ ਕਿ ਥਾਣਾ ਟਾਂਡਾ ਦੀ ਪੁਲਿਸ ਵੱਲੋਂ ਰਾਜੂਵੀਰ ਵਾਸੀ ਦਾਰਾਪੁਰ ਨੂੰ 22,500 ਮਿਲੀਲੀਟਰ ਨਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਗਿਆ। ਪੁਲਿਸ ਮੁਤਾਬਕ ਕਥਿਤ ਤੌਰ ’ਤੇ ਮੁਲਜ਼ਮ ਸ਼ੱਕੀ ਹਾਲਤ ਵਿੱਚ ਵਜਨਦਾਰ ਕੈਨ ਲੈ ਕੇ ਜਾ ਰਿਹਾ ਸੀ। ਉੱਥੇ ਹੀ ਹਾਜੀਪੁਰ ਥਾਣਾ ਪੁਲਿਸ ਨੇ ਅਖਿਲ ਕੁਮਾਰ ਉਰਫ਼ ਅੱਖੁ ਵਾਸੀ ਦਿਲਵਾਲੀ ਕਲਾ ਨੂੰ ਗੱਤਾ ਪੇਟੀ ਵਿੱਚ ਰੱਖੀਆਂ 10 ਬੋਤਲਾਂ ਰੋਇਲ ਸਟੈਗ ਸ਼ਰਾਬ (ਕੁੱਲ 7,500 ਮਿਲੀਲੀਟਰ) ਸਮੇਤ ਗ੍ਰਿਫ਼ਤਾਰ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਕਥਿਤ ਤੌਰ ’ਤੇ ਮੁਲਜ਼ਮ ਨੇ ਪੁਲਿਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਇੰਡਸਟਰੀਅਲ ਫੋਕਲ ਪੁਆਇੰਟ ਪੁਰਹੀਰਾਂ ਥਾਣੇ ਦੀ ਪੁਲਿਸ ਨੇ ਵਿਕਰਮ ਕੁਮਾਰ ਉਰਫ਼ ਕਾਲੂ ਵਾਸੀ ਮੁਹੱਲਾ ਕੀਰਤੀ ਨਗਰ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਰੇਡ ਦੌਰਾਨ 40 ਬੋਤਲਾਂ ਪੰਜਾਬ ਕਲੱਬ ਗੋਲਡ ਵਿਸਕੀ (ਕੁੱਲ 30,000 ਮਿਲੀਲੀਟਰ) ਸਮੇਤ ਕਾਬੂ ਕੀਤਾ। ਪੁਲਿਸ ਮੁਤਾਬਕ ਕਥਿਤ ਤੌਰ ’ਤੇ ਮੁਲਜ਼ਮ ਨਜਾਇਜ਼ ਤੌਰ ’ਤੇ ਸ਼ਰਾਬ ਵੇਚਣ ਦੇ ਧੰਦੇ ਵਿੱਚ ਸ਼ਾਮਲ ਸੀ। ਇਸੇ ਤਰ੍ਹਾਂ ਸਿਟੀ ਥਾਣਾ ਹੁਸ਼ਿਆਰਪੁਰ ਦੀ ਪੁਲਿਸ ਨੇ ਮੋਹਿਤ ਵਾਸੀ ਮੁਹੱਲਾ ਗੋਬਿੰਦਗੜ੍ਹ, ਬਹਾਦਰਪੁਰ ਨੂੰ 24 ਬੋਤਲਾਂ ਦੇਸੀ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ’ਤੇ “ਫਾਰ ਸੇਲ ਇਨ ਹਿਮਾਚਲ ਪ੍ਰਦੇਸ਼” ਦਰਜ ਸੀ। ਪੁਲਿਸ ਮੁਤਾਬਕ ਕਥਿਤ ਤੌਰ ’ਤੇ ਮੁਲਜ਼ਮ ਮਹੰਤਾ ਦੇ ਡੇਰੇ ਨੇੜੇ ਸ਼ਰਾਬ ਵੇਚ ਰਿਹਾ ਸੀ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸਾਰੇ ਮੁਲਜ਼ਮਾਂ ਖ਼ਿਲਾਫ਼ ਸਬੰਧਤ ਥਾਣਿਆਂ ਵਿੱਚ ਆਬਕਾਰੀ ਐਕਟ ਅਧੀਨ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਨਜਾਇਜ਼ ਸ਼ਰਾਬ ਖ਼ਿਲਾਫ਼ ਮੁਹਿੰਮ ਅੱਗੇ ਵੀ ਪੂਰੀ ਸਖ਼ਤੀ ਨਾਲ ਜਾਰੀ ਰਹੇਗੀ।