ਪੁਲਿਸ ਕਰਮਚਾਰੀ ਨਾਲ 1.90 ਲੱਖ ਦੀ ਠੱਗੀ, 2 ਖ਼ਿਲਾਫ਼ ਕੇਸ ਦਰਜ
ਮਾਹਿਲਪੁਰ ’ਚ ਏਟੀਐਮ ਧੋਖਾਧੜੀ, ਪੁਲਿਸ ਕਰਮਚਾਰੀ ਨਾਲ 1.90 ਲੱਖ ਦੀ ਠੱਗੀ; ਦੋ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ
Publish Date: Fri, 23 Jan 2026 06:36 PM (IST)
Updated Date: Sat, 24 Jan 2026 04:12 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਮਾਹਿਲਪੁਰ ਥਾਣਾ ਪੁਲਿਸ ਨੇ ਏਟੀਐਮ ਰਾਹੀਂ ਠੱਗੀ ਦੇ ਮਾਮਲੇ ਵਿੱਚ ਭਾਰਤੀ ਨਿਆਏ ਸੰਹਿਤਾ ਦੀ ਧਾਰਾ 318(2) ਤਹਿਤ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਇਸ ਘਟਨਾ ਵਿੱਚ ਪੰਜਾਬ ਪੁਲਿਸ ਦੇ ਇੱਕ ਹੈਡ ਕਾਂਸਟੇਬਲ ਨਾਲ 1 ਲੱਖ 90 ਹਜ਼ਾਰ ਰੁਪਏ ਦੀ ਠੱਗੀ ਹੋਈ ਹੈ। ਪੁਲਿਸ ਮੁਤਾਬਕ ਨਛੱਤਰ ਸਿੰਘ (55) ਵਾਸੀ ਪਿੰਡ ਬਾੜੀਆਂ ਖੁਰਦ, ਪੰਜਾਬ ਪੁਲਿਸ ਵਿੱਚ ਹੈਡ ਕਾਂਸਟੇਬਲ ਵਜੋਂ ਤਾਇਨਾਤ ਹੈ। ਪੁਲਿਸ ਨੇ ਕਿਹਾ ਕਿ ਨਛੱਤਰ ਸਿੰਘ 4 ਜਨਵਰੀ ਨੂੰ ਸ਼ਾਮ ਕਰੀਬ 6:30 ਵਜੇ ਐਸਬੀਆਈ ਬੈਂਕ ਦੀ ਏਟੀਐਮ ਮਸ਼ੀਨ, ਜੋ ਜੇਜੋ ਰੋਡ ’ਤੇ ਖਾਲਸਾ ਕਾਲਜ ਮਾਹਿਲਪੁਰ ਦੇ ਨੇੜੇ ਸਥਿਤ ਹੈ, ਤੋਂ ਪੈਸੇ ਕੱਢਣ ਗਿਆ ਸੀ। ਪੁਲਿਸ ਨੇ ਦੱਸਿਆ ਕਿ ਨਛੱਤਰ ਸਿੰਘ ਨੇ ਆਪਣਾ ਏਟੀਐਮ ਕਾਰਡ ਮਸ਼ੀਨ ਵਿੱਚ ਪਾ ਕੇ 20 ਹਜ਼ਾਰ ਰੁਪਏ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਰਕਮ ਬਾਹਰ ਨਹੀਂ ਆਈ। ਇਸ ਤੋਂ ਬਾਅਦ ਉਸਨੇ ਦੁਬਾਰਾ ਕਾਰਡ ਪਾ ਕੇ 10 ਹਜ਼ਾਰ ਰੁਪਏ ਕੱਢ ਲਏ। ਪੁਲਿਸ ਮੁਤਾਬਕ ਇਸ ਦੌਰਾਨ ਏਟੀਐੱਮ ਕੈਬਿਨ ’ਚ ਇੱਕ ਨੌਜਵਾਨ ਦੂਜੀ ਮਸ਼ੀਨ ’ਤੇ ਖੜ੍ਹਾ ਸੀ, ਜਦਕਿ ਕਰੀਬ 50 ਸਾਲ ਉਮਰ ਦਾ ਇੱਕ ਹੋਰ ਵਿਅਕਤੀ, ਜਿਸਨੇ ਟੋਪੀ ਪਾਈ ਹੋਈ ਸੀ, ਅੰਦਰ ਆ ਗਿਆ ਅਤੇ ਪੈਸੇ ਕੱਢਣ ਬਾਰੇ ਸੁਝਾਅ ਦੇਣ ਲੱਗ ਪਿਆ। ਪੁਲਿਸ ਨੇ ਕਿਹਾ ਕਿ ਕਥਿਤ ਤੌਰ ’ਤੇ ਦੋਸ਼ੀਆਂ ਨੇ ਗੱਲਾਂ ਵਿੱਚ ਉਲਝਾ ਕੇ ਨਛੱਤਰ ਸਿੰਘ ਦਾ ਏਟੀਐਮ ਪਿੰਨ ਨੰਬਰ ਦੇਖ ਲਿਆ ਅਤੇ ਉਸਦਾ ਏਟੀਐਮ ਕਾਰਡ ਬਦਲ ਲਿਆ। ਪੁਲਿਸ ਨੇ ਦੱਸਿਆ ਕਿ ਅਗਲੇ ਦਿਨ ਸਵੇਰੇ ਜਦੋਂ ਨਛੱਤਰ ਸਿੰਘ ਨੇ ਆਪਣੇ ਮੋਬਾਇਲ ’ਤੇ ਬੈਂਕ ਦੇ ਮੈਸਜ ਵੇਖੇ ਤਾਂ ਪਤਾ ਲੱਗਾ ਕਿ ਉਸ ਦੇ ਖਾਤੇ ਵਿਚੋਂ ਏਟੀਐੱਮ ਰਾਹੀਂ 90 ਹਜ਼ਾਰ ਅਤੇ 1 ਲੱਖ ਰੁਪਏ, ਕੁੱਲ 1 ਲੱਖ 90 ਹਜ਼ਾਰ ਰੁਪਏ ਨਿਕਲ ਚੁੱਕੇ ਸਨ। ਪੁਲਿਸ ਅਨੁਸਾਰ ਕਥਿਤ ਦੋਸ਼ੀ ਘਟਨਾ ਮਗਰੋਂ ਕਾਲੇ ਰੰਗ ਦੀ ਟੀਵੀਐੱਸ ਮੋਟਰਸਾਈਕਲ ’ਤੇ ਫਰਾਰ ਹੋ ਗਏ। ਪੁਲਿਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਦੋਸ਼ੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।