ਰਾਤ ਭਰ ਬਾਰਿਸ਼, ਨੀਵੇਂ ਇਲਾਕਿਆਂ ’ਚ ਭਰਿਆ ਪਾਣੀ
ਹੁਸ਼ਿਆਰਪੁਰ ਵਿੱਚ ਰਾਤ ਭਰ ਬਾਰਿਸ਼, ਨੀਚਲੇ ਇਲਾਕਿਆਂ ਵਿੱਚ ਪਾਣੀ ਭਰਿਆ; ਬਸੰਤ ਮੌਕੇ ਵਪਾਰ ਪ੍ਰਭਾਵਿਤ
Publish Date: Fri, 23 Jan 2026 06:19 PM (IST)
Updated Date: Sat, 24 Jan 2026 04:10 AM (IST)

ਬਸੰਤ ਤਿਉਹਾਰ ਦੇ ਬਾਵਜੂਦ ਸ਼ਹਿਰ ਦੇ ਲੱਗਭਗ ਸਾਰੇ ਬਾਜ਼ਾਰਾਂ ’ਚ ਗਾਹਕਾਂ ਦੀ ਹਾਜ਼ਰੀ ਬਹੁਤ ਘੱਟ ਰਹੀ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹੇ ’ਚ ਕੱਲ੍ਹ ਰਾਤ ਦੌਰਾਨ ਸ਼ੁਰੂ ਹੋਈ ਬਾਰਿਸ਼ ਕਦੀ ਹਲਕੀ ਤੇ ਕਦੀ ਤੇਜ਼ ਪੈਂਦੀ ਰਹੀ, ਜੋ ਸਾਰਾ ਦਿਨ ਰੁਕ-ਰੁਕ ਕੇ ਪੈਂਦੀ ਰਹੀ। ਆਕਾਸ਼ ’ਚ ਬੱਦਲ ਛਾਏ ਰਹੇ। ਬਾਰਿਸ਼ ਕਾਰਨ ਸ਼ਹਿਰ ਦੇ ਕਈ ਨੀਵੇਂ ਇਲਾਕਿਆਂ ’ਚ ਪਾਣੀ ਭਰਨ ਨਾਲ ਆਵਾਜਾਈ ’ਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਬਸੰਤ ਦੇ ਤਿਉਹਾਰ ਦੇ ਬਾਵਜੂਦ ਸ਼ਹਿਰ ਦੇ ਲੱਗਭਗ ਸਾਰੇ ਬਾਜ਼ਾਰਾਂ ’ਚ ਗਾਹਕਾਂ ਦੀ ਹਾਜ਼ਰੀ ਬਹੁਤ ਘੱਟ ਰਹੀ, ਜਿਸ ਨਾਲ ਵਪਾਰ ’ਤੇ ਮਾੜਾ ਅਸਰ ਪਿਆ। ਖ਼ਾਸ ਕਰ ਕੇ ਪਤੰਗ ਤੇ ਡੋਰ ਵੇਚਣ ਵਾਲੇ ਵਪਾਰੀ, ਜੋ ਬਸੰਤ ਦੌਰਾਨ ਸਭ ਤੋਂ ਵੱਧ ਕਾਰੋਬਾਰ ਦੀ ਉਮੀਦ ਕਰਦੇ ਹਨ, ਬਾਰਿਸ਼ ਕਾਰਨ ਵੱਡੇ ਨੁਕਸਾਨ ਦੀ ਗੱਲ ਕਰਦੇ ਨਜ਼ਰ ਆਏ। ਦੂਜੇ ਪਾਸੇ, ਖੇਤੀਬਾੜੀ ਮਾਹਿਰਾਂ ਅਨੁਸਾਰ ਇਹ ਬਾਰਿਸ਼ ਖੜ੍ਹੀਆਂ ਫਸਲਾਂ ਲਈ ਲਾਭਕਾਰੀ ਮੰਨੀ ਜਾ ਰਹੀ ਹੈ ਤੇ ਖ਼ਾਸ ਤੌਰ ’ਤੇ ਕਣਕ ਸਮੇਤ ਹੋਰ ਹਾੜੀ ਦੀਆਂ ਫਸਲਾਂ ਨੂੰ ਇਸ ਨਾਲ ਫਾਇਦਾ ਹੋਣ ਦੀ ਉਮੀਦ ਹੈ। ਸਥਾਨਕ ਨਿਵਾਸੀ ਤੇ ਪਤੰਗ-ਡੋਰ ਵੇਚਣ ਵਾਲੇ ਮਨੀ ਸ਼ਰਮਾ ਨੇ ਦੱਸਿਆ ਕਿ ਬਾਰਿਸ਼ ਕਾਰਨ ਉਨ੍ਹਾਂ ਦਾ ਧੰਦਾ ਲੱਗਭਗ ਠੱਪ ਹੀ ਰਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਬਸੰਤ ਦੇ ਦਿਨ ਸਭ ਤੋਂ ਵੱਧ ਪਤੰਗਾਂ ਤੇ ਡੋਰ ਦੀ ਵਿਕਰੀ ਹੁੰਦੀ ਹੈ ਪਰ ਬਾਰਿਸ਼ ਨੇ ਸਾਰੇ ਸ਼ਹਿਰ ਦੇ ਪਤੰਗ ਵੇਚਣ ਵਾਲਿਆਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਉਨ੍ਹਾਂ ਕਿਹਾ ਕਿ ਲੋਕ ਸਾਲ ’ਚ ਇੱਕ ਵਾਰ ਆਉਣ ਵਾਲੇ ਇਸ ਤਿਉਹਾਰ ਨੂੰ ਬੜੇ ਚਾਅ ਨਾਲ ਮਨਾਉਂਦੇ ਹਨ ਪਰ ਮੌਸਮ ਨੇ ਪਤੰਗਬਾਜ਼ੀ ਦੇ ਸ਼ੌਕੀਨਾਂ ਦਾ ਸਾਰਾ ਜੋਸ਼ ਮਾਰ ਦਿੱਤਾ। ਮਸਤ ਬਾਬਾ ਘਨੱਈਆ ਲਾਲ ਸੰਗੀਤ ਤੇ ਕਲਚਰ ਮਹਾਸਭਾ ਦੇ ਪ੍ਰਬੰਧਕ ਵਿਸ਼ਵਨਾਥ ਬੰਟੀ ਨੇ ਦੱਸਿਆ ਕਿ ਬਸੰਤ ਮੌਕੇ ਬਾਉਲੀ ਬਾਬਾ ਭੰਡਾਰੀ ਵਿਖੇ 23 ਤੇ 24 ਜਨਵਰੀ ਨੂੰ ਮਨਾਇਆ ਜਾ ਰਿਹਾ ਬਸੰਤ ਮੇਲਾ ਭਾਰੀ ਬਾਰਿਸ਼ ਕਾਰਨ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਹੋਣ ਵਾਲਾ ਪ੍ਰੋਗਰਾਮ, ਜਿਸ ’ਚ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਤੋਂ ਵੀ ਪ੍ਰਸਿੱਧ ਪਹਿਲਵਾਨਾਂ ਵੱਲੋਂ ਕੁਸ਼ਤੀ ਦੰਗਲ ’ਚ ਹਿੱਸਾ ਲਿਆ ਜਾਣਾ ਸੀ, ਦੰਗਲ ਮੈਦਾਨ ’ਚ ਪਾਣੀ ਤੇ ਚਿੱਕੜ ਭਰ ਜਾਣ ਕਾਰਨ ਰੱਦ ਕਰਨਾ ਪਿਆ। ਹਾਲਾਂਕਿ ਉਨ੍ਹਾਂ ਸਪੱਸ਼ਟ ਕੀਤਾ ਕਿ 24 ਜਨਵਰੀ ਨੂੰ ਹੋਣ ਵਾਲੇ ਪ੍ਰੋਗਰਾਮ ਯੋਜਨਾ ਮੁਤਾਬਕ ਜਾਰੀ ਰਹਿਣਗੇ। ਚੀਫ਼ ਐਗਰੀਕਲਚਰ ਅਫਸਰ ਡਾ. ਦਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਹੁਣ ਤੱਕ ਹੋਈ ਬਾਰਿਸ਼ ਨਾਲ ਫਸਲਾਂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਕਣਕ ਦੀ ਫਸਲ ਲਈ ਇਸ ਸਮੇਂ ਪਾਣੀ ਦੀ ਲੋੜ ਹੁੰਦੀ ਹੈ ਤੇ ਮੌਜੂਦਾ ਬਾਰਿਸ਼ ਫਸਲਾਂ ਲਈ ਲਾਭਕਾਰੀ ਹੈ। ਉਨ੍ਹਾਂ ਦੱਸਿਆ ਕਿ ਸਬਜ਼ੀਆਂ ਸਮੇਤ ਆਲੂ ਦੀ ਫਸਲ, ਜੋ ਕਿ ਜ਼ਿਲ੍ਹੇ ’ਚ ਘੱਟ ਰਕਬੇ ’ਚ ਲੱਗੀ ਹੋਈ ਹੈ, ਨੂੰ ਵੀ ਇਸ ਬਾਰਿਸ਼ ਨਾਲ ਫਾਇਦਾ ਹੀ ਹੋਵੇਗਾ। ਦੁਆਬਾ ਕਿਸਾਨ ਕਮੇਟੀ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨੇ ਕਿਹਾ ਕਿ ਕਣਕ ਲਈ ਇਹ ਬਾਰਿਸ਼ ਬਹੁਤ ਹੀ ਉਚਿਤ ਹੈ। ਉਨ੍ਹਾਂ ਅਨੁਸਾਰ ਜਿੰਨੀ ਠੰਢ ਵੱਧ ਰਹੇਗੀ, ਉਨੀ ਹੀ ਫਸਲ ਦੀ ਗੁਣਵੱਤਾ ਹੋਰ ਬਿਹਤਰ ਹੋਵੇਗੀ। ਉਨ੍ਹਾਂ ਕਿਹਾ ਕਿ ਮੌਜੂਦਾ ਬਾਰਿਸ਼ ਨਾਲ ਫਸਲਾਂ ਨੂੰ ਨੁਕਸਾਨ ਦੀ ਸੰਭਾਵਨਾ ਘੱਟ ਹੈ। ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਸੀਨੀਅਰ ਮੈਡੀਕਲ ਅਫਸਰ (ਇੰਚਾਰਜ) ਡਾ. ਨਵਜੋਤ ਸਿੰਘ ਨੇ ਕਿਹਾ ਕਿ ਬਾਰਿਸ਼ ਨਾਲ ਤਾਪਮਾਨ ’ਚ ਗਿਰਾਵਟ ਆਈ ਹੈ। ਉਨ੍ਹਾਂ ਲੋਕਾਂ ਨੂੰ ਗਰਮ ਕੱਪੜੇ ਪਹਿਨ ਕੇ ਠੰਢ ਤੋਂ ਬਚਾਅ ਕਰਨ ਦੀ ਅਪੀਲ ਕੀਤੀ।